ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਦੇ ਸਮਾਗਮ ਖ਼ਾਲਸਾ ਫ਼ਤਿਹ ਮਾਰਚ ਨਾਲ ਆਰੰਭ

Monday, Apr 17, 2023 - 02:18 AM (IST)

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਦੇ ਸਮਾਗਮ ਖ਼ਾਲਸਾ ਫ਼ਤਿਹ ਮਾਰਚ ਨਾਲ ਆਰੰਭ

ਅੰਮ੍ਰਿਤਸਰ (ਸਰਬਜੀਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਸਬੰਧੀ ਸ਼ਤਾਬਦੀ ਸਮਾਗਮ ਅੱਜ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਖ਼ਾਲਸਾ ਫ਼ਤਿਹ ਮਾਰਚ ਨਾਲ ਆਰੰਭ ਹੋਏ। ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਸਾਥੀ ਜਰਨੈਲਾਂ ਨਾਲ ਦਿੱਲੀ ਫ਼ਤਿਹ ਕਰਕੇ ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਝੁਲਾਇਆ ਸੀ ਅਤੇ ਮੁਗਲ ਸਾਮਰਾਜ ਦਾ ਤਖ਼ਤ-ਏ-ਤਾਊਸ ਹਾਥੀਆਂ ਮਗਰ ਬੰਨ੍ਹ ਕੇ ਗੁਰੂ ਚਰਨਾਂ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ। ਇਤਿਹਾਸ ਦੇ ਇਸ ਵਾਕਿਆਤ ਕਰਕੇ ਹੀ ਸ੍ਰੀ ਅੰਮ੍ਰਿਤਸਰ ਲਈ ਦਿੱਲੀ ਤੋਂ ਪੰਥਕ ਜਾਹੋ ਜਲਾਲ ਨਾਲ ਖਾਲਸਾ ਫ਼ਤਿਹ ਮਾਰਚ ਸ਼ੁਰੂ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਡਾਕਟਰ ਨੇ ਭਿਆਨਕ ਸੜਕ ਹਾਦਸੇ ’ਚ ਤੋੜਿਆ ਦਮ, ਮਾਪਿਆਂ ਦਾ ਸੀ ਇਕਲੌਤਾ ਪੁੱਤ

PunjabKesari

ਇਹ ਖ਼ਬਰ ਵੀ ਪੜ੍ਹੋ : ਜਿਸ ਜ਼ਿਗਾਨਾ ਪਿਸਟਲ ਨਾਲ ਅਤੀਕ ਅਹਿਮਦ ਨੂੰ ਮਾਰਿਆ, ਉਸੇ ਨਾਲ ਸਿੱਧੂ ਮੂਸੇਵਾਲਾ ਦਾ ਕੀਤਾ ਸੀ ਕਤਲ

ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਖ਼ਾਲਸਾ ਫ਼ਤਿਹ ਮਾਰਚ ਦੀ ਆਰੰਭਤਾ ਤੋਂ ਪਹਿਲਾਂ ਗੁਰਬਾਣੀ ਕੀਰਤਨ ਹੋਇਆ ਅਤੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਲਕੀ ਸਾਹਿਬ ’ਚ ਸੁਸ਼ੋਭਿਤ ਕੀਤਾ। ਆਰੰਭਤਾ ਸਮੇਂ ਪ੍ਰਬੰਧਕਾਂ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ। ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਤੋਂ ਆਰੰਭ ਹੋਇਆ ਖ਼ਾਲਸਾ ਫ਼ਤਿਹ ਮਾਰਚ ਦਿੱਲੀ ਦੇ ਸ਼ੰਕਰ ਰੋਡ, ਪਟੇਲ ਨਗਰ, ਸ਼ਾਦੀਪੁਰ, ਮੋਤੀ ਨਗਰ, ਰਾਮੇਸ਼ ਨਗਰ, ਰਾਜਾ ਗਾਰਡਨ, ਰਜੌਰੀ ਗਾਰਡਨ, ਟੈਗੋਰ ਗਾਰਡਨ, ਸੁਭਾਸ਼ ਨਗਰ, ਤਿਲਕ ਨਗਰ, ਜੇਲ੍ਹ ਰੋਡ, ਹਰੀ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਛੋਟੇ ਸਾਹਿਬਜ਼ਾਦੇ, ਫ਼ਤਹਿ ਨਗਰ ਪੁੱਜਾ। ਰਸਤੇ ਵਿਚ ਸੰਗਤਾਂ ਨੇ ਉਤਸ਼ਾਹ ਨਾਲ ਨਗਰ ਕੀਰਤਨ ’ਚ ਹਾਜ਼ਰੀ ਭਰੀ ਅਤੇ ਕਈ ਥਾਵਾਂ ’ਤੇ ਲੰਗਰ ਆਦਿ ਦੇ ਪ੍ਰਬੰਧ ਵੀ ਕੀਤੇ। ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨੂੰ ਸਤਿਕਾਰ ਭੇਟ ਕੀਤਾ ਅਤੇ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਦਿੱਤੇ ਗਏ।

PunjabKesari

ਖ਼ਾਲਸਾ ਫ਼ਤਿਹ ਮਾਰਚ ਦੌਰਾਨ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸਤਰਾਂ ਵਾਲੀ ਬੱਸ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਖ਼ਾਲਸਾ ਫ਼ਤਿਹ ਮਾਰਚ ਦੀ ਆਰੰਭਤਾ ਸਮੇਂ ਪੁੱਜੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਸੰਗਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਹਾਨ ਸਿੱਖ ਜਨਰੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਯਾਦ ਕਰਦਿਆਂ ਉਨ੍ਹਾਂ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਸ਼ੁਰੂਆਤ ਦਿੱਲੀ ਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਵੱਲੋਂ ਦਿੱਲੀ ਫ਼ਤਿਹ ਸਮੇਂ ਸਰਦਾਰ ਜੱਸਾ ਸਿੰਘ ਦੀ ਭੂਮਿਕਾ ਸਿੱਖ ਇਤਿਹਾਸ ਦਾ ਹਾਸਲ ਹੈ, ਇਸੇ ਲਈ ਦਿੱਲੀ ਨੂੰ ਵਿਸ਼ੇਸ਼ ਸਮਾਗਮਾਂ ਲਈ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ ਵਿਖੇ ਤਿੰਨ ਦਿਨਾ ਸਮਾਗਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਨੌਜੁਆਨਾਂ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਿਆ ਜਾਵੇ, ਜਿਸ ਲਈ ਸ਼ਤਾਬਦੀ ਸਮਾਗਮ ਅਹਿਮ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਆਰੰਭ ਹੋਏ ਖ਼ਾਲਸਾ ਫ਼ਤਿਹ ਮਾਰਚ ’ਚ ਦਿੱਲੀ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਭਰਵਾਂ ਸਹਿਯੋਗ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਫ਼ਤਿਹ ਮਾਰਚ 4 ਮਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਸੰਪੰਨ ਹੋਵੇਗਾ। ਫ਼ਤਿਹ ਮਾਰਚ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਰਾਮ ਸਿੰਘ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਹੀਰਾ ਸਿੰਘ ਗਾਬੜੀਆ, ਸ਼੍ਰੋਮਣੀ ਅਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ, ਸੁਖਵਿੰਦਰ ਸਿੰਘ ਬੱਬਰ,  ਕੁਲਦੀਪ ਸਿੰਘ ਭੋਗਲ, ਸੁਖਦੇਵ ਸਿੰਘ ਰਿਆਤ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਗੁਰਿੰਦਰ ਸਿੰਘ ਮਥਰੇਵਾਲ, ਬਿਜੈ ਸਿੰਘ, ਸਿਮਰਜੀਤ ਸਿੰਘ, ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਕੁਲਦੀਪ ਸਿੰਘ ਰੋਡੇ, ਦਿੱਲੀ ਸਿੱਖ ਮਿਸ਼ਨ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਸੁਮਾਨਾ, ਜਸਵੀਰ ਸਿੰਘ ਜੱਸੀ, ਮੈਨੇਜਰ ਸੁਖਰਾਜ ਸਿੰਘ, ਇੰਚਾਰਜ ਮੇਜਰ ਸਿੰਘ, ਮਨਜੀਤ ਸਿੰਘ, ਕਰਤਾਰ ਸਿੰਘ, ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਆਦਿ ਮੌਜੂਦ ਸਨ। 

ਮੁਗਲ ਸਾਮਰਾਜ ਦੇ ਤਖ਼ਤ-ਏ-ਤਾਊਸ ਨੂੰ ਲੈ ਕੇ ਜਾਣ ਦੀਆਂ ਪ੍ਰਦਰਸ਼ਨੀਆਂ ਰਹੀਆਂ ਖਿੱਚ ਦਾ ਕੇਂਦਰ

ਖ਼ਾਲਸਾ ਫ਼ਤਿਹ ਮਾਰਚ ਅੰਦਰ ਸਹਿਯੋਗੀ ਸਿੱਖ ਜਥੇਬੰਦੀਆਂ ਵੱਲੋਂ ਤਿਆਰ ਕੀਤੀਆਂ ਦੋ ਪ੍ਰਦਰਸ਼ਨੀਆਂ ਸੰਗਤ ਲਈ ਖਿੱਚ ਦਾ ਕੇਂਦਰ ਰਹੀਆਂ। ਇਹ ਪ੍ਰਦਰਸ਼ਨੀਆਂ ਵਿਸ਼ੇਸ਼ ਗੱਡੀਆਂ ’ਤੇ ਸਜਾ ਕੇ ਨਗਰ ਕੀਰਤਨ ਵਿਚ ਸ਼ਾਮਲ ਕੀਤੀਆਂ ਗਈਆਂ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਨ੍ਹਾਂ ਪ੍ਰਦਰਸ਼ਨੀਆਂ ਬਾਰੇ ਦੱਸਿਆ ਕਿ ਖ਼ਾਲਸਾ ਫ਼ਤਹ ਮਾਰਚ ਵਿਚ ਸਿੱਖ ਜਰਨੈਲਾਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਦੇ ਯਤਨ ਕੀਤੇ ਗਏ ਹਨ। ਪ੍ਰਦਰਸ਼ਨੀਆਂ ਜਰੀਏ ਦਰਸਾਇਆ ਗਿਆ ਕਿ ਕਿਵੇਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਤੇ ਸਾਥੀ ਸਿੱਖ ਜਰਨੈਲ ਦਿੱਲੀ ਫ਼ਤਿਹ ਕਰਨ ਉਪਰੰਤ ਮੁਗਲ ਸਾਮਰਾਜ ਦੇ ਤਖ਼ਤ-ਏ-ਤਾਊਸ ਨੂੰ ਧੂਹ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਗਏ ਸਨ। ਉਨ੍ਹਾਂ ਕਿਹਾ ਕਿ ਇਹ ਸਿੱਖ ਇਤਿਹਾਸ ਦਾ ਹਾਸਲ ਹੈ ਕਿ ਸਿੱਖਾਂ ਨੇ ਮੁਗਲ ਸਾਮਰਾਜ ਦਾ ਉਹ ਤਖ਼ਤ-ਏ-ਤਾਊਸ ਪੁੱਟਿਆ ਜਿਸ ਉੱਤੇ ਬੈਠ ਕੇ ਜਾਬਰ ਬਾਦਸ਼ਾਹ ਹੁਕਮ ਜਾਰੀ ਕਰਦੇ ਸਨ। ਇਹ ਤਖ਼ਤ-ਏ-ਤਾਊਸ ਦੀ ਸਿੱਲ ਅੱਜ ਵੀ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਸਥਿਤ ਬੁੰਗਾ ਰਾਮਗੜ੍ਹੀਆ ਵਿਖੇ ਮੌਜੂਦ ਹੈ।

17 ਅਪ੍ਰੈਲ ਨੂੰ ਡੀ. ਡੀ. ਏ. ਗਰਾਊਂਡ ਦਿੱਲੀ ਵਿਖੇ ਹੋਵੇਗਾ ਗੁਰਮਤਿ ਸਮਾਗਮ

ਸ਼੍ਰੋਮਣੀ ਕਮੇਟੀ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਤਹਿਤ 17 ਅਪ੍ਰੈਲ ਨੂੰ ਡੀ.ਡੀ.ਏ. ਗਰਾਊਂਡ ਦਿੱਲੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ। ਇਸ ਸਮਾਗਮ ਵਿਚ ਪੰਥ ਦੇ ਪ੍ਰਸਿੱਧ ਹਜ਼ੂਰੀ ਰਾਗੀ ਜਥੇ ਗੁਰਬਾਣੀ ਕੀਰਤਨ ਕਰਨਗੇ ਅਤੇ ਢਾਡੀ ਕਵੀਸ਼ਰ ਜਥਿਆਂ ਵੱਲੋਂ ਸਿੱਖ ਇਤਿਹਾਸ ਦੀ ਸਾਂਝ ਪਾਈ ਜਾਵੇਗੀ। ਸਮਾਗਮ ਦੌਰਾਨ ਸਿੰਘ ਸਾਹਿਬਾਨ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵੀ ਸੰਗਤ ਨੂੰ ਸੰਬੋਧਨ ਕਰਨਗੀਆਂ। ਇਹ ਸਮਾਗਮ ਸ਼ਾਮ 5 ਵਜੇ ਤੋਂ ਰਾਤ 12 ਵਜੇ ਤੱਕ ਹੋਵੇਗਾ।


author

Manoj

Content Editor

Related News