ਪ੍ਰੋ. ਸਰਚਾਂਦ ਖਿਆਲਾ ਨੇ ਅਕਾਲੀ ਦਲ ਵੱਲੋਂ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ

Thursday, Nov 24, 2022 - 07:35 PM (IST)

ਪ੍ਰੋ. ਸਰਚਾਂਦ ਖਿਆਲਾ ਨੇ ਅਕਾਲੀ ਦਲ ਵੱਲੋਂ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ

ਅੰਮ੍ਰਿਤਸਰ (ਜ.ਬ.) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਪ੍ਰਤੀ ਅਕਾਲੀ ਦਲ (ਬਾਦਲ) ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਕੀਤੀ ਗਈ ਮੰਗ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰ ਲਿਆ ਹੈ ਅਤੇ ਉਨ੍ਹਾਂ ਨੂੰ ਇਸ ਮਾਮਲੇ ’ਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਕਤ ਸਬੰਧੀ ਕੀਤੀ ਗਈ ਅਪੀਲ ਬਾਰੇ ਸਵਾਲ ਕੀਤਾ ਕਿ ਕੀ ਉਹ ਆਪਣੀ ਹੀ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਦੀ ਮੰਗ ਨਾਲ ਸਹਿਮਤ ਹਨ? ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਦੀ ਉਕਤ ਮੰਗ ਨੂੰ ਅਕਾਲੀ ਦਲ ਦੀ ਮੰਗ ਕਿਉਂ ਨਾ ਸਮਝਿਆ ਜਾਵੇ?

ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 10 ਥਾਣਾ ਮੁਖੀਆਂ ਦੇ ਤਬਾਦਲੇ, ਪੜ੍ਹੋ ਲਿਸਟ

ਉਨ੍ਹਾਂ ਕਿਹਾ ਕਿ ਦਸਮ ਪਿਤਾ ਦਾ ਪ੍ਰਕਾਸ਼ ਪੁਰਬ ਪੋਹ ਸੁਦੀ ਸੱਤਵੀਂ ਦਾ ਹੈ ਅਤੇ ਇਸ ਵਾਰ ਇਹ ਦਿਹਾੜਾ 29 ਦਸੰਬਰ ਨੂੰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੌਮੀ ਜਜ਼ਬਾਤਾਂ ਦੀ ਦੁਹਾਈ ਦੇਣ ਵਾਲੇ ਸਰਨਾ ਦੀ ਉਸ ਦਲੀਲ ਵਿਚ ਕੋਈ ਦਮ ਨਹੀਂ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸੰਗਤਾਂ ਕਿਸ ਤਰ੍ਹਾਂ ਮਨਾਉਣਗੀਆਂ। ਉਨ੍ਹਾਂ ਕਿਹਾ ਕਿ 1704 ਈ. ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਹੁਣ ਤੱਕ ਅਜਿਹੇ ਕਈ ਮੌਕੇ ਆਏ ਹਨ ਜਦੋਂ ਸ਼ਹੀਦੀ ਦਿਹਾੜਾ ਅਤੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਇਕ ਦੂਜੇ ਦੇ ਐਨ ਨੇੜੇ ਆਉਂਦੇ ਰਹੇ ਹਨ। ਉਨ੍ਹਾਂ ਕਿਹਾ ਸਰਨਾ ਪੰਥ 'ਚ ਸ਼ੰਕੇ ਪੈਦਾ ਕਰਨ ਦੀ ਬਜਾਏ ਸੰਨ 2023 ਦੀ ਥਾਂ ਨਾਨਕਸ਼ਾਹੀ ਕੈਲੰਡਰ ’ਤੇ ਪੋਹ ਸੁਦੀ ਸੱਤਵੀਂ ਦੀ ਤਲਾਸ਼ ਕਰਦੇ ਤਾਂ ਸਿਆਣਾ ਹੁੰਦਾ।

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਕਿਸਾਨਾਂ ਦੇ ਵਾਰੰਟ ਜਾਰੀ ਕਰਾਉਣੇ ਮੋਦੀ ਦੀ ਵਾਅਦਾਖਿਲਾਫ਼ੀ : ਮਹਿਲਾ ਕਿਸਾਨ ਯੂਨੀਅਨ

ਉਨ੍ਹਾਂ ਸਰਨਾ ਨੂੰ ਚੁਣੌਤੀ ਦਿੱਤੀ ਕਿ ਉਹ ਸਿੱਖ ਪੰਥ ਨੂੰ ਦਲੀਲ ਨਾਲ ਇਹ ਸਾਬਿਤ ਕਰਨ ਕਿ 5 ਜਨਵਰੀ ਨੂੰ ਹੀ ਗੁਰੂ ਦਸਮ ਪਿਤਾ ਦਾ ਅਵਤਾਰ ਪੁਰਬ ਹੈ? ਪ੍ਰੋ. ਸਰਚਾਂਦ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਕਿ ਸਰਨਾ ਵਰਗੇ ਕਈ ਲੋਕ ਹਨ ਜੋ ਪੰਥ ਵਿਚ ਭੰਬਲਭੂਸਾ ਪੈਦਾ ਕਰ ਰਹੇ ਹਨ, ਇਸ ਲਈ ਹੁਣ ਜ਼ਰੂਰੀ ਹੋ ਗਿਆ ਹੈ ਕਿ ਇਸ ਵਿਸ਼ੇ ਬਾਰੇ ਸਿੱਖ ਚਿੰਤਕ ਸਤਿੰਦਰ ਸਿੰਘ ਲੁਧਿਆਣਾ ਵੱਲੋਂ ਪੰਥ ਵਿਦਵਾਨਾਂ ਅਤੇ ਕੈਲੰਡਰ ਮਾਹਿਰਾਂ ਦੀ ਇਕੱਤਰਤਾ 'ਚ ਵਿਚਾਰ ਗੋਸ਼ਟੀ ਰਾਹੀਂ ਇਸ ਮਸਲੇ ਦਾ ਸਥਾਈ ਅਤੇ ਸਦੀਵੀ ਹੱਲ ਕਰਨ ਬਾਰੇ ਕੀਤੀ ਗਈ ਅਪੀਲ ਨੂੰ ਅਕਾਲ ਤਖ਼ਤ ਸਾਹਿਬ ਵਿਖੇ 26 ਨਵੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਕੀਤੀ ਜਾ ਰਹੀ ਇਕੱਤਰਤਾ ਵਿਚ ਵਿਚਾਰਿਆ ਜਾਵੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News