ਮੈਕਸੀਕੋ ਤੋਂ ਡਿਪੋਰਟ ਕੀਤੇ ਪੰਜਾਬੀ ਨੇ ਸੁਣਾਈ ਦੁਖ ਭਰੀ ਕਹਾਣੀ (ਵੀਡੀਓ)

10/22/2019 4:36:39 PM

ਸੰਗਰੂਰ (ਰਾਜੇਸ਼ ਕੋਹਲੀ) : ਵਿਦੇਸ਼ ਜਾ ਕੇ ਸੁਨਿਹਰੀ ਭਵਿੱਖ ਬਣਾਉਣ ਦੀ ਚਾਹਤ ਹਰ ਕਿਸੇ ਦੀ ਹੁੰਦੀ ਹੈ। ਇਸ ਚਾਹਤ 'ਚ ਕਈ ਵਾਰ ਲੋਕ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦਾ ਰਾਹ ਚੁਣ ਲੈਂਦੇ ਹਨ, ਜੋ ਕਾਫੀ ਖਤਰਨਾਕ ਹੁੰਦਾ ਹੈ। ਅਜਿਹਾ ਹੀ ਸੰਗਰੂਰ ਦੇ 23 ਸਾਲਾਂ ਦੀਪ ਦੇ ਨਾਲ ਹੋਇਆ ਹੈ, ਜੋ ਲੱਖਾਂ ਰੁਪਏ ਖਰਚ ਕਰਕੇ ਇਸੇ ਸੁਪਨੇ ਨੂੰ ਲੈ ਕੇ 13 ਜੂਨ ਨੂੰ ਦਿੱਲੀ ਤੋਂ ਅਮਰੀਕਾ ਲਈ ਰਵਾਨਾ ਹੋਇਆ ਸੀ, ਤਾਂ ਕਿ ਆਪਣਾ ਤੇ ਪਰਿਵਾਰ ਦਾ ਭਵਿੱਖ ਵਧੀਆ ਬਣਾ ਸਕੇ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਸੁਪਨੇ ਚਕਨਾਚੂਰ ਹੋਣ ਵਾਲੇ ਹਨ। ਡੋਂਕੀ ਤੋਂ ਬਚ ਕੇ ਨਿਕਲੇ ਤੇ ਮੈਕਸੀਕੋ ਤੋਂ ਡਿਪੋਰਟ ਹੋਏ ਦੀਪ ਨੇ ਪੂਰੀ ਦਰਦਨਾਕ ਕਹਾਣੀ ਨੂੰ ਬਿਆਨ ਕੀਤਾ ਹੈ।

ਦੀਪ ਨੇ ਦੱਸਿਆ ਕਿ ਉਸ ਦੇ ਗਰੁੱਪ ਵਿਚ 23 ਦੇ ਕਰੀਬ ਨੌਜਵਾਨ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਬੀਮਾਰ ਸਨ ਅਤੇ ਉਹ ਇਕਵਾਡੋਰ ਦੇ ਰਸਤੇ ਮੈਕਸੀਕੋ ਪੁੱਜੇ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਜਾਣਾ ਸੀ ਪਰ ਮੈਕਸੀਕੋ ਦੇ ਸ਼ਰਨਾਰਥੀ ਕੈਂਪ ਵਿਚ ਉਹ ਫੜੇ ਗਏ ਅਤੇ ਉਸ ਦਾ ਅਮਰੀਕਾ ਜਾਣ ਦਾ ਸੁਪਨਾ ਚੂਰ-ਚੂਰ ਹੋ ਗਿਆ। ਦੀਪ ਨੇ ਕਿਹਾ ਕਿ ਮੈਕਸੀਕੋ ਦੇ ਇਤਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ ਹੈ। ਇਸ ਦੌਰਾਨ ਦੀਪ ਨੇ ਪਨਾਮਾ ਦੇ ਜੰਗਲਾਂ ਵਿਚ ਆਪਣੀ ਅੱਖਾਂ ਦੇ ਸਾਹਮਣੇ ਕਈ ਨੌਜਵਾਨਾਂ ਨੂੰ ਦਮ ਤੋੜਦੇ ਹੋਏ ਵੀ ਦੇਖਿਆ। ਦੱਸ ਦੇਈਏ ਕਿ ਦੀਪ ਉਨ੍ਹਾਂ 311 ਭਾਰਤੀਆਂ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਮੈਕਸੀਕੋ ਤੋਂ ਡਿਪੋਰਟ ਕੀਤਾ ਗਿਆ ਹੈ।

ਦੀਪ ਦੇ ਪਿਤਾ ਦਾ ਕਹਿਣਾ ਹੈ ਪੰਜਾਬ ਵਿਚ ਕੋਈ ਰੋਜ਼ਗਾਰ ਨਾ ਹੋਣ ਕਾਰਨ ਉਨ੍ਹਾਂ ਨੇ ਆਪਣੇ 2 ਟਰੱਕ ਵੇਚ ਕੇ ਅਤੇ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਪਰ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੀਪ ਨੂੰ ਅਮਰੀਕਾ ਭੇਜਣ ਲਈ ਉਨ੍ਹਾਂ ਦਾ 20-22 ਲੱਖ ਦਾ ਖਰਚਾ ਹੋਇਆ ਹੈ, ਜੋ ਕਿ ਉਨ੍ਹਾਂ ਨੂੰ ਵਾਪਸ ਮਿਲਣ ਦੀ ਉਮੀਦ ਨਹੀਂ ਹੈ। ਉਨ੍ਹਾਂ ਗਲਤ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਖਿਲਾਫ ਕਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਏਜੰਟ ਉਨ੍ਹਾਂ ਦੇ ਪੁੱਤਰ ਨੂੰ ਗਲਤ ਤਰੀਕੇ ਨਾਲ ਅਮਰੀਕਾ ਭੇਜ ਰਿਹਾ ਹੈ।

ਵਿਦੇਸ਼ ਜਾਣ ਦੀ ਚਾਹਤ ਹਰ ਕਿਸੇ ਦੀ ਹੁੰਦੀ ਹੈ ਪਰ ਰਾਹ ਗਲਤ ਹੋਵੇ ਤਾਂ ਕਿਹੋ ਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਇਸ ਨੌਜਵਾਨ ਨੇ ਬਿਆਂ ਕੀਤਾ ਹੈ। ਦੀਪ ਖੁਸ਼ਕਿਸਮਤ ਸੀ ਕਿ ਸਹੀ ਸਲਾਮਤ ਵਾਪਸ ਪਰਤ ਆਇਆ, ਕਈ ਅਜਿਹੇ ਨੌਜਵਾਨ ਵੀ ਹਨ, ਜੋ ਹਮੇਸ਼ਾ ਲਈ ਆਪਣੇ ਮਾਪਿਆਂ ਤੋਂ ਦੂਰ ਜਾ ਚੁੱਕੇ ਹਨ। ਵਿਦੇਸ਼ ਜਾਣਾ ਗਲਤ ਨਹੀਂ ਹੈ ਪਰ ਰਾਹ ਹਮੇਸ਼ਾ ਸਹੀ ਚੁਣੋ।


cherry

Edited By cherry