ਸੰਗਰੂਰ ਜ਼ਿਮਨੀ ਚੋਣ : ਸੋਮਵਾਰ ਨੂੰ ਜਾਰੀ ਹੋਵੇਗਾ ਨੋਟੀਫਿਕੇਸ਼ਨ, 6 ਜੂਨ ਤੱਕ ਭਰੀਆਂ ਜਾ ਸਕਣਗੀਆਂ ਨਾਮਜ਼ਦਗੀਆਂ

Sunday, May 29, 2022 - 05:46 PM (IST)

ਸੰਗਰੂਰ ਜ਼ਿਮਨੀ ਚੋਣ : ਸੋਮਵਾਰ ਨੂੰ ਜਾਰੀ ਹੋਵੇਗਾ ਨੋਟੀਫਿਕੇਸ਼ਨ, 6 ਜੂਨ ਤੱਕ ਭਰੀਆਂ ਜਾ ਸਕਣਗੀਆਂ ਨਾਮਜ਼ਦਗੀਆਂ

ਚੰਡੀਗੜ੍ਹ : ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਸੋਮਵਾਰ ਨੂੰ ਜਾਰੀ ਹੋ ਜਾਵੇਗਾ ਅਤੇ ਉਮੀਦਵਾਰ 6 ਜੂਨ, 2022 ਤੱਕ ਨਾਮਜ਼ਦਗੀਆਂ ਦਾਖ਼ਲ ਕਰ ਸਕਦੇ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਸ਼ਡਿਊਲ ਅਨੁਸਾਰ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ 30 ਮਈ, 2022 ਹੈ ਅਤੇ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 6 ਜੂਨ, 2022 ਹੈ, ਜਦੋਂ ਕਿ ਨਾਮਜ਼ਦਗੀਆਂ ਦੀ ਪੜਤਾਲ 7 ਜੂਨ, 2022 ਨੂੰ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਆਖ਼ਰੀ ਮਿਤੀ 9 ਜੂਨ, 2022 ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਦੀ ਮਿਤੀ 23 ਜੂਨ, 2022 ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਨਿਰਧਾਰਿਤ ਕੀਤੀ ਗਈ ਹੈ, ਜਦੋਂ ਕਿ ਗਿਣਤੀ 26 ਜੂਨ, 2022 ਨੂੰ ਹੋਵੇਗੀ। ਚੋਣ 28 ਜੂਨ, 2022 ਤੋਂ ਪਹਿਲਾਂ ਮੁਕੰਮਲ ਹੋ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਕੱਚੇ ਅਧਿਆਪਕਾਂ ਨੇ ਕੀਤਾ ਅਹਿਮ ਐਲਾਨ, ਇਸ ਤਾਰੀਖ਼ ਤੋਂ ਚੰਡੀਗੜ੍ਹ 'ਚ ਲਾਉਣਗੇ ਪੱਕਾ ਧਰਨਾ

ਡਾ. ਰਾਜੂ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ 30 ਮਈ ਤੋਂ 6 ਜੂਨ ਤੱਕ ਸਰਕਾਰੀ ਛੁੱਟੀ ਤੋਂ ਇਲਾਵਾ ਕਿਸੇ ਵੀ ਦਿਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਬੰਧਿਤ ਰਿਟਰਨਿੰਗ ਅਫ਼ਸਰ ਕੋਲ ਦਾਖ਼ਲ ਕੀਤੇ ਜਾਣੇ ਹਨ। ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਗਰੂਰ ਸੰਸਦੀ ਹਲਕੇ-12 ਲਈ ਰਿਟਰਨਿੰਗ ਅਫ਼ਸਰ ਹਨ। ਜਾਣਕਾਰੀ ਅਨੁਸਾਰ 3 ਜੂਨ, 2022 ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ (ਸ਼ੁੱਕਰਵਾਰ) ਹੈ ਅਤੇ 4 ਜੂਨ, 2022 ਨੂੰ ਪਹਿਲਾ ਸ਼ਨੀਵਾਰ ਹੈ, ਜੋ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਅਧੀਨ ਛੁੱਟੀ ਵਾਲੇ ਦਿਨ ਨਹੀਂ ਹਨ, ਇਸ ਲਈ ਇਨ੍ਹਾਂ ਦਿਨਾਂ ਦੌਰਾਨ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਜਾ ਸਕਦਾ ਹੈ। ਹਾਲਾਂਕਿ 5 ਜੂਨ, 2022 ਐਤਵਾਰ ਹੋਣ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਦੇ ਤਹਿਤ ਛੁੱਟੀ ਹੈ; ਇਸ ਲਈ ਇਸ ਦਿਨ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰਾਂ ਕੋਲ ਦਾਖ਼ਲ ਨਹੀਂ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਸਟਿੱਕਰ ਲੱਗੀ Scorpio ਨੇ ਦਰੜੇ ਪਤੀ-ਪਤਨੀ, ਖ਼ੌਫ਼ਨਾਕ ਮੰਜ਼ਰ ਦੇਖ਼ ਕੰਬੇ ਲੋਕਾਂ ਦੇ ਦਿਲ (ਤਸਵੀਰਾਂ)

ਉਨ੍ਹਾਂ ਕਿਹਾ ਕਿ ਸੰਗਰੂਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਫਾਰਮ 2ਏ ਵਿੱਚ ਦਾਖ਼ਲ ਕੀਤੇ ਜਾਣੇ ਹਨ ਅਤੇ ਰਿਟਰਨਿੰਗ ਅਫ਼ਸਰ ਕੋਲ ਖ਼ਾਲੀ ਫਾਰਮ ਉਪਲੱਬਧ ਹਨ। ਉਨ੍ਹਾਂ ਕਿਹਾ ਕਿ ਟਾਈਪ ਕੀਤੇ ਨਾਮਜ਼ਦਗੀ ਪੱਤਰ ਵੀ ਸਵੀਕਾਰ ਕੀਤੇ ਜਾਣਗੇ ਬਸ਼ਰਤੇ ਉਹ ਨਿਰਧਾਰਿਤ ਫਾਰਮ ਵਿੱਚ ਹੋਣ। ਡਾ. ਰਾਜੂ ਨੇ ਦੱਸਿਆ ਕਿ ਸੰਸਦੀ ਹਲਕੇ (ਲੋਕ ਸਭਾ) ਦੀ ਸੀਟ ਲਈ ਯੋਗ ਹੋਣ ਵਾਸਤੇ ਉਮੀਦਵਾਰ ਕਿਸੇ ਵੀ ਸੰਸਦੀ ਹਲਕੇ ਲਈ ਵੋਟਰ ਵਜੋਂ ਰਜਿਸਟਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ `ਤੇ ਸਬੰਧਿਤ ਰਿਟਰਨਿੰਗ ਅਫ਼ਸਰ ਨੂੰ ਸੰਤੁਸ਼ਟ ਕਰਨ ਲਈ ਉਮੀਦਵਾਰਾਂ ਨੂੰ ਲਾਗੂ ਵੋਟਰ ਸੂਚੀ ਦੀ ਸਬੰਧਿਤ ਐਂਟਰੀ ਦੀ ਪ੍ਰਮਾਣਿਤ ਕਾਪੀ ਪੇਸ਼ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਸਬੰਧਿਤ ਰਿਟਰਨਿੰਗ ਅਫ਼ਸਰ ਜਾਂ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਕਿਸੇ ਹੋਰ ਵਿਅਕਤੀ ਅੱਗੇ ਨਿਰਧਾਰਿਤ ਫਾਰਮ ਵਿੱਚ ਸਹੁੰ ਜਾਂ ਪੁਸ਼ਟੀ ਕਰਨ ਲਈ ਇੱਕ ਸਰਟੀਫਿਕੇਟ ਦੀ ਵੀ ਲੋੜ ਹੁੰਦੀ ਹੈ। ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣ ਤੋਂ ਬਾਅਦ ਅਤੇ ਨਾਮਜ਼ਦਗੀਆਂ ਦੀ ਪੜਤਾਲ ਲਈ ਨਿਰਧਾਰਿਤ ਮਿਤੀ ਤੋਂ ਪਹਿਲਾਂ ਸਹੁੰ/ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣਾਂ ਦੇ ਐਲਾਨ ਦੀ ਮਿਤੀ (25.05.2022) ਤੋਂ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਜੋ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਤੱਕ ਲਾਗੂ ਰਹੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News