ਸਾਰਾਗੜ੍ਹੀ ਸਮਾਰੋਹ ਦਾ ਮੁੱਦਾ ਭਖਿਆ : ਕਾਂਗਰਸ ਵਿਧਾਇਕ ਨੇ ਮੰਗੀ ਕੈਪਟਨ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਦੀ ਮੁਅੱਤਲੀ
Saturday, Sep 09, 2017 - 08:36 AM (IST)
ਚੰਡੀਗੜ੍ਹ (ਭੁੱਲਰ)-ਕੈਪਟਨ ਸਰਕਾਰ 'ਚ ਕਾਂਗਰਸੀ ਵਿਧਾਇਕਾਂ ਤੇ ਸੀਨੀਅਰ ਅਧਿਕਾਰੀਆਂ ਵਿਚਕਾਰ ਸਹੀ ਤਾਲਮੇਲ ਨਹੀਂ ਬੈਠ ਰਿਹਾ। ਵਿਧਾਇਕ ਕਈ ਅਧਿਕਾਰੀਆਂ ਖਿਲਾਫ਼ ਸੁਣਵਾਈ ਨਾ ਹੋਣ ਦੀਆਂ ਸ਼ਿਕਾਇਤਾਂ ਪਿਛਲੇ ਸਮੇਂ ਵਿਚ ਕਰ ਚੁੱਕੇ ਹਨ। ਹੁਣ 12 ਸਤੰਬਰ ਨੂੰ ਫਿਰੋਜ਼ਪੁਰ ਵਿਖੇ ਹੋਣ ਵਾਲੇ ਸੂਬਾ ਪੱਧਰੀ ਸਾਰਾਗੜ੍ਹੀ ਸਮਾਰੋਹ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਵਿਚਕਾਰ ਟਕਰਾਅ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਵਿਧਾਇਕ ਵਲੋਂ ਖੁੱਲ੍ਹੇਆਮ ਇਸ ਅਧਿਕਾਰੀ ਖਿਲਾਫ ਟਿੱਪਣੀਆਂ ਕਰਨ ਕਾਰਨ ਭੱਖ ਗਿਆ ਹੈ। ਵਿਧਾਇਕ ਪਿੰਕੀ ਨੇ ਅੱਜ ਮੀਡੀਆ ਦੇ ਰੂ-ਬਰੂ ਹੋ ਕੇ ਇਸ ਅਧਿਕਾਰੀ 'ਤੇ ਵਾਰ ਹੀਰੋਜ਼ ਦੀ ਤੌਹੀਨ ਕਰਨ ਦੇ ਦੋਸ਼ ਲਾਉਂਦਿਆਂ ਮੁੱਖ ਮੰਤਰੀ ਤੋਂ ਮੁਅੱਤਲੀ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਇਸ ਮਾਮਲੇ ਵਿਚ ਹੋਰ ਕਈ ਵਿਧਾਇਕਾਂ ਦਾ ਵੀ ਸਮਰਥਨ ਪ੍ਰਾਪਤ ਹੋਣ ਦਾ ਦਾਅਵਾ ਕੀਤਾ ਹੈ ਅਤੇ ਇਹ ਮਾਮਲਾ ਉਨ੍ਹਾਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਧਿਆਨ ਵਿਚ ਵੀ ਲਿਆਂਦਾ ਗਿਆ। ਮੁੱਖ ਮੰਤਰੀ ਦੇ ਵਿਦੇਸ਼ 'ਚ ਹੋਣ ਕਾਰਨ ਉਹ ਅੱਜ ਉਨ੍ਹਾਂ ਦੀ ਥਾਂ ਕੰਮ ਦੇਖ ਰਹੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਸ਼ਾਮ ਨੂੰ ਇਸ ਮਾਮਲੇ 'ਚ ਅਧਿਕਾਰੀ ਖਿਲਾਫ਼ ਸ਼ਿਕਾਇਤ ਕਰਨ ਲਈ ਮਿਲਣ ਗਏ ਪਰ ਮਹਿੰਦਰਾ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਉਨ੍ਹਾਂ ਦਾ ਹਾਲ-ਚਾਲ ਪੁੱਛ ਕੇ ਵਾਪਸ ਆ ਗਏ।
ਮੁੱਖ ਮੰਤਰੀ ਕੋਲ ਉਠਾਉਣਗੇ ਮਾਮਲਾ
ਪਿੰਕੀ ਨੇ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਕੋਲ ਵੀ ਉਠਾਉਣ ਦਾ ਯਤਨ ਕਰ ਰਹੇ ਹਨ ਪਰ ਦੇਰ ਰਾਤ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪਿੰਕੀ ਦਾ ਕਹਿਣਾ ਹੈ ਕਿ 12 ਸਤੰਬਰ ਨੂੰ ਹੋਣ ਵਾਲੇ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਸਮਾਗਮ 'ਚ ਬਰਤਾਨੀਆ ਤੋਂ ਆ ਰਹੇ ਮਹਿਮਾਨਾਂ ਨੂੰ ਸਟੇਟ ਗੈਸਟ ਦਾ ਦਰਜਾ ਦੇਣ ਲਈ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵਲੋਂ ਭੇਜੀ ਗਈ ਫਾਈਲ ਦੀ ਕਾਰਵਾਈ ਸਬੰਧੀ ਜਾਣਕਾਰੀ ਲੈਣ ਲਈ ਉਹ ਬੀਤੇ ਦਿਨੀਂ ਕੈਪਟਨ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਨੂੰ ਮਿਲੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀ ਵਲੋਂ ਸਹੀ ਜਵਾਬ ਦੇਣ ਦੀ ਥਾਂ ਗੱਲਬਾਤ ਸਮੇਂ ਗਲਤ ਰੁਖ਼ ਅਪਣਾਇਆ ਗਿਆ। ਪਿੰਕੀ ਨੇ ਦੋਸ਼ ਲਾਇਆ ਕਿ ਉਸ ਅਧਿਕਾਰੀ ਵਲੋਂ ਫਾਈਲ ਪ੍ਰੋਟੋਕੋਲ ਵਿਭਾਗ ਨੂੰ ਭੇਜਣ ਦੀ ਥਾਂ ਆਪਣੇ ਕੋਲ ਹੀ ਦਬਾਈ ਹੋਈ ਹੈ ਤਾਂ ਜੋ ਸਾਰਾਗੜ੍ਹੀ ਦੇ ਸਮਾਗਮ ਨੂੰ ਤਾਰੋਪੀਡੋ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਉਹੀ ਅਧਿਕਾਰੀ ਹੈ, ਜੋ ਕਿ ਬਾਦਲ ਸਰਕਾਰ ਸਮੇਂ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਵੀ ਇਸੇ ਪੋਸਟ 'ਤੇ ਤਾਇਨਾਤ ਸੀ।
ਬਰਤਾਨੀਆ ਤੋਂ 14 ਫੌਜੀ ਅਫ਼ਸਰ ਆਉਣਗੇ ਸਾਰਾਗੜ੍ਹੀ ਸਮਾਰੋਹ 'ਚ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਰਾਗੜ੍ਹੀ ਆਪਣੇ ਪੁਸਤਕ ਰਿਲੀਜ਼ ਕਰਨ ਲਈ ਹੀ ਵਿਦੇਸ਼ ਗਏ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਚੰਡੀਗੜ੍ਹ ਤੇ ਦਿੱਲੀ ਸਮੇਤ ਕਈ ਥਾਵਾਂ 'ਤੇ ਇਹ ਪੁਸਤਕ ਰਿਲੀਜ਼ ਕੀਤੀ ਅਤੇ 12 ਸਤੰਬਰ ਦੇ ਰਾਜ ਪੱਧਰੀ ਸਮਾਰੋਹ ਮੌਕੇ ਸਰਕਾਰੀ ਛੁੱਟੀ ਵੀ ਐਲਾਨੀ ਹੈ ਪਰ ਉਨ੍ਹਾਂ ਨਾਲ ਤਾਇਨਾਤ ਅਧਿਕਾਰੀ ਦਾ ਰਵੱਈਆ ਬਿਲਕੁਲ ਉਲਟ ਹੈ, ਜੋ ਕਿ ਬਰਤਾਨੀਆ ਤੋਂ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਮਾਣ ਸਨਮਾਨ ਲਈ ਆ ਰਹੇ ਫੌਜੀ ਅਫ਼ਸਰਾਂ ਨੂੰ ਗੈਰ ਪੰਜਾਬੀ ਦੱਸ ਕੇ ਸਟੇਟ ਗੈਸਟ ਬਣਾਉਣ ਦੇ ਕੰਮ ਵਿਚ ਰੁਕਾਵਟ ਬਣ ਰਿਹਾ ਹੈ। ਪਿੰਕੀ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੌਰਾਨ ਬਾਹਰੋਂ ਆਉਣ ਵਾਲੇ 3200 ਵਿਅਕਤੀਆਂ ਨੂੰ ਸਟੇਟ ਗੈਸਟ ਦਾ ਦਰਜਾ ਦਿੱਤਾ ਗਿਆ ਹੈ ਤਾਂ ਬਰਤਾਨੀਆ ਤੋਂ ਆ ਰਹੇ ਫੌਜੀ ਅਫ਼ਸਰਾਂ ਨੂੰ ਇਹ ਦਰਜਾ ਦੇਣ 'ਚ ਕੀ ਦਿੱਕਤ ਹੈ? ਫਿਰੋਜ਼ਪੁਰ ਵਿਚ ਹੋਣ ਵਾਲੇ ਸਾਰਾਗੜ੍ਹੀ ਸਮਾਰੋਹ ਵਿਚ ਬਰਤਾਨੀਆ ਤੋਂ ਜੋ 14 ਫੌਜੀ ਅਫਸਰਾਂ ਦਾ ਵਫ਼ਦ ਆਇਆ ਹੈ, ਉਸ ਵਿਚ ਇਕ ਮੇਜਰ ਜਨਰਲ, ਇਕ ਬ੍ਰਿਗੇਡੀਅਰ, ਇਕ ਕਰਨਲ, ਇਕ ਲੇਫ਼ਟੀਨੈਂਟ ਕਰਨਲ, ਤਿੰਨ ਮੇਜਰ, ਤਿੰਨ ਕੈਪਟਨ ਅਤੇ ਚਾਰ ਹੋਰ ਫੌਜੀ ਅਫਸਰ ਹਨ। ਇੰਨਾ 14 ਮੈਂਬਰੀ ਵਫਦ ਵਿਚ 8 ਇੰਗਲਿਸ਼ ਅਫਸਰ ਹਨ ਅਤੇ ਛੇ ਭਾਰਤੀ ਮੂਲ ਦੇ ਹਨ, ਜਿਨ੍ਹਾਂ ਵਿਚ ਇਕ ਮਹਿਲਾ ਫੌਜੀ ਅਫਸਰ ਵੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਹੋ ਰਹੇ ਰਾਜ ਪੱਧਰੀ ਸਾਰਾਗੜ੍ਹੀ ਸਮਾਗਮ ਦੇ ਚੇਅਰਮੈਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਹਨ। ਇਸ ਕਮੇਟੀ ਵਿਚ ਫੌਜ ਦੇ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਪਿੰਕੀ ਵੀ ਸ਼ਾਮਲ ਹਨ।
