ਮਚਾਕੀ ਕਲਾਂ ਸਰਪੰਚ ਦਾ ਸ਼ਲਾਘਾਯੋਗ ਕਦਮ, ਨਸ਼ਿਆਂ ਖ਼ਿਲਾਫ਼ ਕੀਤੀ ਖ਼ਾਸ ਪਹਿਲਕਦਮੀ ਨੂੰ ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ
Tuesday, Jan 31, 2023 - 04:09 PM (IST)
ਸਾਦਿਕ (ਪਰਮਜੀਤ) : ਪੰਜਾਬ ਸਰਕਾਰ ਵੱਲੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਨ ਦੇ ਬਾਵਜੂਦ ਨਸ਼ੇ ਦਾ ਰੁਝਾਨ ਜਾਰੀ ਹੈ ਤੇ ਰੋਜ਼ਾਨਾਂ ਮੌਤਾਂ ਹੋ ਰਹੀਆਂ ਹਨ ਪਰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮਚਾਕੀ ਕਲਾਂ ਨੇ ਉੱਦਮੀ ਸਰਪੰਚ ਤੇ ਨੌਜਵਾਨਾਂ ਨੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢਣ ਦਾ ਬੀੜਾ ਚੁੱਕਿਆ ਹੋਇਆ ਹੈ ਤੇ ਦੋ ਮਹੀਨੇ ਪਹਿਲਾਂ ਉਨ੍ਹਾਂ ਨੇ ਸਰਕਾਰ ਤੋਂ ਆਸ ਛੱਡ ਕੇ ਆਪਣੇ ਖ਼ਰਚੇ ’ਤੇ ਪਿੰਡ ਦੀ ਧਰਮਸ਼ਾਲਾ ਵਿਚ ਨਸ਼ਾ ਛੁਡਾਊ ਕੇਂਦਰ ਖੋਲ੍ਹ ਕੇ ਪਿੰਡ ਦੇ 22 ਨੌਜਵਾਨਾਂ ਨੂੰ ਨਸ਼ਿਆਂ ’ਚੋਂ ਕੱਢਣ ਲਈ ਪਹਿਲਕਦਮੀ ਕੀਤੀ। ਇਸ ਕੰਮ ਲਈ ਨਸ਼ਾ ਕਰਨ ਵਾਲੇ ਬੱਚਿਆਂ ਦੇ ਮਾਪਿਆਂ, ਪਿੰਡ ਵਾਸੀਆਂ ਤੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਭਰਵਾਂ ਸਾਥ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੁਰਸ਼ਵਿੰਦਰ ਸਿੰਘ ਬਰਾੜ ਸਰਪੰਚ ਮਚਾਕੀ ਕਲਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਆਪਣੇ ਪਿੰਡ ਦੀ ਟੀਮ ਤਿਆਰ ਕੀਤੀ ਤੇ ਪਿੰਡ ’ਚ ਨਸ਼ਾ ਵੇਚਣ ਵਾਲਿਆਂ ਦਾ ਡਟਵਾਂ ਵਿਰੋਧ ਕੀਤਾ, ਜਿਸ ’ਤੇ ਨਸ਼ਾ ਸਮੱਗਲਰਾਂ ਨੇ ਪਰਿਵਾਰ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਤੇ ਗੈਗਸਟਰਾਂ ਦਾ ਵੀ ਡਰਵਾ ਦਿੱਤਾ। ਇਸ ਦੇ ਬਾਵਜੂਦ ਪਿੰਡ ਦੀ ਟੀਮ ਨੇ ਬੱਚਿਆਂ ਨੂੰ ਬਚਾਉਣ ਦਾ ਤਹੱਈਆ ਕੀਤਾ।
ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਭਾਰਤ-ਪਾਕਿ ਸਰਹੱਦ ਤੋਂ ਮੁੜ ਬਰਾਮਦ ਹੋਏ ਹੈਰੋਇਨ ਦੇ 3 ਪੈਕੇਟ
ਉਕਤ 22 ਨੌਜਵਾਨ ਨੂੰ ਹਾਲ ਵਿੱਚ ਗੱਦੇ ਲਗਾ ਕੇ ਦਿਨ-ਰਾਤ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕਰਕੇ ਰਾਖੀ ਲਈ ਚੌਕੀਦਾਰ ਸਮੇਤ ਪਿੰਡ ਦੇ ਕਈ ਨੌਜਵਾਨ ਦੇ ਮਿਹਨਤ ਕੀਤੀ। ਸਾਰੇ ਨੌਜਵਾਨਾਂ ਦਾ ਮੈਡੀਕਲ ਵੀ ਕਰਵਾਇਆ ਗਿਆ। ਪਹਿਲੇ ਕੁਝ ਦਿਨ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਪਿੰਡ ਦਾ ਸਰਪੰਚ ਤੇ ਟੀਮ ਬਹੁਤ ਮਾੜੀ ਲੱਗੀ ਤੇ ਉਹ ਮੰਦਾ ਬੋਲਣ ਲੱਗੇ ਤੇ ਇੱਥੋ ਭੱਜਣ ਦੀਆਂ ਕੋਸ਼ਿਸ਼ ਕਰਨ ਲੱਗੇ ਪਰ ਦਿਨ ਰਾਤ ਟੀਮ ਵੱਲੋਂ ਡਿਊਟੀ ਦੇ ਕੇ ਨੌਜਵਾਨਾਂ ਦੀ ਲੱਤਾਂ ਘੁੱਟ ਕੇ, ਖ਼ੁਦ ਮੂੰਹ ਵਿੱਚ ਬੁਰਕੀਆਂ ਪਾ ਕੇ, ਡਾਕਟਰੀ ਇਲਾਜ ਦੀ ਕੁਝ ਸਹਾਇਤਾ ਲੈ ਕੇ ਉਨਾਂ ਦੇ ਹੌਸਲੇ ਵਧਾਏ। ਲਗਭਗ 10 ਦਿਨ ਬਾਅਦ 22 ਨੌਜਵਾਨ ਟੀਮ ਦੇ ਕਹਿਣੇ ਵਿੱਚ ਹੋ ਗਏ ਤੇ ਅੱਜ ਲਗਭਗ ਦੋ ਮਹੀਨੇ ਉਪਰੰਤ ਉਹ ਤੇ ਉਨ੍ਹਾਂ ਦੇ ਮਾਪੇ ਖ਼ੁਸ਼ੀ ਵਿੱਚ ਖੀਵੇ ਹਨ। ਹੁਣ ਇਹ ਨੌਜਵਾਨ ਨਸ਼ਾ ਛਡਾਉਣ ਵਾਲੀ ਟੀਮ ਦੇ ਮੈਂਬਰ ਬਣ ਚੁੱਕੇ ਹਨ। ਨਸ਼ਾ ਛੱਡਣ ਵਾਲੇ ਨੌਜਵਾਨਾਂ ਨੇ ਦੱਸਿਆ ਪਹਿਲਾਂ ਸਾਨੂੰ ਇਹ ਟੀਮ ਚੰਗੀ ਨਹੀਂ ਸੀ ਲੱਗਦੀ ਪਰ ਹੁਣ ਮਹਿਸੂਸ ਹੋਇਆ ਕਿ ਉਨ੍ਹਾਂ ਨੇ ਸਾਡੀ ਜਿੰਦਗੀ ਬਚਾ ਦਿੱਤੀ ਹੈ ਤੇ ਅੱਜ ਅਸੀਂ ਆਪਣੇ ਮਾਤਾ-ਪਿਤਾ, ਪਤਨੀ ਤੇ ਬੱਚਿਆਂ ਵਿੱਚ ਬੈਠਣ ਜੋਗੇ ਹੋ ਗਏ ਹਾਂ।
ਇਹ ਵੀ ਪੜ੍ਹੋ- ਮਹਿਲਾ ਕਾਂਸਟੇਬਲ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਪ੍ਰੇਮ ਸਬੰਧਾਂ ਦੇ ਚੱਲਦਿਆਂ ਗੁਰਸੇਵਕ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਸਰਪੰਚ ਬਰਾੜ ਨੇ ਅੱਗੇ ਦੱਸਿਆ ਕਿ ਉਨ੍ਹਾਂ ਆਪਣੀ ਮਨ ਦੀ ਸ਼ਾਂਤੀ ਲਈ ਲਗਭਗ ਇੱਕ ਲੱਖ ਰੁਪਏ ਆਪਣੇ ਪੱਲੋਂ ਖ਼ਰਚ ਕਰਕੇ 22 ਕੀਮਤੀ ਜਾਨਾਂ ਬਚਾ ਲਈਆਂ ਹਨ ਪਰ ਅਫਸੋਸ ਜ਼ਿਲ੍ਹਾ ਪ੍ਰਸਾਸ਼ਨ ਜਾਂ ਸਰਕਾਰ ਨੇ ਕੈਂਪ ਲਈ ਮਦਦ ਤਾਂ ਕੀ ਕਰਨੀ ਸੀ ਕਿਸੇ ਨੇ ਹੌਸਲਾ ਵੀ ਨਹੀਂ ਦਿੱਤਾ। ਕੁਝ ਵਿਰੋਧੀ ਧਿਰ ਦੇ ਲੋਕ ਇਨ੍ਹਾਂ ਬੱਚਿਆਂ ਨੂੰ ਹੌਸਲਾ ਦੇਣ ਦੀ ਬਜਾਏ ਤਨਜ਼ ਵੀ ਕੱਸਦੇ ਹਨ ਪਰ ਸਿਵਲ ਹਸਪਤਾਲ ਦੇ ਡਾ. ਰਣਜੀਤ ਕੌਰ ਨੇ ਸਾਡਾ ਬਹੁਤ ਸਾਥ ਦਿੱਤਾ। ਇਨਾਂ ਨੌਜਵਾਨਾਂ ਤੇ ਲਗਾਤਾਰ ਨਿਗਾਹ ਰੱਖੀ ਜਾਵੇਗੀ ਤੇ ਕੰਮ ਤੇ ਵੀ ਲਗਵਾਉਣ ਲਈ ਯਤਨ ਕੀਤੇ ਜਾਣਗੇ। ਸਰਪੰਚ ਨੇ ਕਿਹਾ ਕਿ ਜੇਕਰ ਪਿੰਡ ਇਸੇ ਤਰ੍ਹਾਂ ਸਾਥ ਦਿੰਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਚਾਕੀ ਕਲਾਂ ਨਸ਼ਾ ਮੁਕਤ ਪਿੰਡ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।