ਸੰਤੋਖ ਚੌਧਰੀ ਨੇ ਫਗਵਾੜਾ ਹਿੰਸਾ ''ਚ ਜ਼ਖ਼ਮੀ ਦਾ ਹਾਲ-ਚਾਲ ਪੁੱਛਿਆ
Friday, Apr 20, 2018 - 04:45 AM (IST)

ਜਲੰਧਰ/ਲੁਧਿਆਣਾ, (ਧਵਨ)— ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਅੱਜ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ. ਐੱਮ. ਸੀ.) ਲੁਧਿਆਣਾ ਜਾ ਕੇ ਫਗਵਾੜਾ ਹਿੰਸਾ ਵਿਚ ਜ਼ਖ਼ਮੀ ਹੋਏ ਨੌਜਵਾਨ ਜਸਵੰਤ ਕੁਮਾਰ ਦੀ ਸਿਹਤ ਸਬੰਧੀ ਜਾਣਕਾਰੀ ਲਈ। ਪਿਛਲੇ ਹਫਤੇ ਜਸਵੰਤ ਨੂੰ ਹਿੰਸਾ ਕਾਰਨ ਸੱਟਾਂ ਲੱਗੀਆਂ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੰਸਦ ਮੈਂਬਰ ਚੌਧਰੀ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੌਧਰੀ ਨੇ ਜ਼ਖ਼ਮੀ ਨੌਜਵਾਨ ਕੋਲੋਂ ਘਟਨਾ ਬਾਰੇ ਪੂਰੀ ਜਾਣਕਾਰੀ ਲਈ ਅਤੇ ਪੰਜਾਬ ਸਰਕਾਰ ਵਲੋਂ ਇਲਾਜ ਵਿਚ ਪੂਰੀ ਮਦਦ ਦੇਣ ਦਾ ਭਰੋਸਾ ਦਿੱਤਾ।
ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਜੇਕਰ ਜ਼ਖਮੀ ਵਿਅਕਤੀ ਲੁਧਿਆਣਾ ਵਿਚ ਚੱਲ ਰਹੇ ਇਲਾਜ ਤੋਂ ਸੰਤੁਸ਼ਟ ਨਹੀਂ ਹੈ ਤਾਂ ਸਰਕਾਰ ਉਨ੍ਹਾਂ ਨੂੰ ਇਲਾਜ ਲਈ ਜਹਾਜ਼ ਰਾਹੀਂ ਕਿਸੇ ਹੋਰ ਹਸਪਤਾਲ ਵੀ ਭੇਜਣ ਲਈ ਵੀ ਤਿਆਰ ਹਨ ਪਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਲੁਧਿਆਣਾ ਵਿਚ ਚੱਲ ਰਹੇ ਇਲਾਜ ਤੋਂ ਸੰਤੁਸ਼ਟ ਹਨ ਤੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਖਾਸ ਤੌਰ 'ਤੇ ਧੰਨਵਾਦ ਜਤਾਇਆ। ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬਣਾ ਕੇ ਰੱਖੇਗੀ ਅਤੇ ਕਿਸੇ ਨੂੰ ਵੀ ਸੂਬੇ ਵਿਚ ਸੰਪਦਾਇਕ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਉਮੀਦ ਹੈ ਕਿ ਸਥਿਤੀ ਹੁਣ ਤੇਜ਼ੀ ਨਾਲ ਆਮ ਵਾਂਗ ਹੋ ਰਹੀ ਹੈ ਅਤੇ 1-2 ਦਿਨਾਂ ਵਿਚ ਸਭ ਕੁਝ ਠੀਕ ਹੋ ਜਾਵੇਗਾ। ਪੰਜਾਬ ਸਰਕਾਰ ਸਭ ਦੇ ਨਾਲ ਹੈ ਤੇ ਨਾਲ ਹੀ ਸੰਸਦ ਮੈਂਬਰ ਨੇ ਇਸ ਮੌਕੇ ਸਿਵਲ ਤੇ ਪੁਲਸ ਪ੍ਰਸ਼ਾਸਨ ਨੂੰ ਜ਼ਖ਼ਮੀ ਵਿਅਕਤੀ ਦਾ ਧਿਆਨ ਰੱਖਣ ਲਈ ਕਿਹਾ। ਇਸ ਮੌਕੇ ਐੱਸ. ਡੀ. ਐੱਮ. ਫਿਲੌਰ ਵਰਿੰਦਰਪਾਲ ਸਿੰਘ ਬਾਜਵਾ, ਨੌਜਵਾਨ ਕਾਂਗਰਸੀ ਆਗੂ ਯੋਗੇਸ਼ ਹਾਂਡਾ ਤੇ ਹੋਰ ਵੀ ਮੌਜੂਦ ਸਨ।