ਹੁਣ ਪਾਕਿਸਤਾਨ ਨਹੀਂ ਜਾਵੇਗਾ ਸਤਲੁਜ-ਬਿਆਸ ਦਾ ਪਾਣੀ
Friday, Jun 15, 2018 - 11:15 AM (IST)

ਬਠਿੰਡਾ— ਸਤਲੁਜ-ਬਿਆਸ ਦਰਿਆਵਾਂ ਦਾ ਪਾਣੀ ਹੁਣ ਪਾਕਿਸਤਾਨ ਨਹੀਂ ਜਾ ਸਕੇਗਾ।ਇਨ੍ਹਾਂ ਦਾ ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ਲਈ ਕੇਂਦਰੀ ਪ੍ਰਾਜੈਕਟ ਸ਼ੁਰੂ ਹੋਣ ਵਾਲਾ ਹੈ।ਕੇਂਦਰ ਸਰਕਾਰ ਨੇ ਦਰਿਆਵਾਂ ਦੇ ਪਾਣੀ ਨੂੰ ਬੰਨ੍ਹਣ ਲਈ ਕੇਂਦਰੀ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਹੁਸੈਨੀਵਾਲਾ ਹੈੱਡਵਰਕਸ ਦੇ ਗੇਟਾਂ ਦੀ ਮੁਰੰਮਤ ਕੀਤੀ ਜਾਣੀ ਹੈ।ਨਹਿਰੀ ਵਿਭਾਗ ਪੰਜਾਬ ਨੇ ਇਨ੍ਹਾਂ ਗੇਟਾਂ ਦੀ ਮੁਰੰਮਤ ਦੇ ਖਰਚ ਦਾ ਅੰਦਾਜ਼ਾ ਤਿਆਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਨਬਾਰਡ ਤਹਿਤ ਇਨ੍ਹਾਂ ਲਈ ਫੰਡ ਦਾ ਪ੍ਰਬੰਧ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਐਲਾਨ—
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਨਵੰਬਰ 2016 ਨੂੰ ਆਪਣੇ ਬਠਿੰਡਾ ਦੌਰੇ ਦੇ ਮੌਕੇ 'ਤੇ ਐਲਾਨ ਕੀਤਾ ਸੀ ਕਿ ਦਰਿਆਵਾਂ ਦਾ ਪਾਣੀ ਪਾਕਿਸਤਾਨ ਨਹੀਂ ਜਾਣ ਦਿਆਂਗੇ। ਹੁਣ ਇਨ੍ਹਾਂ ਦਰਿਆਵਾਂ 'ਤੇ ਬੰਨ ਮਾਰਨ ਨਾਲ ਇਸ ਦਾ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਹੋਵੇਗਾ। ਸਤਲੁਜ ਅਤੇ ਬਿਆਸ ਦਰਿਆ ਦੇ ਪਾਣੀ ਨੂੰ ਪਹਿਲਾਂ ਹਰੀਕੇ ਹੈੱਡਵਰਕਸ 'ਤੇ ਰੋਕਿਆ ਜਾਂਦਾ ਹੈ।ਉਸ ਮਗਰੋਂ ਹੇਠਲੇ ਪਾਸੇ ਹੁਸੈਨੀਵਾਲਾ ਹੈੱਡਵਰਕਸ ਹਨ।ਹੁਸੈਨੀਵਾਲਾ ਹੈੱਡਵਰਕਸ 'ਤੇ ਕਈ ਗੇਟ ਹਨ ਜਿਨ੍ਹਾਂ ਦੀ ਹਾਲਤ ਕਾਫੀ ਮੰਦੀ ਹੈ, ਜਿਸ ਕਾਰਨ ਲੀਕ ਹੋ ਕੇ ਪਾਕਿਸਤਾਨ ਨੂੰ ਸਵਾ ਲੱਖ ਕਿਊਸਿਕ ਤੋਂ ਜ਼ਿਆਦਾ ਪਾਣੀ ਚਲਾ ਜਾਂਦਾ ਹੈ।ਪਾਕਿਸਤਾਨ ਦੇ ਕਸੂਰ ਇਲਾਕੇ ਦੇ ਕਿਸਾਨ ਸਤਲੁਜ-ਬਿਆਸ ਦੇ ਪਾਣੀ ਨੂੰ ਖੇਤਾਂ ਦੀ ਸਿੰਚਾਈ ਲਈ ਵਰਤਦੇ ਹਨ।ਅਜਿਹੇ 'ਚ ਪਾਕਿਸਤਾਨ ਲਈ ਇਹ ਵੱਡਾ ਝਟਕਾ ਹੋ ਸਕਦਾ ਹੈ। ਪਾਣੀ ਪਾਕਿਸਤਾਨ ਜਾਣ ਤੋਂ ਰੋਕਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ।
ਜਾਣਕਾਰੀ ਮੁਤਾਬਕ ਨਹਿਰੀ ਵਿਭਾਗ ਨੇ ਕੇਂਦਰੀ ਪ੍ਰਾਜੈਕਟ ਤਹਿਤ ਹੁਸੈਨੀਵਾਲਾ ਹੈੱਡਵਰਕਸ ਦੇ ਗੇਟਾਂ ਦੀ ਮੁਰੰਮਤ ਲਈ ਖਰਚ ਦਾ ਅੰਦਾਜ਼ਾ ਲਗਾ ਲਿਆ ਹੈ। ਇਨ੍ਹਾਂ ਗੇਟਾਂ ਦੀ ਮੁਰਮੰਤ 'ਤੇ ਤਿੰਨ ਕਰੋੜ ਦੀ ਲਾਗਤ ਆਉਣ ਦਾ ਅੰਦਾਜ਼ਾ ਹੈ, ਜਿਸ ਨੂੰ ਪ੍ਰਵਾਨਗੀ ਲਈ ਮੁੱਖ ਦਫਤਰ ਭੇਜ ਦਿੱਤਾ ਗਿਆ ਹੈ।ਸੰਭਾਵਨਾ ਹੈ ਕਿ ਇਸ ਨੂੰ ਹਫਤੇ ਭਰ 'ਚ ਪ੍ਰਵਾਨਗੀ ਮਿਲ ਜਾਵੇਗੀ। ਹਫਤੇ ਭਰ 'ਚ ਪ੍ਰਵਾਨਗੀ ਮਿਲ ਜਾਵੇਗੀ।