ਭਗਵੰਤ ਮਾਨ ਨੇ ਕੀਤੀ ਵੱਡੀ ਗਲਤੀ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸ
Monday, Apr 29, 2019 - 10:07 AM (IST)
ਸੰਗਰੂਰ(ਵੈੱਬ ਡੈਸਕ) : ਸੰਗਰੂਰ ਤੋਂ 'ਆਪ' ਉਮੀਦਵਾਰ ਸੰਸਦ ਮੈਂਬਰ ਭਗਵੰਤ ਮਾਨ 'ਤੇ 3 ਚੋਣਾਂ ਵਿਚ ਆਪਣੀ ਆਮਦਨ ਤੇ ਜਾਇਦਾਦ ਬਾਰੇ ਵੱਖ-ਵੱਖ ਜਾਣਕਾਰੀ ਦੇਣ 'ਤੇ ਚੋਣ ਕਮਿਸ਼ਨ ਵੱਲੋਂ ਨੋਟਿਸ ਭੇਜ ਕੇ 24 ਘੰਟਿਆਂ ਵਿਚ ਜਵਾਬ ਦੇਣ ਲਈ ਕਿਹਾ ਹੈ। ਦੱਸ ਦੇਈਏ ਕਿ ਆਰ.ਟੀ.ਆਈ. ਐਕਟੀਵਿਸਟ ਅਤੇ ਐਡਵੋਕੇਟ ਕਮਲ ਆਨੰਦ ਨੇ ਚੀਫ ਚੋਣ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਵਿਚ ਕਿਹਾ ਹੈ ਕਿ ਮਾਨ ਦੇ 2014, 17, ਅਤੇ 19 ਦੇ ਐਫੀਡੈਵਿਟ ਵਿਚ ਜਾਇਦਾਦ ਦੇ ਬਿਓਰੇ ਵਿਚ ਅੰਤਰ ਹੈ। ਅਜਿਹੇ ਵਿਚ ਮਾਨ 'ਤੇ ਕੇਸ ਕੀਤਾ ਜਾਏ। ਆਨੰਦ ਨੇ ਕਮਿਸ਼ਨ ਨੂੰ ਦੱਸਿਆ ਕਿ 2017 ਵਿਚ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਲਈ ਜਲਾਲਾਬਾਦ ਤੋਂ ਆਪਣੀ ਨਾਮਜ਼ਦਗੀ ਦਾਖਲ ਕੀਤੀ ਸੀ। ਉਨ੍ਹਾਂ ਨੇ ਹਲਫੀਆ ਬਿਆਨ ਵਿਚ ਸਾਲ 2015-16 ਦੀ ਸਾਲਾਨਾ ਆਮਦਨ 9,34,760 ਰੁਪਏ ਦਰਸਾਈ ਸੀ, ਜਦੋਂਕਿ 2019 ਲੋਕਾ ਸਭਾ ਚੋਣਾਂ ਲਈ 26 ਅਪ੍ਰੈਲ ਨੂੰ ਦਾਖਲ ਕੀਤੇ ਨਾਮਜ਼ਦਗੀ ਪੱਤਰ ਨਾਲ ਲਗਾਏ ਹਲਫੀਆ ਬਿਆਨ ਵਿਚ ਸਾਲ 2015-16 ਦੀ ਸਾਲਾਨਾ ਆਮਦਨ 16,54,755 ਰੁਪਏ ਦਰਸਾਈ ਹੈ। ਇਸ ਤੋਂ ਇਲਾਵਾ 2014 ਦੀਆਂ ਚੋਣਾਂ ਦੌਰਾਨ ਹਲਫੀਆ ਬਿਆਨ ਵਿਚ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਪਿੰਡ ਬੀਰਕਲਾਂ ਵਿਚ 1993 ਤੋਂ 2006 ਤੱਕ 5 ਕਨਾਲ ਜ਼ਮੀਨ ਖਰੀਦੀ ਹੈ। ਹੁਣ ਕਿਹਾ 18 ਕਨਾਲ ਜ਼ਮੀਨ ਖਰੀਦੀ ਹੈ। 2014 ਵਿਚ ਪਿੰਡ ਸਤੌਜ ਵਿਚ ਕੋਈ ਜ਼ਮੀਨ ਖਰੀਦੀ ਨਹੀਂ ਦਿਖਾਈ ਜਦੋਂ ਕਿ ਇਸ ਵਾਰ 2.75 ਕਨਾਲ 7 ਮਰਲੇ ਜ਼ਮੀਨ ਦੀ ਖਰੀਦ ਦੱਸੀ ਹੈ।
ਹੋ ਸਕਦੀ ਹੈ 6 ਮਹੀਨੇ ਦੀ ਸਜ਼ਾ
ਕਮਲ ਆਨੰਦ ਨੇ ਦੱਸਿਆ ਕਿ ਐਫੀਡੈਵਿਟ ਵਿਚ ਗਲਤ ਜਾਣਕਾਰੀ ਦੇਣ 'ਤੇ ਲੋਕ ਪ੍ਰਤੀਨਿਧੀ ਐਕਟ ਤਹਿਤ 6 ਮਹੀਨੇ ਦੀ ਸਜ਼ਾ ਹੋ ਸਕਦੀ ਹੈ।
ਮਾਨ ਬੋਲੇ-ਦੋਸ਼ ਬੇਬੁਨਿਆਦ
ਭਗਵੰਤ ਮਾਨ ਨੇ ਸਾਰੇ ਦੋਸ਼ਾਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਗੁੰਮਰਾਹ ਨਹੀਂ ਕੀਤਾ ਹੈ। ਉਨ੍ਹਾਂ ਨੂੰ ਐਡਵੋਕੇਟ ਦੀ ਸ਼ਿਕਾਇਤ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਹੈ।