ਸੰਗਰੂਰ 'ਚ ਰੇਲ ਗੱਡੀ ਦੇ ਡੱਬੇ ਪਟੜੀ ਤੋਂ ਉਤਰੇ, ਟਲਿਆ ਵੱਡਾ ਹਾਦਸਾ
Thursday, May 09, 2019 - 11:54 AM (IST)
ਧੂਰੀ (ਦਵਿੰਦਰ)—ਲੁਧਿਆਣਾ ਤੋਂ ਜਾਖਲ ਵੱਲ ਜਾ ਰਹੀ ਇਕ ਮਾਲਗੱਡੀ ਦੇ ਦੋ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਤਕਨੀਕੀ ਖਰਾਬੀ ਦੇ ਕਾਰਨ ਹੋਇਆ ਹੈ। ਡੱਬੇ ਪਟੜੀ ਤੋਂ ਉਤਰਨ ਦੇ ਕਾਰਨ ਰੇਲਵੇ ਟਰੈਕ ਰੁਕ ਗਿਆ ਹੈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਨਾਲ ਜਿੱਥੇ ਲੁਧਿਆਣਾ-ਧੂਰੀ-ਜਾਖਲ ਰੂਟ ਪ੍ਰਭਾਵਿਤ ਹੋਇਆ, ਉੱਥੇ ਹੀ ਸਥਾਨਕ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਹਾਦਸੇ ਤੋਂ ਬਾਅਦ ਸ਼ਹਿਰ ਵੀ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ, ਕਿਉਂਕਿ ਮਾਲ ਗੱਡੀ ਕਾਫੀ ਲੰਬੀ ਹੋਣ ਕਰਕੇ ਸ਼ਹਿਰ ਦੇ ਦੋਵੇਂ ਫਾਟਕ ਬੰਦ ਪਏ ਹਨ, ਜਿਸ ਕਰਕੇ ਲੋਕਾਂ ਨੂੰ ਲਾਈਨ ਤੋਂ ਪਾਰ-ਆਉਣ ਜਾਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।