ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਵੱਡਾ ਐਲਾਨ, ਔਰਤਾਂ ਨੂੰ ਸ਼ਮੂਲੀਅਤ ਦਾ ਦਿੱਤਾ ਸੱਦਾ (ਵੀਡੀਓ)

03/08/2024 11:08:16 AM

ਚੰਡੀਗੜ੍ਹ : ਸ਼ੰਭੂ ਬਾਰਡਰ 'ਤੇ ਕਿਸਾਨ ਅੰਦੋਲਨ ਦਾ ਅੱਜ 25ਵਾਂ ਦਿਨ ਹੈ। ਇੱਥੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੱਡਾ ਐਲਾਨ ਕਰਦਿਆਂ ਅਗਲੀ ਰਣਨੀਤੀ ਬਾਰੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਮੋਦੀ ਕਸ਼ਮੀਰ ਗਏ ਸਨ ਅਤੇ ਉੱਥੋਂ ਦੇ ਕਿਸਾਨਾਂ ਨੂੰ ਆਸ ਸੀ ਕਿ ਉਹ ਕੋਈ ਵੱਡਾ ਐਲਾਨ ਕਰਨਗੇ ਪਰ ਉਨ੍ਹਾਂ ਨੂੰ ਨਿਰਾਸ਼ਾ ਹੀ ਮਿਲੀ ਕਿਉਂਕਿ ਅਜਿਹਾ ਕੁੱਝ ਨਹੀਂ ਹੋਇਆ। ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਿਸਾਨਾਂ ਬਾਰੇ ਕੁੱਝ ਨਹੀਂ ਸੋਚ ਰਹੇ ਹਨ।

ਇਹ ਵੀ ਪੜ੍ਹੋ : CM ਭਗਵੰਤ ਮਾਨ ਅੱਜ ਨੌਜਵਾਨਾਂ ਨੂੰ ਦੇਣਗੇ ਤੋਹਫ਼ਾ, ਟਵੀਟ ਕਰਕੇ ਦਿੱਤੀ ਜਾਣਕਾਰੀ

ਉਨ੍ਹਾਂ ਕਿਹਾ ਕਿ ਸਾਡਾ ਕਿਸਾਨਾਂ ਦਾ ਬਹੁਤ ਵੱਡਾ ਪਰਿਵਾਰ ਹੈ ਅਤੇ ਸਾਡਾ ਫਰਜ਼ ਹੈ ਕਿ ਅਸੀਂ ਪੂਰੇ ਪਰਿਵਾਰ ਨੂੰ ਇਕੱਠਾ ਕਰੀਏ ਅਤੇ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਕੋਈ ਵੀ ਸਾਡੀਆਂ ਮੰਗਾਂ ਮੰਨਣ ਤੋਂ ਰੋਕ ਨਹੀਂ ਸਕਦਾ। ਪੰਧੇਰ ਨੇ ਕਿਹਾ ਕਿ ਜੋ ਵੀ ਕਿਸਾਨ ਹੈ ਜਾਂ ਖੇਤ ਮਜ਼ਦੂਰ ਹੈ, ਉਹ ਸਾਡੀਆਂ ਮੰਗਾਂ ਦਾ ਜ਼ਰੂਰ ਸਮਰਥਨ ਕਰਦੇ ਹੋਣਗੇ। ਜੇਕਰ ਇਹ ਲੋਕ ਭਾਜਪਾ 'ਤੇ ਅੰਦਰੋਂ ਦਬਾਅ ਪਾਉਣ ਤਾਂ ਸਾਡੀਆਂ ਮੰਗਾਂ ਜ਼ਰੂਰ ਪੂਰੀਆਂ ਹੋਣਗੀਆਂ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੱਜ 'ਮਹਿਲਾ ਦਿਵਸ' ਵਾਲੇ ਦਿਨ ਹਜ਼ਾਰਾਂ ਔਰਤਾਂ ਇੱਥੇ ਪੁੱਜਣਗੀਆਂ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਮੰਤਰੀ ਹਰਜੋਤ ਬੈਂਸ ਨੇ ਸਰਕਾਰੀ ਸਕੂਲਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ (ਵੀਡੀਓ)

ਇਸ ਅੰਦੋਲਨ ਨੂੰ ਜਿੱਤਣ ਲਈ ਭਾਰਤ ਦੇ ਗ੍ਰਾਮੀਣ ਕਿਸਾਨ, ਖੇਤ ਮਜ਼ਦੂਰ ਅਤੇ ਔਰਤਾਂ ਦਾ ਕੀ ਯੋਗਦਾਨ ਹੋਵੇਗਾ, ਇਸ ਬਾਰੇ ਅਸੀਂ ਚਰਚਾ ਕਰਾਂਗੇ। ਉਨ੍ਹਾਂ ਕਿਹਾ ਕਿ ਜੋ ਵੀ ਅੰਦੋਲਨ ਦੁਨੀਆ 'ਤੇ ਜਿੱਤੇ ਗਏ, ਉਨ੍ਹਾਂ 'ਚ ਔਰਤਾਂ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸੱਦਾ ਦੇਵਾਂਗੇ ਕਿ ਔਰਤਾਂ ਪੂਰੀ ਸਰਗਰਮੀ ਨਾਲ ਇਸ ਅੰਦੋਲਨ 'ਚ ਸ਼ਮੂਲੀਅਤ ਕਰਨ ਅਤੇ ਜੇਕਰ ਔਰਤਾਂ ਸਾਡੇ ਨਾਲ ਆ ਗਈਆਂ ਤਾਂ ਅਸੀਂ ਇਹ ਅੰਦੋਲਨ ਜ਼ਰੂਰ ਜਿੱਤ ਜਾਵਾਂਗੇ। ਉਨ੍ਹਾਂ ਕਿਹਾ ਕਿ ਸਵਾਲ ਟਰੈਕਟਰ-ਟਰਾਲੀਆਂ ਦਾ ਨਹੀਂ ਹੈ, ਸਗੋਂ ਸਰਕਾਰ ਕਿਸੇ ਵੀ ਕਿਸਾਨ ਨੂੰ ਦਿੱਲੀ ਅੰਦਰ ਦਾਖ਼ਲ ਹੀ ਨਹੀਂ ਹੋਣ ਦੇਣਾ ਚਾਹੁੰਦੀ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ 'ਤੇ ਭਰੋਸਾ ਰੱਖਣ ਦੀ ਅਪੀਲ ਕੀਤੀ ਕਿਉਂਕਿ ਇਨ੍ਹਾਂ ਕਿਸਾਨਾਂ ਨੇ ਹੀ ਵੋਟ ਦੇ ਕੇ ਉਨ੍ਹਾਂ ਨੂੰ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਉਮੀਦ ਕਰਦੇ ਹਾਂ ਕਿ ਉਹ ਸਾਡੇ 'ਤੇ ਭਰੋਸਾ ਕਰਨਗੇ ਅਤੇ ਅਸੀਂ ਦਿੱਲੀ ਜਾ ਕੇ ਸ਼ਾਂਤੀਪੂਰਨ ਢੰਗ ਨਾਲ ਆਪਣਾ ਅੰਦੋਲਨ ਚਲਾ ਸਕਾਂਗੇ। ਉਨ੍ਹਾਂ ਨੇ ਐਲਾਨ ਕਰਦਿਆਂ ਕਿਹਾ ਕਿ 10 ਮਾਰਚ ਨੂੰ ਪੂਰੇ ਦੇਸ਼ 'ਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਲੋਕਾਂ ਤੋਂ ਉਮੀਦ ਕਰਾਂਗੇ ਕਿ ਉਹ ਸਾਡੇ ਅੰਦੋਲਨ 'ਚ ਸ਼ਮੂਲੀਅਤ ਕਰਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News