ਸਰਨੇ ਨੂੰ ਸਲਾਹਕਾਰ ਲਾਉਣਾ ਦਲਿਤਾਂ ਦੇ ਜ਼ਖਮਾਂ ''ਤੇ ਲੂਣ ਛਿੜਕਣਾ : ਟੀਨੂੰ

07/15/2017 12:55:57 AM

ਜਲੰਧਰ - ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਫਜ਼ੂਲ ਖਰਚੀ ਤੇ ਵੀ. ਆਈ. ਪੀ. ਕਲਚਰਲ ਖਤਮ ਕਰਨ ਲੱਗੀ ਹੈ ਤੇ ਦੂਜੇ ਪਾਸੇ ਜਨਤਾ ਵਲੋਂ ਚੋਣਾਂ 'ਚ ਨਕਾਰੇ ਲੀਡਰਾਂ ਪਰਮਜੀਤ ਸਿੰਘ ਸਰਨਾ ਵਰਗਿਆਂ ਨੂੰ ਸਲਾਹਕਾਰ ਨਿਯੁਕਤ ਕਰ ਕੇ ਪੰਜਾਬ ਦੀ ਜਨਤਾ 'ਤੇ ਬੋਝ ਪਾ ਰਹੀ ਹੈ।  ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ  ਪਵਨ ਕੁਮਾਰ ਟੀਨੂੰ ਤੇ ਅਕਾਲੀ ਦਲ ਦੇ ਜਲੰਧਰ ਸ਼ਹਿਰੀ ਜ਼ਿਲਾ ਜਥੇਦਾਰ ਗੁਰਚਰਨ ਸਿੰਘ ਚੰਨੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਟੀਨੂੰ ਨੇ ਕਿਹਾ ਕਿ ਦਿੱਲੀ ਦੀ ਜਨਤਾ ਨੇ ਪਰਮਜੀਤ ਸਰਨਾ ਨੂੰ ਦੋ ਵਾਰ ਰੱਦ ਕਰ ਦਿੱਤਾ ਹੈ ਅਤੇ ਉਹ ਵਿਵਾਦਗ੍ਰਸਤ ਲੀਡਰ ਹਨ। ਉਨ੍ਹਾਂ ਕਿਹਾ ਸਰਨਾ 'ਤੇ ਵਿਆਨਾ ਵਿਖੇ ਸੰਤ ਬੱਲਾਂ ਵਾਲਿਆਂ ਦੇ ਕਤਲ ਦੇ ਦੋਸ਼ੀਆਂ ਨੂੰ ਕਾਨੂੰਨੀ ਮਦਦ ਦੇਣ ਦੇ ਦੋਸ਼ ਵੀ ਲੱਗੇ ਹਨ ਅਤੇ ਅਜਿਹਾ ਕਰ ਕੇ ਉਨ੍ਹਾਂ ਸਮੁੱਚੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਸਰਨਾ ਨੂੰ ਸਲਾਹਕਾਰ ਬਣਾਉਣਾ ਦਲਿਤਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਵਾਲੀ ਗੱਲ ਹੈ।
ਇਨ੍ਹਾਂ ਲੀਡਰਾਂ ਨੇ ਇਹ ਵੀ ਦੋਸ਼ ਲਾਇਆ ਕਿ ਸਰਨਾ ਵਿਰੁੱਧ ਕੇਸ ਵੀ ਦਰਜ ਹਨ ਅਤੇ ਅਜਿਹੇ ਵਿਵਾਦਗ੍ਰਸਤ ਲੀਡਰਾਂ ਨੂੰ ਸਲਾਹਕਾਰ ਲਾਉਣਾ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਸਲਾਹਕਾਰਾਂ ਦੀ ਫੌਜ ਦੇ ਭਾਰ ਥੱਲੇ ਹੀ ਪੰਜਾਬ ਦੱਬ ਕੇ ਰਹਿ ਜਾਵੇਗਾ। ਸ਼੍ਰੀ ਟੀਨੂੰ ਨੇ ਕਿਹਾ ਕਿ 121 ਲਾਅ ਅਫਸਰ ਰੱਖਣ ਸਮੇਂ ਭਾਈ ਭਤੀਜਾਵਾਦ ਹੀ ਭਾਰੂ ਰਿਹਾ ਅਤੇ ਨਾਮੀ ਲੋਕਾਂ ਦੇ ਰਿਸ਼ਤੇਦਾਰ ਤੇ ਕਰੀਬੀ ਹੀ ਲਾਅ ਅਫਸਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਲਾਅ ਅਫਸਰ ਰੱਖਣ ਸਮੇਂ ਰਿਜ਼ਰਵੇਸ਼ਨ ਨੂੰ ਵੀ ਦਰਕਿਨਾਰ ਕੀਤਾ ਗਿਆ ਹੈ। ਵਿਧਾਨ ਸਭਾ 'ਚ ਵੀ ਕਾਂਗਰਸ ਦੇ ਮੰਤਰੀ  ਨੇ ਭਰੋਸਾ ਦਿਵਾਇਆ ਸੀ ਕਿ ਲਾਅ ਅਫਸਰ ਰੱਖਣ ਸਮੇਂ ਰਿਜ਼ਰਵੇਸ਼ਨ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਟੀਨੂੰ ਨੇ ਦੱਸਿਆ ਕਿ ਇਸ ਮੁੱਦੇ 'ਤੇ ਸੀਨੀਅਰ ਵਕੀਲਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ ਅਤੇ ਉਹ ਇਸ ਮਾਮਲੇ ਨੂੰ ਹਾਈਕੋਰਟ 'ਚ ਚੈਲੇਂਜ ਕਰਨਗੇ। ਪਿੰਡਾਂ 'ਚ ਮਰੇ ਪਸ਼ੂ ਚੁੱਕਣ ਵਾਲਿਆਂ 'ਤੇ ਜੀ. ਐੱਸ. ਟੀ. ਲਾਉਣ ਦਾ ਸਖਤ ਵਿਰੋਧ ਕਰਦਿਆਂ ਅਕਾਲੀ ਵਿਧਾਇਕ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਗਰੀਬ ਵਰਗ ਨੂੰ ਰਾਹਤ ਦੇਵੇ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ 'ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਵੀ ਮਿਲਣਗੇ।


Related News