ਸੰਦੀਪ ਨੰਗਲ ਅੰਬੀਆਂ ਦੇ ਨਾਂ ’ਤੇ ਪਿੰਡ ’ਚ ਸੰਤੋਖ ਚੌਧਰੀ ਵੱਲੋਂ ਖੇਡ ਸਟੇਡੀਅਮ ਬਣਾਉਣ ਦਾ ਐਲਾਨ

03/24/2022 11:36:40 AM

ਗੋਰਾਇਆ (ਜ. ਬ.)- ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ 14 ਮਾਰਚ ਨੂੰ ਮੱਲ੍ਹੀਆਂ ਖੁਰਦ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਬੁੱਧਵਾਰ ਪਿੰਡ ਨੰਗਲ ਅੰਬੀਆਂ ਵਿਖੇ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਲਾਂਡਰਾ ਵਾਲਾ ਢਾਡੀ ਜਥਾ ਭਾਈ ਸਤਨਾਮ ਸਿੰਘ ਹਜ਼ੂਰੀ ਰਾਗੀ ਵੱਲੋਂ ਕੀਰਤਨ ਕੀਤਾ ਗਿਆ। 

ਇਸ ਤੋਂ ਬਾਅਦ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਗੁਰਲਾਲ ਸਿੰਘ ਘਨੌਰ, ਬਚਿੱਤਰ ਸਿੰਘ ਕੁਹਾੜ, ਸੁਰਿੰਦਰ ਸਿੰਘ ਮਾਣਕ ਯੂ. ਕੇ., ਤਰਸੇਮ ਸਿੰਘ ਮੋਰਾਂਵਾਲੀ, ਜਥੇਦਾਰ ਹਾਕਮ ਸਿੰਘ, ਭੁਪਿੰਦਰ ਸਿੰਘ ਸਾਬਕਾ ਗ੍ਰਹਿ ਮੰਤਰੀ, ਟੋਨੀ ਸੰਧੂ ਜਨਰਲ ਸਕੱਤਰ ਮੇਜਰ ਲੀਗ ਕਬੱਡੀ, ਮਨਜੀਤ ਸਿੰਘ ਰਾਏ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੋਆਬਾ, ਸੁਖਵਿੰਦਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਮੱਖਣ ਡਿੰਪੀ, ਰਵੇਲ ਸਿੰਘ ਤੋਂ ਇਲਾਵਾ ਹੋਰ ਕਬੱਡੀ ਦੇ ਖੇਡ ਪ੍ਰਮੋਟਰ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਇਕ ਪ੍ਰਸਿੱਧ ਕਬੱਡੀ ਖਿਡਾਰੀ ਸੀ, ਜਿਸ ਦੇ ਜਾਣ ਨਾਲ ਕਬੱਡੀ ਜਗਤ, ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। 

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਹੱਸਦਾ-ਵੱਸਦਾ ਪਰਿਵਾਰ, ਹਸਪਤਾਲ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼

PunjabKesari

ਸੰਦੀਪ ਦੇ ਨਾਂ ’ਤੇ ਇਕ ਖੇਡ ਸਟੇਡੀਅਮ ਸਰਕਾਰੀ ਸਕੂਲ ਦੀ ਗਰਾਊਂਡ ਵਿਚ ਬਣਾਇਆ ਜਾਵੇਗਾ, ਜਿਸ ਲਈ ਉਹ ਆਪਣੇ ਐੱਮ. ਪੀ. ਫੰਡ ਚੋਂ 10 ਲੱਖ ਰੁਪਏ ਜਦਕਿ ਪ੍ਰਸ਼ਾਸਨ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ, ਜਿਨ੍ਹਾਂ ਵੱਲੋਂ 15 ਲੱਖ ਰੁਪਏ ਦਿੱਤੇ ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਕਬੱਡੀ ਖਿਡਾਰੀ ਗੁਰਲਾਲ ਸਿੰਘ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਦੀ ਡਿਊਟੀ ਲਾਈ ਗਈ ਹੈ ਤੇ ਉਨ੍ਹਾਂ ਦੇ ਹੁਕਮਾਂ ’ਤੇ ਸੰਦੀਪ ਦੇ ਕਾਤਲਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ ਅਤੇ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇਗਾ। 

PunjabKesari

ਇਸ ਮੌਕੇ ਮੇਜਰ ਲੀਗ ਕਬੱਡੀ ਦੇ ਚੇਅਰਮੈਨ ਜਥੇਦਾਰ ਹਾਕਮ ਸਿੰਘ ਨੇ ਕਿਹਾ ਕਿ ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਲ ਸਾਰਾ ਹੀ ਖੇਡ ਜਗਤ ਅਤੇ ਉਸ ਦੇ ਚਾਹੁਣ ਵਾਲੇ ਗਹਿਰੇ ਸਦਮੇ ਵਿਚ ਸਨ ਅਤੇ ਸਾਰੇ ਹੀ ਫੈਡਰੇਸ਼ਨਾਂ ਵੱਲੋਂ ਕਬੱਡੀ ਦੇ ਟੂਰਨਾਮੈਂਟ ਅਤੇ ਮੈਚਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਉਨ੍ਹਾਂ ਕਿਹਾ ਕਿ ਸੰਦੀਪ ਹੀ ਮੇਜਰ ਲਈ ਕਬੱਡੀ ਦਾ ਪ੍ਰਧਾਨ ਰਹੇਗਾ, ਜਿਸ ਦੀ ਚੇਅਰ ਵੱਖਰੀ ਹੀ ਲੱਗਿਆ ਕਰੇਗੀ। ਇਸ ਮੌਕੇ ਬਲਜੀਤ ਸਿੰਘ ਸੰਧੂ, ਬਲਵਿੰਦਰ ਸਿੰਘ ਚੱਠਾ ਅਤੇ ਸਮੂਹ ਐੱਨ. ਆਰ. ਆਈ. ਭਰਾਵਾਂ ਵੱਲੋਂ ਜੋ ਸੰਦੀਪ ਨੰਗਲ ਅੰਬੀਆਂ ਵਾਸਤੇ ਵੱਡਾ ਸਨਮਾਨ ਅਨਾਊਂਸ ਕੀਤਾ ਗਿਆ ਸੀ, ਉਸ ਨੂੰ ਉਸਦੇ ਬੱਚਿਆਂ ਦੇ ਸਪੁਰਦ ਕੀਤੇ ਜਾਣ ਦੀ ਵੀ ਗੱਲ ਕਹੀ ਗਈ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਪਾਲ ਸਿੰਘ ਪਾਲਾ ਮੌਲੀ ਵੱਲੋਂ ਨਿਭਾਈ ਗਈ।

ਇਹ ਵੀ ਪੜ੍ਹੋ: ਸਾਵਧਾਨ: ਕੈਨੇਡਾ ਵੀਜ਼ਾ ਐਪਲੀਕੇਸ਼ਨ ਸੈਂਟਰ ’ਚ ਆਉਣ ਵਾਲਿਆਂ ਨੂੰ ਇੰਝ ਲੁੱਟ ਰਹੇ ਨੇ ਫਰਜ਼ੀ ਏਜੰਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News