ਸਰਪੰਚ ''ਤੇ ਕਾਰ ਸਵਾਰਾਂ ਵਲੋਂ ਕਾਤਲਾਨਾ ਹਮਲਾ, 2 ਜ਼ਖਮੀ

04/22/2019 11:52:00 AM

ਮੱਖੂ (ਆਹੂਜਾ) - ਹਲਕਾ ਵਿਧਾਇਕ ਕੁਲਬੀਰ ਜ਼ੀਰਾ ਦੇ ਨੇੜਲੇ ਪਿੰਡ ਟਿੱਬੀ ਅਰਾਈਆਂ ਦੇ ਸਰਪੰਚ ਡਾਕਟਰ ਜਗੀਰ ਸਿੰਘ ਮੱਲ੍ਹੀ 'ਤੇ 2 ਕਾਰਾਂ 'ਚ ਸਵਾਰ 10 ਦੇ ਕਰੀਬ ਹਮਲਾਵਰਾਂ ਵਲੋਂ ਕਾਤਲਾਵਾ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਹਮਲਾਵਰਾਂ ਨੇ ਉਸ ਨੂੰ ਘੇਰ ਕੇ ਗੰਭੀਰ ਸੱਟਾਂ ਮਾਰੀਆਂ ਅਤੇ ਗੋਲੀਆਂ ਚਲਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਜ਼ਖ਼ਮੀ ਡਾਕਟਰ ਜਗੀਰ ਮੱਲ੍ਹੀ ਦੇ ਭਰਾ ਡਾਕਟਰ ਹੀਰਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਮੈਡੀਕਲ ਸਟੋਰ ਤੋਂ ਸਿੱਧਾ ਘਰ ਆ ਗਿਆ ਸੀ। ਦੁਕਾਨ ਬੰਦ ਕਰਕੇ ਡਾਕਟਰ ਜਗੀਰ ਸਿੰਘ, ਧਰਮਵੀਰ ਸਿੰਘ, ਹਰਦੇਵ ਸਿੰਘ ਅਤੇ ਰਸ਼ਪਾਲ ਸਿੰਘ ਆਪਣੇ ਬੱਚਿਆਂ ਸਣੇ ਮੱਖੂ ਤੋਂ ਪਿੰਡ ਆ ਰਹੇ ਸਨ। ਇਸੇ ਦੌਰਾਨ ਰਾਸਤੇ 'ਚ ਪਹਿਲਾਂ ਤੋਂ ਘਾਤ ਲਾਈ ਬੈਠੇ 2 ਕਾਰਾਂ 'ਚ ਸਵਾਰ ਹਮਲਾਵਰਾਂ ਨੇ ਫੇਮੀਵਾਲਾ ਤੇ ਟਿੱਬੀ ਪਿੰਡ ਵਿਚਕਾਰ ਮੋਟਰਸਾਈਕਲ ਸਵਾਰ ਜਗੀਰ ਸਿੰਘ ਤੇ ਸਾਥੀਆਂ ਨੂੰ ਦੋਵਾਂ ਪਾਸਿਆਂ ਤੋਂ ਘੇਰ ਲਿਆ। ਡਾਕਟਰ ਮੱਲ੍ਹੀ ਦੀ ਲੱਤ 'ਤੇ ਰਾਡਾਂ ਮਾਰਨ ਕਾਰਨ ਗੰਭੀਰ ਸੱਟਾਂ ਲੱਗੀਆਂ, ਜਦਕਿ ਧਰਮਵੀਰ ਸਿੰਘ ਦੇ ਸਿਰ 'ਚ ਕਾਪੇ ਦੇ ਵਾਰ ਕਾਰਨ ਡੂੰਘੇ ਜ਼ਖ਼ਮ ਹੋ ਗਏ। ਰੌਲਾ ਸੁਣ ਕੇ ਮੌਕੇ 'ਤੇ ਇਕੱਠੇ ਹੋ ਰਹੇ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਉਕਤ ਹਮਲਾਵਰ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ। ਦੋਵਾਂ ਜ਼ਖਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ 'ਚ ਦਾਖਲ ਕਰਵਾ ਦਿੱਤਾ ਗਿਆ। ਥਾਣਾ ਮੱਖੂ ਦੇ ਮੁੱਖ ਅਫਸਰ ਹਰਿੰਦਰ ਸਿੰਘ ਚਮੇਲੀ ਅਤੇ ਡੀ.ਐੱਸ.ਪੀ. ਜ਼ੀਰਾ ਨਰਿੰਦਰ ਸਿੰਘ ਤੁਰੰਤ ਪੁਲਸ ਪਾਰਟੀਆਂ ਸਮੇਤ ਵਾਰਦਾਤ ਵਾਲੀ ਥਾਂ 'ਤੇ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ 'ਚ ਉਨ੍ਹਾਂ ਆਖਿਆ ਕਿ ਘਟਨਾ ਦੀ ਕਈ ਪਹਿਲੂਆਂ 'ਤੋਂ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਜਲਦੀ ਹੀ ਗ੍ਰਿਫਤ 'ਚ ਹੋਣਗੇ।


rajwinder kaur

Content Editor

Related News