ਸੰਜੇ ਨਗਰ ਦੇ ਨਿਵਾਸੀ ਜੀਅ ਰਹੇ ਨੇ ਨਰਕ ਭਰੀ ਜ਼ਿੰਦਗੀ

Tuesday, Feb 20, 2018 - 02:10 AM (IST)

ਫ਼ਰੀਦਕੋਟ,   (ਚਾਵਲਾ)-  ਸੰਜੇ ਨਗਰ ਬਸਤੀ ਦੇ ਦੋ-ਦੋ ਨਗਰ ਕੌਂਸਲਰ ਹੋਣ ਦੇ ਬਾਵਜੂਦ ਇਸ ਨਗਰ ਦੇ ਨਿਵਾਸੀ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ ਕਿਉਂਕਿ ਇੱਥੇ ਨਾ ਤਾਂ ਪੱਕੀਆਂ ਗਲੀਆਂ-ਨਾਲੀਆਂ ਅਤੇ ਨਾ ਹੀ ਉਨ੍ਹਾਂ ਦੀ ਸਫਾਈ ਹੁੰਦੀ ਹੈ। ਮੇਨ ਰੋਡ 'ਤੇ ਬਣਿਆ ਗੰਦਗੀ ਸੁੱਟਣ ਵਾਲਾ ਬਕਸਾ ਟੁੱਟਾ ਅਤੇ ਗੰਦਗੀ ਨਾਲ ਭਰਿਆ ਹੋਇਆ ਹੈ, ਜਿਸ 'ਚ ਸਾਰਾ ਦਿਨ ਆਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ, ਜਿਸ ਕਰ ਕੇ ਸੰਜੇ ਨਗਰ ਦੇ ਨਿਵਾਸੀਆਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਵਾਸੀਆਂ ਨੇ ਦੱਸਿਆ ਕਿ ਧਰਮਸ਼ਾਲਾ ਦੇ ਖੱਬੇ ਪਾਸੇ ਤਾਂ ਗਲੀ 'ਚ ਟਾਈਲਾਂ ਤੇ ਸੀਵਰੇਜ ਦੀਆਂ ਪਾਈਪਾਂ ਪਾ ਦਿੱਤੀਆਂ ਗਈਆਂ ਹਨ ਅਤੇ ਸੱਜੇ ਪਾਸੇ ਗਲੀਆਂ ਵਿਚ ਸੀਵਰੇਜ ਦਾ ਕੰਮ ਅਧੂਰਾ ਪਿਆ ਹੈ। ਨਾਲੀਆਂ ਅਤੇ ਗਲੀਆਂ ਕੱਚੀਆਂ ਹਨ। ਇਨ੍ਹਾਂ ਦੀ ਸਫਾਈ ਨਾ ਹੋਣ ਕਰ ਕੇ ਇਹ ਗੰਦਗੀ ਨਾਲ ਭਰੀਆਂ ਪਈਆਂ ਹਨ ਅਤੇ ਇਨ੍ਹਾਂ ਦਾ ਗੰਦਾ ਪਾਣੀ ਘਰਾਂ ਵਿਚ ਚਲਾ ਜਾਂਦਾ ਹੈ। ਮੀਂਹ ਦੇ ਦਿਨਾਂ 'ਚ ਤਾਂ ਗਲੀਆਂ 'ਚੋਂ ਪੈਦਲ ਲੰਘਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। 
ਉਨ੍ਹਾਂ ਦੱਸਿਆ ਕਿ ਇਸ ਨਗਰ 'ਚ 2500 ਦੇ ਕਰੀਬ ਵੋਟਰ ਹਨ, ਜਿਨ੍ਹਾਂ ਨਾਲ ਕੌਂਸਲਰਾਂ ਅਤੇ ਵਿਧਾਨ ਸਭਾ ਚੋਣਾਂ ਵੇਲੇ ਉਮੀਦਵਾਰਾਂ ਨੇ, ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਉਹ ਭੁੱਲ ਜਾਂਦੇ ਹਨ। ਨਗਰ ਕੌਂਸਲਰਾਂ ਅਤੇ ਨਗਰ ਕੌਂਸਲ ਦਫਤਰ 'ਚ ਅਧਿਕਾਰੀਆਂ ਨੂੰ ਇਸ ਸਬੰਧੀ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਕਿਉਂਕਿ ਇੱਥੇ ਵਿਧਾਇਕ ਅਤੇ ਸਰਕਾਰ ਕਾਂਗਰਸ ਦੀ ਅਤੇ ਨਗਰ ਕੌਂਸਲਰ ਅਕਾਲੀ ਦਲ ਨਾਲ ਸਬੰਧਤ ਹੈ। 
ਨਗਰ ਕੌਂਸਲਰ ਅਨੀਤਾ ਰਾਣੀ ਤੇ ਗੁਰਮੀਤ ਕੌਰ ਨੇ ਦੱਸਿਆ ਕਿ ਸਰਕਾਰ ਬਦਲਣ ਨਾਲ, ਜੋ ਸੀਵਰੇਜ ਅਤੇ ਹੋਰ ਵਿਕਾਸ ਦੇ ਕੰਮਾਂ ਲਈ ਫੰਡ ਆਏ ਸਨ, ਵਾਪਸ ਚਲੇ ਜਾਣ ਕਰ ਕੇ ਸੀਵਰੇਜ ਅਤੇ ਗਲੀਆਂ ਨਾਲੀਆਂ ਪੱਕੀਆਂ ਕਰਨ ਦੇ ਕੰਮ ਅਧੂਰੇ ਪਏ ਹਨ। ਉਨ੍ਹਾਂ ਦੱਸਿਆ ਕਿ ਸੀਵਰੇਜ ਪੈਣ ਤੋਂ ਬਾਅਦ ਗਲੀਆਂ ਤੇ ਨਾਲੀਆਂ ਵੀ ਪੱਕੀਆਂ ਕੀਤੀਆਂ ਜਾਣਗੀਆਂ।
ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗੁਰਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਬਹੁਤ ਜਲਦ ਸੀਵਰੇਜ ਲਈ ਫੰਡ ਆ ਰਹੇ ਹਨ ਅਤੇ ਗਲੀਆਂ-ਨਾਲੀਆਂ ਬਣਾਉਣ ਲਈ ਵੀ ਫੰਡ ਜਲਦ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਨਗਰ ਦੀ ਸਫਾਈ ਮੁਲਾਜ਼ਮਾਂ ਤੋਂ ਕਰਵਾਈ ਜਾ ਰਹੀ ਹੈ, ਜੇਕਰ ਕਿਤੇ ਰਹਿ ਗਈ ਹੋਵੇ ਤਾਂ ਉੱਥੇ ਤੁਰੰਤ ਕਰਵਾਈ ਜਾਵੇਗੀ। 
ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸੀਵਰੇਜ ਲਈ ਫੰਡ ਆ ਗਏ ਹਨ, ਜਿੱਥੇ ਕਿਤੇ ਵੀ ਸੀਵਰੇਜ ਦਾ ਕੰਮ ਅਧੂਰਾ ਪਿਆ ਹੈ, ਉਸ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਜੇ ਨਗਰ ਵਿਚ ਭਾਵੇਂ ਅਕਾਲੀ ਦਲ ਦਾ ਨਗਰ ਕੌਂਸਲਰ ਹੈ ਪਰ ਕੈਪਟਨ ਸਰਕਾਰ ਵੱਲੋਂ ਵਿਤਕਰਾ ਨਾ ਕਰਦੇ ਹੋਏ ਹਰੇਕ ਵਾਰਡ ਦਾ ਵਿਕਾਸ ਪਹਿਲ ਦੇ ਆਧਾਰ 'ਤੇ ਹੋਵੇਗਾ। 


Related News