ਸੂਬੇ ’ਚ ਕਿਸੇ ਨੂੰ ਵੀ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਦਾ ਨਹੀਂ ਦਿੱਤਾ ਜਾਵੇਗਾ ਮੌਕਾ : ਸੰਜੀਵ ਅਰੋੜਾ

Sunday, May 22, 2022 - 01:43 PM (IST)

ਲੁਧਿਆਣਾ (ਜੋਸ਼ੀ) - ਪੰਜਾਬ ਤੋਂ ਆਮ ਆਦਮ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਹੈ ਕਿ ਸੂਬੇ ਵਿਚ ਕਿਸੇ ਨੂੰ ਵੀ ਅਰਾਜਕਤਾ ਦਾ ਮਾਹੌਲ ਪੈਦਾ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਪੂਰੀ ਤਰ੍ਹਾਂ ਨਾਲ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਵਚਨਬੱਧ ਹੈ। ਸਾਡੇ ਪ੍ਰਤੀਨਿਧੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਕੁਝ ਸ਼ਰਾਰਤੀ ਅਨਸਰਾਂ ਨੇ ਸੂਬੇ ਦੀ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਭੰਗ ਕਰਨ ਦਾ ਯਤਨ ਕੀਤਾ ਸੀ ਪਰ ਸੂਬਾ ਸਰਕਾਰ ਦੇ ਸਖ਼ਤ ਰਵੱਈਏ ਅਤੇ ਪੰਜਾਬ ਪੁਲਸ ਦੀ ਸਰਗਰਮੀ ਨਾਲ ਪੂਰੀ ਸਥਿਤੀ ’ਤੇ ਕਾਬੂ ਪਾ ਲਿਆ ਗਿਆ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵੀ ਇਕ ਮਿਸਾਲ ਪੇਸ਼ ਕਰਦੇ ਹੋਏ ਸ਼ਾਂਤੀਪੂਰਨ ਵਾਤਾਵਰਣ ਨੂੰ ਬਣਾਈ ਰੱਖਣ ’ਚ ਆਪਣਾ ਪੂਰਨ ਸਹਿਯੋਗ ਦਿੱਤਾ, ਜਿਸ ਦੇ ਲਈ ਉਹ ਵੀ ਪ੍ਰਸ਼ੰਸਾਂ ਦੇ ਪਾਤਰ ਹਨ।

ਇਹ ਵੀ ਪੜ੍ਹੋ : ਮਹਾਮਾਰੀ ਤੋਂ ਬਾਅਦ ਵੀ ਜਾਰੀ ਹੈ ਵਰਕ ਫ੍ਰਾਮ ਹੋਮ ਕਲਚਰ

ਪੰਜਾਬ ਦੇ ਲੋਕ ਨਹੀਂ ਭੁੱਲੇ ਅੱਤਵਾਦ ਦੇ ਕਾਲੇ ਦੌਰ ਨੂੰ

ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਵੱਖ-ਵੱਖ ਧਰਮਾਂ ਅਤੇ ਜਾਤੀਆਂ ਦੇ ਲੋਕ ਵਸਦੇ ਹਨ ਅਤੇ ਸਾਰੇ ਇਕ-ਦੂਜੇ ਦੇ ਧਰਮ ਦਾ ਪੂਰਾ ਆਦਰ-ਸਤਿਕਾਰ ਕਰਦੇ ਹਨ। ਪੰਜਾਬ ਦੇ ਲੋਕ ਪਹਿਲਾਂ ਅੱਤਵਾਦ ਦੇ ਕਾਲੇ ਦੌਰ ਨੂੰ ਦੇਖ ਚੁੱਕੇ ਹਨ, ਜਿਸ ਦੌਰਾਨ ਅਣਗਿਣਤ ਬੇਗੁਨਾਹ ਲੋਕਾਂ ਨੂੰ ਜਾਨ ਗੁਆਉਣੀ ਪਈ ਸੀ ਅਤੇ ਸੂਬੇ ਦੀ ਆਰਥਿਕਤਾ ਨੂੰ ਡੂੰਘੀ ਸੱਟ ਲੱਗੀ ਸੀ। ਇਸ ਲਈ ਸੂਬੇ ਦੇ ਲੋਕ ਹੁਣ ਉਸ ਕਾਲੇ ਦੌਰ ਨੂੰ ਦੁਬਾਰਾ ਨਹੀਂ ਦੇਖਣਾ ਚਾਹੁੰਦੇ ਅਤੇ ਸਾਰੀਆਂ ਰਾਜਨੀਤਿਕ ਚਾਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਸੰਪਰਦਾਇਕਤਾ ਖਿਲਾਫ ਇਕਜੁੱਟਤਾ ਦੀ ਲੋੜ

ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੇਸ਼ ਕੀਤਾ ਗਿਆ ਜਨ ਕਲਿਆਣ ਅਤੇ ਵਿਕਾਸ ਅਾਧਾਰਿਤ ਏਜੰਡਾ ਫੁੱਟਪਾਊ ਰਾਜਨੀਤੀ ਨੂੰ ਰੋਕਣ ਦਾ ਇਕੋ-ਇਕ ਹਥਿਆਰ ਹੈ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਸ ਗੱਲ ਨੂੰ ਦੁਹਰਾਇਆ, ਜਿਸ ’ਚ ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ਵਾਸੀਆਂ ਨੂੰ ਇਕਜੁੱਟ ਹੋ ਕੇ ਸਮਾਜ ’ਚ ਸੰਪਰਦਾਇਕਤਾ ਦੇ ਬੀਜ ਬੀਜਣ ਵਾਲੀਆਂ ਪਾਰਟੀਆਂ ਦਾ ਸਫਾਇਆ ਕਰ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕਮਜ਼ੋਰ ਰੁਪਏ ਕਾਰਨ ਲੋਕਾਂ ਦੇ ਰੁਜ਼ਗਾਰ ’ਤੇ ਸੰਕਟ ਦੇ ਬੱਦਲ

ਪੰਜਾਬ ਦੀ ਸੁਰੱਖਿਆ ਦਾ ਮੁੱਦਾ ਸਭ ਤੋਂ ਉੱਪਰ

ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਏਜੰਡੇ ’ਚ ਪੰਜਾਬ ਦੀ ਸੁਰੱਖਿਆ ਦਾ ਮੁੱਦਾ ਸਭ ਤੋਂ ਉੱਪਰ ਹੈ ਕਿਉਂÇਕਿ ਸੂਬੇ ’ਚ ਉਦਯੋਗ ਅਤੇ ਵਪਾਰ ਤਾਂ ਹੀ ਤਰੱਕੀ ਕਰ ਸਕਣਗੇ, ਜੇ ਸੂਬੇ ਦੇ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨਗੇ। ਸੁਰੱਖਿਆ ਦੇ ਮੁੱਦੇ ਨੂੰ ਮੁੱਖ ਮੰਤਰੀ ਵਲੋਂ ਕੱਲ ਦਿੱਲੀ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਵੀ ਚੁੱਕਿਆ ਗਿਆ ਸੀ, ਜਿਸ ’ਚ ਸੂਬੇ ਦੇ ਸੁਰੱਖਿਆ ਮਾਮਲਿਆਂ ’ਤੇ ਚਰਚਾ ਕੀਤੀ ਗਈ।

ਇਸ ਮੁਲਾਕਾਤ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਪੰਜਾਬ ’ਚ ਕੇਂਦਰੀ ਸੁਰੱਖਿਆ ਬਲਾਂ ਦੀਆਂ 10 ਹੋਰ ਕੰਪਨੀਆਂ ਭੇਜੀਆਂ ਜਾਣਗੀਆਂ।

ਸ਼ਰਾਰਤੀ ਅਨਸਰਾਂ ਲਈ ਚਿੰਤਾ ਕਰਨ ਦਾ ਸਮਾਂ

ਅਰੋੜਾ ਨੇ ਕਿਹਾ ਕਿ ਪੰਜਾਬ ਦੇ ਵਪਾਰੀ, ਉਦਯੋਗਪਤੀ ਅਤੇ ਹੋਰ ਸਾਰੇ ਵਰਗਾਂ ਦੇ ਲੋਕ ਬੇਖੌਫ ਹੋ ਕੇ ਆਪਣੇ ਕਾਰਜ ਕਰਨ ਕਿਉਂਕਿ ਸੂਬਾ ਸਰਕਾਰ ਉਨ੍ਹਾਂ ਦੀ ਸੁਰੱਖਿਆ ਲਈ ਉਨ੍ਹਾਂ ਤੋਂ ਜ਼ਿਆਦਾ ਚਿੰਤਤ ਹੈ। ਉਨ੍ਹਾਂ ਕਿਹਾ ਕਿ ਹੁਣ ਚਿੰਤਾ ਕਰਨ ਦਾ ਸਮਾਂ ਉਨ੍ਹਾਂ ਸ਼ਰਾਰਤੀ ਅਨਸਰਾਂ ਦਾ ਹੈ, ਜੋ ਹਰ ਸਮੇਂ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਨਸਰਾਂ ਨੂੰ ਸਰਕਾਰ ਕਦੇ ਪੈਦਾ ਨਹੀਂ ਦੇਵੇਗੀ।

ਇਹ ਵੀ ਪੜ੍ਹੋ : ਨਹਾਉਣਾ ਅਤੇ ਖਾਣਾ ਹੋਇਆ ਮਹਿੰਗਾ, ਡਿਟਰਜੈਂਟ ਦੀਆਂ ਕੀਮਤਾਂ ’ਚ ਵੀ 8 ਫੀਸਦੀ ਦਾ ਵਾਧਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News