ਢੀਂਡਸਾ ਪਿਉ-ਪੁੱਤ ਨੂੰ ਉਨ੍ਹਾਂ ਦੇ ਗੜ੍ਹ 'ਚ ਅੱਜ ਲਲਕਾਰਨਗੇ ਸੁਖਬੀਰ ਸਿੰਘ ਬਾਦਲ

Sunday, Feb 02, 2020 - 10:29 AM (IST)

ਢੀਂਡਸਾ ਪਿਉ-ਪੁੱਤ ਨੂੰ ਉਨ੍ਹਾਂ ਦੇ ਗੜ੍ਹ 'ਚ ਅੱਜ ਲਲਕਾਰਨਗੇ ਸੁਖਬੀਰ ਸਿੰਘ ਬਾਦਲ

ਸੰਗਰੂਰ (ਵਿਵੇਕ ਸਿੰਧਵਾਨੀ) : ਰਾਜਨੀਤੀ 'ਚ ਇਕ ਕਹਾਵਤ ਮਸ਼ਹੂਰ ਹੈ ਕਿ 'ਰਾਜਨੀਤੀ ਵਿਚ ਕੋਈ ਪੱਕੇ ਦੋਸਤ ਅਤੇ ਪੱਕੇ ਦੁਸ਼ਮਣ ਨਹੀਂ ਹੁੰਦੇ। ਇਹ ਕਹਾਵਤ ਹੁਣ ਪ੍ਰਤੱਖ ਹੁੰਦੀ ਦਿਖਾਈ ਦੇ ਰਹੀ ਹੈ। ਕਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਆਪਸੀ ਗੂੜ੍ਹੀ ਦੋਸਤੀ ਰਹੀ ਹੈ। ਲੋਕ ਬਾਦਲ ਅਤੇ ਢੀਂਡਸਾ ਨੂੰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਦਿਮਾਗ ਆਖਿਆ ਕਰਦੇ ਸਨ। ਦੋਵਾਂ ਦੀ ਦੋਸਤੀ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਰਜੀਤ ਸਿੰਘ ਬਰਨਾਲਾ ਨੂੰ ਰਾਜਨੀਤਕ ਧੋਬੀ ਪਟਕਾ ਮਾਰਿਆ ਸੀ, ਜਿਸ ਦੇ ਲਾਭ ਸਦਕਾ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰ ਮੁੱਖ ਮੰਤਰੀ ਦਾ ਤਾਜ ਹਾਸਲ ਹੋਇਆ। ਢੀਂਡਸਾ ਬਾਦਲ ਦੇ ਹਮੇਸ਼ਾ ਵਫਾਦਾਰ ਦੋਸਤ ਦੇ ਤੌਰ 'ਤੇ ਵਿਚਰਦੇ ਰਹੇ। ਇਸ 'ਚ ਵੀ ਕੋਈ ਦੋ ਰਾਏ ਨਹੀਂ ਕਿ ਢੀਂਡਸਾ ਨੂੰ ਕੇਂਦਰੀ ਅਤੇ ਰਾਜ ਸਭਾ ਦੀ ਮੈਂਬਰੀ ਸਮੇਤ ਰਾਜ ਸੁੱਖ ਭੋਗਣ ਨੂੰ ਮਿਲਿਆ। ਹੁਣ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥੋਂ ਕਮਾਂਡ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਹੱਥਾਂ 'ਚ ਆ ਗਈ ਤਾਂ ਢੀਂਡਸਾ ਨੂੰ ਅਹਿਮੀਅਤ ਮਿਲਣੀ ਘੱਟ ਹੋ ਗਈ ਅਤੇ ਆਖਿਰ ਇਹ ਰਾਜਨੀਤਕ ਸਾਂਝ ਤਿੜਕਦੀ-ਤਿੜਕਦੀ ਤਿੜਕ ਗਈ। ਇਹ ਹੁਣ ਇਕ-ਦੂਜੇ ਦੇ ਆਹਮੋ-ਸਾਹਮਣੇ ਰਾਜਨੀਤਕ ਵਿਰੋਧੀ ਬਣ ਖੜ੍ਹੇ ਹੋਏ ਹਨ।

ਸੁਖਬੀਰ ਬਾਦਲ ਆਪਣੇ ਰਾਜਨੀਤਕ ਭਾਈਵਾਲ ਰਹੇ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਲਲਕਾਰਨ ਅੱਜ ਉਨ੍ਹਾਂ ਦੇ ਗੜ੍ਹ ਵਿਚ ਆ ਰਹੇ ਹਨ। ਵੈਸੇ ਤਾਂ ਲੋਕ ਇਸ ਰਾਜਨੀਤਕ ਟੁੱਟਗੀ ਤੜੱਕ ਕਰ ਕੇ ਨੂੰ ਦੇਖਣ ਲਈ ਕਾਹਲੇ ਵੀ ਹਨ ਕਿ ਸੁਖਬੀਰ ਬਾਦਲ ਖੁਦ ਆ ਰਹੇ ਹਨ ਅਤੇ ਆ ਵੀ ਅਜਿਹੇ ਸਮੇਂ ਰਹੇ ਹਨ ਜਦੋਂ ਉਨ੍ਹਾਂ ਦੇ ਸਬੰਧ ਆਪਣੇ ਕੇਂਦਰ 'ਚ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ ਵੀ 'ਨਹੁੰ ਮਾਸ ਵਾਲੇ ਨਹੀਂ ਰਹੇ। ਦਿੱਲੀ ਦੀਆਂ ਚੋਣਾਂ 'ਚ ਸੁਖਬੀਰ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵਿਧਾਨ ਸਭਾ 'ਚ ਸੀਟਾਂ ਨਾ ਦੇਣਾ ਅਤੇ ਉਨ੍ਹਾਂ ਨਾਲ ਰਲ ਕੇ ਚੋਣ ਲੜਨ ਤੋਂ ਪਹਿਲਾਂ ਕੋਰੀ ਨਾਂਹ ਕਰ ਦੇਣ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਹਾਲਤ ਪਤਲੀ ਹੋ ਗਈ ਹੈ। ਪਹਿਲਾਂ ਭਾਜਪਾ ਵੱਲੋਂ ਚੋਣ ਸਾਂਝ ਨਾ ਕਰਨਾ ਫਿਰ ਬਿਨਾਂ ਕੋਈ ਸੀਟ ਮਿਲੇ ਭਾਜਪਾ ਦੀ ਹਮਾਇਤ ਕਰਨਾ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਰਾਜਨੀਤਕ ਸੱਟ ਵੱਜੀ ਹੀ ਕਿਹਾ ਜਾ ਸਕਦਾ ਹੈ।

ਸੁਖਬੀਰ ਬਾਦਲ ਦੀ ਅਗਵਾਈ ਹੇਠ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਵੀ ਭਾਜਪਾ ਵੱਲੋਂ ਪੱਲਾ ਨਾ ਫੜਾਉਣਾ ਅਤੇ ਅਕਾਲੀ ਦਲ ਵੱਲੋਂ ਚੌਟਾਲਾ ਪਰਿਵਾਰ ਨਾਲ ਚੋਣ ਲੜਨ ਕਾਰਣ ਭਾਜਪਾ ਦਾ ਸੱਤਾ ਤੱਕ ਇਕੱਲੇ ਨਾ ਪਹੁੰਚਣ ਦੀ ਘਟਨਾ ਨਾਲ ਵੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਭਾਰਤੀ ਜਨਤਾ ਪਾਰਟੀ ਦੀਆਂ ਨਜ਼ਰਾਂ 'ਚ ਕੁਝ ਹਲਕੀ ਹੀ ਹੋਈ ਹੈ। ਹੁਣ ਦਿੱਲੀ ਦੀਆਂ ਚੱਲ ਰਹੀਆਂ ਚੋਣਾਂ 'ਚ ਅਸਿੱਧੇ ਢੰਗ ਨਾਲ ਦਿੱਲੀ ਦੇ ਸਰਨਾ ਭਰਾਵਾਂ ਜਿਨ੍ਹਾਂ ਦੀ ਸੁਖਦੇਵ ਢੀਂਡਸਾ ਨਾਲ ਚੰਗੀ ਸਾਂਝ ਹੈ, ਦੀ ਹਮਾਇਤ ਕਰਨ ਕਰ ਕੇ ਸੁਖਬੀਰ ਬਾਦਲ ਦੀ ਹਾਲਤ ਪਤਲੀ ਹੀ ਹੋਈ ਹੈ। ਹੁਣ ਆਪਣੀ ਪੰਜਾਬ ਵਿਚੋਂ ਵੀ ਖੁਰ ਰਹੀ ਸਾਖ ਨੂੰ ਬਚਾਉਣ ਲਈ ਅਤੇ ਸੁਖਦੇਵ ਢੀਂਡਸਾ ਨੂੰ ਰਾਜਨੀਤਕ ਤਾਕਤ ਹਾਸਲ ਕਰਨ ਤੋਂ ਰੋਕਣ ਲਈ ਸੁਖਬੀਰ ਬਾਦਲ ਜ਼ਿਲਾ ਸੰਗਰੂਰ ਅੰਦਰ ਆ ਕੇ ਅੱਜ ਹੁੰਕਾਰਾ ਭਰਨਗੇ।


author

cherry

Content Editor

Related News