ਭਾਰਤੀਆਂ ਨੂੰ ਬੇੜੀਆਂ ’ਚ ਜਕੜ ਕੇ ਡਿਪੋਰਟ ਕਰਨ ਦੀ ਸੰਤ ਸੀਚੇਵਾਲ ਨੇ ਕੀਤੀ ਸਖ਼ਤ ਨਿੰਦਾ
Saturday, Feb 08, 2025 - 04:14 AM (IST)
ਸੁਲਤਾਨਪੁਰ ਲੋਧੀ (ਧੀਰ, ਸੋਢੀ, ਅਸ਼ਵਨੀ, ਜੋਸ਼ੀ)- ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਮਰੀਕਾ ਵੱਲੋਂ ਭਾਰਤੀਆਂ ਨੂੰ ਬੇੜੀਆਂ ’ਚ ਜਕੜ ਕੇ ਡਿਪੋਰਟ ਕਰਨ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਸ ਇਸ ਤਰੀਕੇ ਨਾਲ ਭਾਰਤੀਆਂ ਦੀ ਵਤਨ ਵਾਪਸੀ ਨੇ ਭਾਰਤ ਦੇ ਅਕਸ ਦੀ ਪੂਰੇ ਦੇਸ਼ ’ਚ ਢਾਹ ਲਾਈ ਹੈ, ਕਿ ਕਿਵੇਂ ਇਕ ਫੌਜੀ ਜਹਾਜ਼ ’ਚ 104 ਦੇ ਕਰੀਬ ਭਾਰਤੀਆਂ ਨੂੰ 35 ਤੋਂ 40 ਘੰਟੇ ਬੇੜੀਆਂ ’ਚ ਬੰਨ ਕੇ ਵਾਪਸ ਭੇਜਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਪਰਤੇ ਭਾਰਤੀਆਂ ਦੇ ਮੁੱਦੇ ’ਤੇ ਰਾਜਨੀਤੀ ਕਰਨ ਦੀ ਬਜਾਏ ਉਨ੍ਹਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਸਰਕਾਰ ਨੂੰ ਅਮਰੀਕਨ ਸਰਕਾਰ ਨਾਲ ਵੀ ਗੱਲ ਕਰਨੀ ਦੀ ਅਪੀਲ ਕੀਤੀ ਕਿ ਉਥੇ ਰਹਿ ਰਹੇ ਭਾਰਤੀ ਕੋਈ ਅਪਰਾਧੀ ਜਾਂ ਆਤੰਕਵਾਦੀ ਨਹੀਂ ਹਨ, ਜੋ ਉਨ੍ਹਾਂ ਨੂੰ ਹੱਥਕੜੀਆਂ ਲਗਾ ਕੇ ਭੇਜਿਆ ਗਿਆ।
ਉਨ੍ਹਾਂ ਕਿਹਾ ਕਿ ਅਮਰੀਕਾ ਸਰਕਾਰ ਵੱਲੋਂ ਕਿਰਤੀਆਂ ਨਾਲ ਕੀਤਾ ਗਿਆ ਇਹ ਵਤੀਰਾ ਬੜਾ ਹੀ ਮੰਦਭਾਗਾ ਹੈ ਕਿਉਂਕਿ ਇਹ ਲੋਕ ਕੋਈ ਅਪਰਾਧੀ ਨਹੀਂ, ਬਲਕਿ ਸਿਰਫ ਰੋਜ਼ਗਾਰ ਦੀ ਭਾਲ ਵਿਚ ਗਲਤ ਏਜੰਟਾ ਦੇ ਰਾਹੀਂ ਉਥੇ ਪਹੁੰਚੇ ਹਨ। ਉਨ੍ਹਾਂ ਸਰਕਾਰ ਨੂੰ ਵੀ ਮੰਗ ਕੀਤੀ ਕਿ ਇਸਦੇ ਦੇ ਅਸਲ ਦੋਸ਼ੀਆਂ ਟਰੈਵਲ ਏਜੈਂਟਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ, ਜਿਨ੍ਹਾਂ ਵੱਲੋਂ ਇਨ੍ਹਾਂ ਲੋਕਾਂ ਨੂੰ ਭਰਮਾ ਕੇ ਗਲਤ ਤਰੀਕਿਆਂ ਨਾਲ ਵਿਦੇਸ਼ਾਂ ਵਿਚ ਭੇਜਿਆ ਜਾ ਰਿਹਾ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਤਬਾਹ ਕਰ'ਤਾ ਪਰਿਵਾਰ, ਸਕੇ ਭਰਾਵਾਂ ਦੀ ਮੌਕੇ 'ਤੇ ਹੀ ਹੋ ਗਈ ਦਰਦਨਾਕ ਮੌਤ
ਉਨ੍ਹਾਂ ਨਾਲ ਇਹ ਵੀ ਕਿਹਾ ਕਿ ਮਨੁੱਖੀ ਤਸਕਰੀ ਨੂੰ ਰੋਕਣ ਲਈ ਇਹਨਾਂ ਠੱਗ ਟਰੈਵਲ ਏਜੰਟਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨਾ ਬੇਹੱਦ ਜ਼ਰੂਰੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਸੰਸਦ ਵਿਚ ਵੀ ਭਾਰਤੀਆਂ ਤੇ ਪੰਜਾਬੀਆਂ ਨਾਲ ਹੋਈ ਇਸ ਵਧੀਕੀ ਦਾ ਮੁੱਦਾ ਉਠਾਉਣਗੇ ਤੇ ਨਾਲ ਹੀ ਇਨ੍ਹਾਂ ਵਾਪਸ ਪਰਤੇ ਭਾਰਤੀਆਂ ਦੇ ਮੁੜ ਵਸੇਬੇ ਵਿਚ ਪੂਰਾ ਸਹਿਯੋਗ ਕਰਨ ਦੀ ਮੰਗ ਰੱਖਣਗੇ।
ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਤੱਕ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ 200 ਤੋਂ ਵੱਧ ਵਿਦੇਸ਼ੀ ਮਾਮਲਿਆਂ ਨੂੰ ਸੁਲਝਾਇਆ ਗਿਆ ਹੈ, ਜੋ ਇਸੇ ਤਰ੍ਹਾਂ ਨਾਲ ਮਨੁੱਖੀ ਸਮੱਗਲਿੰਗ ਦਾ ਸ਼ਿਕਾਰ ਹੋ ਕੇ ਵਿਦੇਸ਼ਾਂ ਵਿਚ ਫਸ ਗਏ ਸੀ। ਇਨ੍ਹਾਂ ’ਚ ਸਭ ਤੋਂ ਜ਼ਿਆਦਾ ਅਰਬ ’ਚ ਫਸੀਆਂ ਦੇਸ਼ ਦੀਆਂ ਲੜਕੀਆਂ ਦੇ ਮਾਮਲੇ ਸੀ, ਜਿਨ੍ਹਾਂ ਨੂੰ ਟਰੈਵਲ ਏਜੰਟਾਂ ਨੇ ਉੱਥੇ ਇਕ ਤਰ੍ਹਾਂ ਨਾਲ ਵੇਚ ਦਿੱਤਾ ਸੀ।
ਸੰਤ ਸੀਚੇਵਾਲ ਨੇ ਕੇਵਲ ਵਿਦੇਸ਼ ਜਾਣ ਦਾ ਸੁਫਨਾ ਰੱਖਣ ਵਾਲੇ ਭਾਰਤੀਆਂ ਤੇ ਖਾਸ ਕਰ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੜ੍ਹ ਲਿਖ ਕਿ ਤੇ ਸਹੀ ਤਰੀਕੇ ਨਾਲ ਹੀ ਵਿਦੇਸ਼ ਜਾਣ। ਜਿਹੜੇ ਲੋਕ ਗਲਤ ਟਰੈਵਲ ਏਜੈਂਟਾ ਰਾਹੀਂ ਇਸ ਤਰ੍ਹਾਂ ਦੇ ਝਾਂਸੇ ਵਿਚ ਫਸ ਜਾਂਦੇ ਹਨ, ਨੂੰ ਕਈ ਤਰ੍ਹਾਂ ਦੇ ਜੋਖਮ ਝੱਲਣੇ ਪੈਂਦੇ ਹਨ।
ਇਹ ਵੀ ਪੜ੍ਹੋ- ਪਤੀ-ਪਤਨੀ ਦੇ ਰਿਸ਼ਤੇ ਦਾ ਖ਼ੌਫ਼ਨਾਕ ਅੰਤ ! ਬੰਦੇ ਨੇ ਆਪਣੀ ਹਮਸਫ਼ਰ ਨੂੰ ਦਿੱਤੀ ਭਿਆਨਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e