ਵੱਡੇ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਵੀ ਨਹੀਂ ਕੀਤਾ ਇਨਸਾਫ!
Tuesday, Nov 13, 2018 - 03:45 PM (IST)
ਸੰਗਰੂਰ— ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਪਿਛਲੇ ਕਰੀਬ ਡੇਢ ਸਾਲ ਤੋਂ ਪਿੰਡ ਬਡਰੁੱਖਾਂ ਵਿਚ ਸਰਪੰਚ ਦੇ ਘਰ ਪਿਆ ਸਥਾਪਤੀ ਦੀ ਉਡੀਕ ਕਰ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜਨਮ ਸਥਾਨ ਤੇ ਨਾਨਕਾ ਪਿੰੰਡ ਬਡਰੁੱਖਾਂ ਦੀ ਗਰਾਮ ਪੰਚਾਇਤ ਨੇ ਦੱਸਿਆ ਕਿ ਕਰੀਬ 21 ਸਾਲ ਪਹਿਲਾਂ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਮੌਕੇ ਇਥੇ ਰਾਜ ਪੱਧਰੀ ਸਮਾਗਮ ਹੋਇਆ। ਇਸ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਸ਼ੇਰ-ਏ-ਪੰਜਾਬ ਯਾਦਗਾਰੀ ਪਾਰਕ ਸਥਾਪਿਤ ਕਰਕੇ ਘੋੜੇ 'ਤੇ ਸਵਾਰ ਕਾਂਸ਼ੀ ਦਾ ਬੁੱਤ ਬਡਰੁੱਖਾਂ 'ਚ ਲਾਇਆ ਜਾਵੇਗਾ। ਇਹ ਵਾਅਦਾ ਕਰੀਬ 19 ਵਰ੍ਹਿਆਂ ਮਗਰੋਂ ਉਸ ਸਮੇਂ ਪੂਰਾ ਹੁੰਦਾ ਜਾਪਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਯਾਦਗਾਰੀ ਪਾਰਕ ਵਿਚ ਸਥਾਪਿਤ ਕਰਨ ਲਈ ਸਰਕਾਰ ਵੱਲੋਂ ਭੇਜ ਦਿੱਤਾ ਗਿਆ ਪਰ ਸਰਕਾਰ ਵੱਲੋਂ ਭੇਜਿਆ ਗਿਆ ਬੁੱਤ ਘੋੜੇ 'ਤੇ ਸਵਾਰ ਨਹੀਂ ਬਣਾਇਆ ਗਿਆ ਅਤੇ ਨਾ ਹੀ ਇਹ ਬੁੱਤ ਕਾਂਸ਼ੀ ਦਾ ਬਣਿਆ ਹੈ। ਹੋਰ ਤਾਂ ਹੋਰ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਖਰਾਬ ਸੀ ਪਰ ਜੋ ਬੁੱਤ ਬਣਾ ਕੇ ਭੇਜਿਆ ਗਿਆ ਉਸ ਵਿਚ ਮਹਾਰਾਜਾ ਰਣਜੀਤ ਸਿੰਘ ਦੀਆਂ ਦੋਵੇਂ ਅੱਖਾਂ ਸਹੀ ਹਨ। ਪੰਚਾਇਤ ਨੂੰ ਇਹ ਬੁੱਤ ਪਸੰਦ ਨਹੀਂ ਅਤੇ ਉਨ੍ਹਾਂ ਨੇ ਇਸ ਨੂੰ ਨਾ ਲਗਾਉਣ ਦਾ ਫੈਸਲਾ ਲਿਆ। ਪੰਚਾਇਤ ਦੀ ਮੰਗ ਹੈ ਕਿ ਘੋੜੇ 'ਤੇ ਸਵਾਰ ਸ਼ੇਰ-ਏ-ਪੰਜਾਬ ਕਾਂਸ਼ੀ ਦਾ ਬੁੱਤ ਭੇਜਿਆ ਜਾਵੇ।
ਸਰਪੰਚ ਦੇ ਪੁੱਤਰ ਰਣਦੀਪ ਸਿੰਘ ਮਿੰਟੂ ਦਾ ਕਹਿਣਾ ਹੈ ਕਿ ਪੰਚਾਇਤੀ ਫੈਸਲੇ ਬਾਰੇ ਸਬੰਧਤ ਵਿਭਾਗ ਨੂੰ ਜਾਣੂ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਵਿਭਾਗ ਵੱਲੋਂ ਭੇਜੀ ਇਕ ਟੀਮ ਸ਼ੇਰ-ਏ-ਪੰਜਾਬ ਦੇ ਬੁੱਤ ਨੂੰ ਵਾਪਸ ਲੈਣ ਲਈ ਆਈ ਸੀ ਪਰ ਪੰਚਾਇਤ ਨੇ ਮੰਗ ਰੱਖੀ ਸੀ ਕਿ ਪਹਿਲਾਂ ਨਵਾਂ ਬੁੱਤ ਬਣਾ ਕੇ ਭੇਜੋ। ਜਦੋਂ ਨਵਾਂ ਬੁੱਤ ਭੇਜ ਦੇਵੋਗੇ ਤਾਂ ਇਹ ਬੁੱਤ ਉਸੇ ਸਮੇਂ ਵਾਪਸ ਕਰ ਦਿੱਤਾ ਜਾਵੇਗਾ। ਉਸ ਮਗਰੋਂ ਅਜੇ ਤੱਕ ਕਿਸੇ ਵੀ ਵਿਭਾਗ ਜਾਂ ਅਧਿਕਾਰੀ ਨੇ ਪੰਚਾਇਤ ਨਾ ਸੰਪਰਕ ਨਹੀਂ ਕੀਤਾ। ਹਲਕਾ ਵਿਧਾਇਕ ਤੇ ਵਿੱਤ ਮੰਤਰੀ ਹੁੰਦਿਆਂ ਪਰਮਿੰਦਰ ਸਿੰਘ ਢੀਂਡਸਾ ਵੱਲੋਂ 13 ਨਵੰਬਰ 2014 ਨੂੰ ਯਾਦਗਾਰੀ ਪਾਰਕ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਹੁਣ ਯਾਦਗਾਰੀ ਪਾਰਕ ਤਾਂ ਬਣ ਚੁੱਕਿਆ ਹੈ ਪਰ ਪਾਰਕ ਵਿਚਕਾਰ ਬੁੱਤ ਸਥਾਪਿਤ ਕਰਨ ਲਈ ਬਣਾਇਆ ਗਿਆ ਥੜਾ ਟੁੱਟਣਾ ਸ਼ੁਰੂ ਹੋ ਗਿਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਸਬੰਧੀ ਡਾਇਰੈਕਟਰ ਸਭਿਆਚਾਰਕ ਮਾਮਲੇ ਤੇ ਪੁਰਾਤੱਤਵ ਵਿਭਾਗ ਨਾਲ ਗੱਲ ਕਰਨਗੇ ਤਾਂ ਜੋ ਸ਼ੇਰ-ਏ-ਪੰਜਾਬ ਦਾ ਬੁੱਤ ਸਥਾਪਿਤ ਹੋ ਸਕੇ।
ਭਾਵੇਂ ਸ੍ਰੋਮਣੀ ਅਕਾਲੀ ਦਲ ਅਤੇ ਸਮੇਂ ਦੀ ਕਾਂਗਰਸ ਸਰਕਾਰ ਨੇ ਜਨਮ ਦਿਹਾੜੇ ਮੌਕੇ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਨੂੰ ਅਣਗੌਲਿਆ ਕਰ ਦਿੱਤਾ ਹੈ ਪਰ ਪਿੰਡ ਬਡਰੁੱਖਾਂ ਦੇ ਵਾਸੀ ਆਪਣੇ ਪਿੰਡ ਦੀ ਧੀ ਮਾਤਾ ਰਾਜ ਕੌਰ ਦੀ ਕੁੱਖੋਂ ਪੈਦਾ ਹੋਏ ਸਿੱਖ ਕੌਮ ਦੇ ਇਸ ਮਹਾਨ ਯੋਧੇ ਦਾ ਜਨਮ ਦਿਹਾੜਾ ਮਨਾ ਰਹੇ ਹਨ। ਸ਼ੇਰ-ਏ-ਪੰਜਾਬ ਦੀ ਯਾਦ 'ਚ ਬਣੇ ਗੁਰਦੁਆਰਾ ਸਾਹਿਬ ਵਿਖੇ ਅੱਜ 13 ਨਵੰਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।