ਨਹੀਂ ਰਹੇ ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਜਾਣੋ ਕਿਹੋ-ਜਿਹਾ ਸੀ ਸਿਆਸੀ ਪਿਛੋਕੜ
Saturday, Jan 14, 2023 - 05:06 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ (76) ਦਾ ਅੱਜ ਭਾਰਤ ਜੋੜੋ ਯਾਤਰਾ ਦੌਰਾਨ ਦਿਹਾਂਤ ਹੋ ਗਿਆ। ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਦੀ ਅਚਾਨਕ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਮੌਕੇ ਉਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਦੱਸ ਦਈਏ ਕਿ ਸੰਤੋਖ ਸਿੰਘ ਚੌਧਰੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ। ਚੌਧਰੀ ਸੰਤੋਖ ਸਿੰਘ ਲਗਾਤਾਰ ਜਲੰਧਰ ਤੋਂ ਦੋ ਵਾਰ ਲੋਕ ਸਭਾ ਦੇ ਸੰਸਦ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ।
ਸੰਤੋਖ ਸਿੰਘ ਚੌਧਰੀ ਨੂੰ ਵਿਰਾਸਤ 'ਚ ਮਿਲੀ ਸਿਆਸਤ
ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਨੂੰ ਨਕੋਦਰ ਵਿਖੇ ਪਿੰਡ ਧਾਲੀਵਾਲ 'ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਮਾਸਟਰ ਗੁਰਬੰਤਾ ਸਿੰਘ ਅਤੇ ਮਾਤਾ ਦਾ ਨਾਂ ਸੰਪੂਰਨ ਕੌਰ ਹੈ। ਸੰਤੋਖ ਸਿੰਘ ਚੌਧਰੀ ਨੇ ਬੀ. ਏ. ਅਤੇ ਐੱਲ. ਐੱਲ. ਬੀ ਦੀ ਪੜ੍ਹਾਈ ਕੀਤੀ ਹੋਈ ਸੀ। ਪੇਸ਼ੇ ਤੋਂ ਕ੍ਰਿਮੀਨਲ ਵਕੀਲ ਚੌਧਰੀ ਸੰਤੋਖ ਸਿਘ ਨੂੰ ਸਿਆਸਤ ਵਿਰਾਸਤ 'ਚ ਮਿਲੀ। ਇਨ੍ਹਾਂ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਲੀਡਰ ਰਹੇ ਹਨ, ਜੋ ਪੰਜਾਬ ਤੋਂ ਲੈ ਕੇ ਕੇਂਦਰ ਸਰਕਾਰ ਤੱਕ ਮੰਤਰੀ ਰਹੇ। ਉਥੇ ਹੀ ਸੰਤੋਖ ਸਿੰਘ ਚੌਧਰੀ ਦੇ ਵੱਡੇ ਭਰਾ ਜਗਜੀਤ ਸਿੰਘ ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਚੁਣੇ ਗਏ ਸਨ ਅਤੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਰੂਪ 'ਚ ਵੱਡੇ ਅਨੁਸੂਚਿਤ ਜਾਤੀ ਦੇ ਚਿਹਰੇ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦੌਰਾਨ MP ਸੰਤੋਖ ਸਿੰਘ ਚੌਧਰੀ ਦਾ ਦਿਹਾਂਤ
ਕੀ ਹੈ ਸੰਤੋਖ ਸਿੰਘ ਚੌਧਰੀ ਦਾ ਸਿਆਸੀ ਪਿਛੋਕੜ
ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ 1978 'ਚ ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰੈਸੀਡੈਂਟ ਦੇ ਰੂਪ 'ਚ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਪਰਿਵਾਰਕ ਸੀਟ ਕਰਤਾਰਪੁਰ ਤੋਂ ਵੱਡੇ ਭਰਾ ਦੇ ਸਰਗਰਮ ਹੋਣ ਕਾਰਨ ਫਿਲੌਰ (ਰਿਜ਼ਰਵ) ਵਿਧਾਨ ਸਭਾ ਹਲਕਾ 'ਚ ਆਪਣੀ ਸਿਆਸੀ ਜਮੀਨ ਤਿਆਰ ਕੀਤੀ। ਸੰਤੋਖ ਚੌਧਰੀ ਸਾਲ 1992 ਤੋਂ 1997 ਤੱਕ ਫਿਲੌਰ ਹਲਕੇ ਤੋਂ ਵਿਧਾਇਕ ਰਹੇ। ਇਨ੍ਹਾਂ ਚੋਣਾਂ ਦੌਰਾਨ ਬਸਪਾ ਦੇ ਦੇਵ ਰਾਜ ਸੰਧੂ ਨੂੰ ਹਰਾਇਆ ਸੀ। ਸਾਲ 1992 ਤੋਂ 1995 ਤੱਕ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਰਹੇ। ਫਿਰ ਸਿਹਤ ਮੰਤਰਾਲੇ ਦੇ ਸੂਬਾ ਮੰਤਰੀ ਬਣੇ ਅਤੇ ਕੈਬਨਿਟ ਮੰਤਰੀ ਰਹੇ।
ਸੰਤੋਖ ਸਿੰਘ ਚੌਧਰੀ 1997 'ਚ ਫਿਲੌਰ ਹਲਕੇ 'ਚ ਅਕਾਲੀ ਦਲ ਦੇ ਸਰਵਨ ਸਿੰਘ ਫਿਲੌਰ ਤੋਂ ਚੋਣ ਹਾਰ ਗਏ ਸਨ।
ਚੌਧਰੀ ਸਾਲ 1997-1998 ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।
ਸਾਲ 2002 ਤੋਂ 2007 ਤੱਕ ਸੰਤੋਖ ਸਿੰਘ ਚੌਧਰੀ ਫਿਲੌਰ ਤੋਂ ਕਾਂਗਰਸ ਦੇ ਵਿਧਾਇਕ ਰਹੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ, ਮੈਡੀਕਲ ਐਜੂਕੇਸ਼ਨ ਮੰਤਰਾਲਾ ਦੇ ਕੈਬਨਿਟ ਮੰਤਰੀ ਰਹੇ। ਫਿਰ ਸਾਲ 2012 'ਚ ਫਿਲੌਰ ਹਲਕੇ ਤੋਂ ਅਕਾਲੀ ਦਲ ਦੇ ਅਵਿਨਾਸ਼ ਚੰਦਰ ਨਾਲ ਨਜ਼ਦੀਕੀ ਮੁਕਾਬਲੇ 'ਚ 31 ਵੋਟਾਂ ਦੇ ਅੰਤਰ ਨਾਲ ਹਾਰੇ।
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਸੰਤੋਖ ਸਿੰਘ ਚੌਧਰੀ ਦਾ ਮੁਕਾਬਲਾ ਸਿੱਧੇ ਤੌਰ 'ਤੇ ਅਕਾਲੀ ਦਲ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨਾਲ ਸੀ। ਇਨ੍ਹਾਂ ਚੋਣਾਂ ਦੌਰਾਨ ਸੰਤੋਖ ਸਿੰਘ ਚੌਧਰੀ ਕਰੀਬ ਪਵਨ ਟੀਨੂੰ ਤੋਂ 71 ਹਜ਼ਾਰ ਵੋਟਾਂ ਨਾਲ ਜਿੱਤੇ ਸਨ। ਸੰਤੋਖ ਸਿੰਘ ਚੌਧਰੀ ਨੂੰ 380479 (33.56 ਫ਼ੀਸਦੀ) ਵੋਟਾਂ ਪਈਆਂ ਜਦਕਿ ਪਵਨ ਕੁਮਾਰ ਟੀਨੂੰ ਨੂੰ 309498 (29.74 ਫ਼ੀਸਦੀ) ਵੋਟਾਂ ਪਈਆਂ ਸਨ। ਇਸ ਦੇ ਬਾਅਦ 2019 ਵਿਚ ਲੋਕ ਸਭਾ ਚੋਣਾਂ ਜਿੱਤ ਕੇ ਜਲੰਧਰ ਤੋਂ ਸੰਸਦ ਮੈਂਬਰ ਰਹੇ। 2019 ਦੀਆਂ ਲੋਕ ਸਭਾ ਚੋਣਾਂ ਵਿਚ ਸੰਤੋਖ ਸਿੰਘ ਚੌਧਰੀ ਨੇ ਅਕਾਲੀ ਦਲ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ ਹਰਾਇਆ ਸੀ। ਚੌਧਰੀ ਨੂੰ 3,85, 712 ਵੋਟਾਂ ਹਾਸਲ ਹੋਈਆਂ ਸਨ ਜਦਕਿ ਅਟਵਾਲ ਨੂੰ 3, 66,221 ਵੋਟਾਂ ਮਿਲੀਆਂ ਸਨ। ਉਥੇ ਹੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ 2,04,783 ਵੋਟਾਂ ਮਿਲੀਆਂ ਸਨ ਜਦਕਿ ਆਮ ਆਦਮੀ ਪਾਰਟੀ ਦੇ ਰਿਟਾਇਰਡ ਜਸਟਿਸ ਜੋੜਾ ਸਿੰਘ ਨੂੰ ਸਿਰਫ਼ 25,467 ਵੋਟਾਂ ਹਾਸਲ ਹੋਈਆਂ ਸਨ।
ਇਹ ਵੀ ਪੜ੍ਹੋ : ਜਲੰਧਰ 'ਚ 'ਭਾਰਤ ਜੋੜੋ ਯਾਤਰਾ' ਦੌਰਾਨ ਲੋਕ ਇਨ੍ਹਾਂ ਰੂਟਾਂ ਦੀ ਕਰਨਗੇ ਵਰਤੋਂ, ਟਰੈਫਿਕ ਰੂਟਾਂ ਦੇ ਵੇਰਵੇ ਹੋਏ ਜਾਰੀ
ਸਟਿੰਗ ਆਪਰੇਸ਼ਨ ਦੇ ਸਾਹਮਣੇ ਆਉਣ 'ਤੇ ਰਹੇ ਚਰਚਾ 'ਚ ਰਹੇ ਸਨ ਚੌਧਰੀ
ਭ੍ਰਿਸ਼ਟਾਚਾਰ ਸਬੰਧੀ ਸੰਤੋਖ ਸਿੰਘ ਚੌਧਰੀ ਦਾ ਨਿੱਜੀ ਚੈਨਲ 'ਤੇ ਵਿਖਾਏ ਗਏ ਸਟਿੰਗ ਆਪਰੇਸ਼ਨ ਦੇ ਕਾਰਨ ਕਾਫ਼ੀ ਚਰਚਾ 'ਚ ਰਹੇ। ਵਾਇਰਲ ਹੋਈ ਵੀਡੀਓ 'ਚ ਸੰਤੋਖ ਸਿੰਘ ਚੌਧਰੀ ਨਿੱਜੀ ਚੈਨਲ ਦੇ ਰਿਪੋਰਟਰ ਦੇ ਨਾਲ ਪੈਸਿਆਂ ਦੇ ਲੈਣ-ਦੇਣ ਬਾਰੇ ਗੱਲਬਾਤ ਕਰਦੇ ਨਜ਼ਰ ਆਏ ਸਨ, ਜਿਸ ਦੇ ਕਾਰਨ ਵਿਰੋਧੀਆਂ 'ਤੇ ਨਿਸ਼ਾਨੇ 'ਤੇ ਆ ਗਏ ਸਨ। ਚੌਧਰੀ ਸੰਤੋਖ ਸਿੰਘ ਨੇ ਖ਼ੁਦ ਸਟਿੰਗ ਤੋਂ ਬਾਅਦ ਸਫ਼ਾਈ ਦਿੰਦੇ ਹੋਏ ਕਿਹਾ ਸੀ ਕਿ ਇਸ ਸਟਿੰਗ ਆਪਰੇਸ਼ਨ ਨੂੰ ਕੱਟ-ਵੱਢ ਕੇ ਵਿਖਾਇਆ ਗਿਆ ਹੈ, ਇਸ 'ਚ ਕੋਈ ਸੱਚਾਈ ਨਹੀਂ ਹੈ।
ਤਿੰਨ ਮਹੀਨੇ ਦੀ ਜੇਲ੍ਹ ਵੀ ਕੱਟੀ
ਦੱਸ ਦੇਈਏ ਕਿ ਜਦੋਂ ਪੰਜਾਬ 'ਚ ਅੱਤਵਾਦ ਆਪਣੇ ਸਿਖਰ 'ਤੇ ਸੀ ਤਾਂ ਸੰਤੋਖ ਸਿੰਘ ਨੇ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਸੀ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ 'ਚ ਤਿੰਨ ਮਹੀਨੇ ਜੇਲ੍ਹ ਵੀ ਕੱਟੀ। ਦੱਸ ਦੇਈਏ ਕਿ ਸੰਤੋਖ ਸਿੰਘ ਚੌਧਰੀ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਦੇ ਸਨ। ਉਨ੍ਹਾਂ ਨੂੰ ਰੈਗੂਲਰ ਜਿੰਮਿੰਗ, ਰੋਜ਼ਾਨਾ ਬ੍ਰਿਸਕ ਵਾਕ ਦੇ ਨਾਲ-ਨਾਲ ਗੋਲਫ਼ ਖੇਡਣ ਅਤੇ ਕਿਤਾਬਾਂ ਪੜ੍ਹਨਾ ਵੀ ਪਸੰਦ ਸੀ।
ਇਹ ਸੀ ਰਾਹੁਲ ਗਾਂਧੀ ਦੀ ਯਾਤਰਾ ਦਾ ਸ਼ੈਡਿਊਲ
ਸਵੇਰੇ 7 ਵਜੇ ਰਾਹੁਲ ਗਾਂਧੀ ਦੀ ਯਾਤਰਾ ਲਾਡੋਵਾਲ ਤੋਂ ਸ਼ੁਰੂ ਹੋਈ ਸੀ। ਯਾਤਰਾ ਨੂੰ 10 ਵਜੇ ਦੇ ਕਰੀਬ ਗੋਰਿਆ ਪਹੁੰਚਣਾ ਸੀ। ਇਥੇ ਦੁਪਹਿਰ ਨੂੰ ਲੰਚ ਦੇ ਬਾਅਦ ਯਾਤਰਾ 3 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲਣੀ ਸੀ ਅਤੇ ਛੇ ਵਜੇ ਫਗਵਾੜਾ ਬੱਸ ਸਟੇਸ਼ਨ ਦੇ ਕੋਲ ਰੁੱਕਣੀ ਸੀ ਪਰ ਅਚਾਨਕ ਯਾਤਰਾ ਦੌਰਾਨ ਸੰਤੋਖ ਸਿੰਘ ਚੌਧਰੀ ਨੂੰ ਦਿਲਾ ਦਾ ਦੌਰਾ ਪਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਹੁਣ ਫਿਲਹਾਰ ਅਜੇ ਭਾਰਤ ਜੋੜੋ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਵਾਪਰਿਆ ਦਰਦਨਾਕ ਭਾਣਾ, ਪਰਿਵਾਰ ਨੇ ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ