ਟਿਕਟ ਕੱਟੇ ਜਾਣ ਤੋਂ ਭੜਕੀ ਸਤਵਿੰਦਰ ਬਿੱਟੀ, ਕਾਂਗਰਸ ਖ਼ਿਲਾਫ਼ ਖੋਲ੍ਹਿਆ ਮੋਰਚਾ

Thursday, Jan 27, 2022 - 12:08 PM (IST)

ਟਿਕਟ ਕੱਟੇ ਜਾਣ ਤੋਂ ਭੜਕੀ ਸਤਵਿੰਦਰ ਬਿੱਟੀ, ਕਾਂਗਰਸ ਖ਼ਿਲਾਫ਼ ਖੋਲ੍ਹਿਆ ਮੋਰਚਾ

ਸਾਹਨੇਵਾਲ (ਵੈੱਬ ਡੈਸਕ) : ਕਾਂਗਰਸ ਪਾਰਟੀ ਵੱਲੋਂ ਸਾਹਨੇਵਾਲ ਤੋਂ ਸਾਬਕਾ ਉਮੀਦਵਾਰ ਸਤਵਿੰਦਰ ਬਿੱਟੀ ਦੀ ਵਿਧਾਨ ਸਭਾ ਚੋਣਾਂ ’ਚੋਂ ਦਾਅਵੇਦਾਰੀ ਨਜ਼ਰਅੰਦਾਜ਼ ਕਰਕੇ ਬੀਬੀ ਭੱਠਲ ਦੇ ਜਵਾਈ ਨੂੰ ਟਿਕਟ ਦਿੱਤੇ ਜਾਣ ਤੋਂ ਨਿਰਾਸ਼ ਬਿੱਟੀ ਨੇ ਕਾਂਗਰਸ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬਿੱਟੀ ਨੇ ਕਿਹਾ ਕਿ ਸਾਡਾ ਪਰਿਵਾਰ ਕੱਟੜ ਕਾਂਗਰਸੀ ਹੈ ਅਤੇ ਅਸੀਂ ਪਿਛਲੇ 70 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਾਂ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕੁਝ ਆਂਕੜਿਆਂ ਦੇ ਫ਼ਰਕ ਕਾਰਨ ਪਾਰਟੀ ਨੂੰ ਹਾਰ ਮਿਲੀ ਸੀ ਅਤੇ ਫਿਰ ਵੀ 5 ਸਾਲਾਂ ’ਚ ਮੈਂ ਆਪਣੇ ਹਲਕੇ ’ਚ ਬਹੁਤ ਲਗਨ ਨਾਲ ਕੰਮ ਕੀਤਾ। ਪਿੰਡਾਂ ਦੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਮੈਂ ਕਿੰਨੀ ਮਿਹਨਤ ਕੀਤੀ। ਉਨ੍ਹਾਂ ਕਾਂਗਰਸ ਪਾਰਟੀ 'ਤੇ ਵੱਡਾ ਇਲਜ਼ਾਮ ਲਗਾਉਂਦਿਆ ਕਿਹਾ ਕਿ ਪਾਰਟੀ 'ਚ ਔਰਤਾਂ ਦੀ ਅਹਿਮਤੀਅਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਕਾਰਨਾਂ ਕਰਕੇ ਹੀ ਔਰਤਾਂ ਸਿਆਸਤ ’ਚ ਘੱਟ ਆਉਂਦੀਆਂ ਹਨ।

ਇਹ ਵੀ ਪੜ੍ਹੋ : ਜੇਲ੍ਹ ਤੋਂ ਸੱਤਾ ਦੀ ਖੇਡ, ਹੁਣ ਤੱਕ ਨਹੀਂ ਟੁੱਟਿਆ ਸਿਮਰਨਜੀਤ ਸਿੰਘ ਮਾਨ ਦਾ ਰਿਕਾਰਡ

ਸਾਹਨੇਵਾਲ ਤੋਂ ਮੌਜੂਦਾ ਉਮੀਦਵਾਰ ਬੀਬੀ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਟਿਕਟ ਦਿੱਤੇ ਜਾਣ ’ਤੇ ਵੀ ਸਤਵਿੰਦਰ ਬਿੱਟੀ ਨੇ ਸਵਾਲ ਖੜ੍ਹੇ ਕੀਤੇ ਹਨ।ਉਨ੍ਹਾਂ ਕਿਹਾ ਕਿ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਪਾਰਟੀ ਨੇ ਕੀ ਸੋਚ ਕੇ ਵਿਕਰਮ ਨੂੰ ਟਿਕਟ ਦਿੱਤੀ ਹੈ। ਉਨ੍ਹਾਂ ਚੁਣੌਤੀ ਦਿੱਤੀ ਕਿ ਪਾਰਟੀ ਨੂੰ ਵਿਕਰਮ ਅਤੇ ਮੇਰਾ ਬਾਇਓਡਾਟਾ ਵੇਖਣਾ ਚਾਹੀਦਾ ਹੈ ਅਤੇ ਫਿਰ ਸਾਰਾ ਕੁਝ ਸਾਫ਼ ਹੋ ਜਾਵੇਗਾ ਕਿ ਅਕਾਲੀਆਂ ਖ਼ਿਲਾਫ਼ ਵਿਕਰਮ ਨੇ ਕਿੰਨੀਆਂ ਕੁ ਲੜਾਈਆਂ ਲੜੀਆਂ ਹਨ। ਬਿੱਟੀ ਨੇ ਕਿਹਾ ਕਿ ਕਾਂਗਰਸ ਸਰਕਾਰ ਹੋਣ ਦੇ ਬਾਵਜੂਦ ਸਾਹਨੇਵਾਲ ’ਚ ਅਕਾਲੀ ਦਲ ਆਪਣਾ ਹੱਕ ਜਤਾਉਂਦਾ ਆ ਰਿਹਾ ਹੈ। ਪਿੰਡਾਂ ’ਚ ਜਦ ਕੋਈ ਪ੍ਰੋਗਰਾਮ ਜਾਂ ਉਦਘਾਟਨ ਸਮਾਰੋਹ ਹੁੰਦਾ ਹੈ ਤਾਂ ਅਕਾਲੀ ਲੀਡਰ ਉਦਘਾਟਨ ਕਰਨ ਆਉਂਦੇ ਹਨ। ਉਦੋਂ ਵੀ ਮੈਂ ਅਕਾਲੀਆਂ ਖ਼ਿਲਾਫ਼ ਬੋਲੀ ਕਿ ਕਾਂਗਰਸ ਪਾਰਟੀ 'ਚ ਸ਼ਾਮਲ ਹੋਵੋ ਫਿਰ ਉਦਘਾਟਨ ਸਮਾਰੋਹ ਦਾ ਹਿੱਸਾ ਬਣੋ। ਬਿੱਟੀ ਨੇ ਕਿਹਾ ਕਿ ਅਕਾਲੀ ਦਲ ਤਾਂ ਚਾਹੁੰਦੀ ਹੈ ਕਿ ਕਾਂਗਰਸ ਦਾ ਕੋਈ ਕਮਜ਼ੋਰ ਉਮੀਦਵਾਰ ਖੜ੍ਹਾ ਕੀਤਾ ਜਾਵੇ ਤਾਂ ਜੋ ਸਾਨੂੰ ਬਿਨ੍ਹਾਂ ਲੜਾਈ ਲੜੇ ਜਿੱਤ ਮਿਲ ਸਕੇ ਅਤੇ ਸਾਡੀ ਸਰਕਾਰ ਬਣ ਸਕੇ। ਸਾਡਾ ਹਲਕਾ ਅਕਾਲੀਆਂ ਦੇ ਗੜ੍ਹ ’ਚੋਂ ਨਿਕਲਣਾ ਚਾਹੁੰਦਾ ਹੈ ਪਰ ਜਿੱਥੋਂ ਤੱਕ ਮੇਰਾ ਕਹਿਣਾ ਹੈ ਅਜਿਹੇ ਕਮਜ਼ੋਰ ਉਮੀਦਵਾਰਾਂ ਨੂੰ ਟਿਕਟ ਦੇਣ ਦਾ ਮਤਲਬ ਕਾਂਗਰਸ ਅਤੇ ਅਕਾਲੀਆਂ ਦੀ ਮਿਲੀਭੁਗਤ ਹੋ ਸਕਦੀ ਹੈ।ਬਿੱਟੀ ਨੇ ਆਪਣੇ ਅਗਲੇ ਫ਼ੈਸਲੇ ਦੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਜਲਦ ਹੀ ਪਾਰਟੀ ਕਾਰਕੁਨਾਂ ਨਾਲ ਬੈਠਕ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।ਬਿੱਟੀ ਨੇ ਦਾਅਵਾ ਕੀਤਾ ਕਿ ਸਾਡਾ ਧਰਮ ਹੀ ਲੜਨਾ ਹੈ ਤੇ ਜੇ ਅਕਾਲ ਪੁਰਖ ਨੇ ਚਾਹਿਆ ਤਾਂ ਉਹ ਲੜਨ ਲਈ ਤਿਆਰ ਹੈ।ਬੀਤੇ ਦਿਨ ਪਾਰਟੀ ਵਰਕਰਾਂ ਵੱਲੋਂ ਬੈਠਕ 'ਚ ਸਤਵਿੰਦਰ ਬਿੱਟੀ ਨੂੰ ਆਜ਼ਾਦ ਚੋਣ ਲੜਨ ਦੀ ਸਲਾਹ ਵੀ ਦਿੱਤੀ ਗਈ। ਫ਼ਿਲਹਾਲ ਵੇਖਣਾ ਇਹ ਹੋਵੇਗਾ ਕਿ ਸਤਵਿੰਦਰ ਬਿੱਟੀ ਕੀ ਫ਼ੈਸਲਾ ਲੈਂਦੇ ਹਨ।

 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News