ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਹੀ ਸਮੁੱਚੇ ਵਰਗਾਂ ਦਾ ਵਿਕਾਸ ਹੁੰਦੈ : ਪਰੂਥੀ
Monday, Mar 11, 2019 - 04:00 AM (IST)

ਸੰਗਰੂਰ (ਜ਼ਹੂਰ)-ਪੰਜਾਬ ਦੀ ਉਚੇਰੀ ਸਿੱਖਿਆ ਤੇ ਜਲ ਸਰੋਤ ਮੰਤਰੀ ਪੰਜਾਬ ਮੈਡਮ ਰਜ਼ੀਆ ਸੁਲਤਾਨਾ ਵੱਲੋਂ ਮਾਲੇਰਕੋਟਲਾ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ 235 ਕਰੋਡ਼ ਦੀ ਲਾਗਤ ਨਾਲ ਬਣਨ ਵਾਲੇ ਇਕ ਦਰਜਨ ਤੋਂ ਵੱਧ ਵੱਡੇ ਵਿਕਾਸ ਪ੍ਰਾਜੈਕਟਾਂ ਦੇ ਕੀਤੇ ਉਦਘਾਟਨਾਂ ਨੂੰ ਲੈ ਕੇ ਇਲਾਕੇ ਦੇ ਹਰ ਵਰਗ ਵਿਚ ਖੁਸ਼ੀ ਪਾਈ ਜਾ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਪਰੂਥੀ ਨੇ ਕਰਦਿਆਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ’ਚ ਸ਼ਹਿਰ ਦੀ ਵਾਟਰ ਸਪਲਾਈ, ਸੀਵਰੇਜ ਸਿਸਟਮ ਦੀਆਂ ਨਵੀਆਂ ਲਾਈਨਾਂ, ਸੀਵਰੇਜ ਟਰੀਟਮੈਂਟ ਪਲਾਂਟ ਅਤੇ ਸ਼ਹਿਰ ਦੀਆਂ ਵੱਖ-ਵੱਖ ਸਡ਼ਕਾਂ ’ਤੇ ਇੰਟਰਲਾਕਿੰਗ ਟਾਈਲਾਂ ਲਾਉਣਾ, ਸ਼ਹਿਰ ਵਿਚ ਤਿੰਨ ਵੱਡੇ ਪਾਰਕ, ਅੱਠ ਨਵੇਂ ਟਿਊਬਵੈੱਲ ਅਤੇ ਆਧੁਨਿਕ ਜੱਚਾ-ਬੱਚਾ ਕੇਂਦਰ ਦੀ ਸਥਾਪਨਾ, ਸਰਕਾਰੀ ਬੀ.ਐੱਡ ਕਾਲਜ ਦੀ ਉਸਾਰੀ ਅਤੇ ਸਕਿੱਲ ਕੇਂਦਰਾਂ ’ਤੇ ਕਰੋਡ਼ਾਂ ਰੁਪਏ ਦੇ ਪ੍ਰਾਜੈਕਟ ਆਦਿ ਕੰਮ ਸ਼ਾਮਲ ਹਨ, ਜਿਨ੍ਹਾਂ ਨਾਲ ਮਾਲੇਰਕੋਟਲਾ ਸ਼ਹਿਰ ਇਕ ਨਮੂਨੇ ਦਾ ਸ਼ਹਿਰ ਬਣ ਜਾਵੇਗਾ। ਸ.ਪਰੂਥੀ ਨੇ ਉਕਤ ਸ਼ੁਰੂ ਕੀਤੇ ਸ਼ਲਾਘਾਯੋਗ ਵਿਕਾਸ ਪ੍ਰਾਜੈਕਟਾਂ ਲਈ ਮੈਡਮ ਰਜ਼ੀਆ ਸੁਲਤਾਨਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੈਡਮ ਰਜ਼ੀਆ ਸੁਲਤਾਨਾ ਨੇ ਚੋਣਾਂ ਦੌਰਾਨ ਸ਼ਹਿਰ ਵਾਸੀਆਂ ਨਾਲ ਕੀਤੇ ਵਾਅਦਿਆਂ ਨੂੰ ਬਾਖੂਬੀ ਪੂਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਹੀ ਅਜਿਹੀ ਸਰਕਾਰ ਹੈ, ਜਿਸਦੇ ਕਾਰਜਕਾਲ ’ਚ ਸਮੁੱਚੇ ਵਰਗਾਂ ਦਾ ਵਿਕਾਸ ਹੁੰਦਾ ਹੈ। ਇਸ ਮੌਕੇ ਉਨ੍ਹਾਂ ਨਾਲ ਮਾਸਟਰ ਜਸਵਿੰਦਰ ਸਿੰਘ ਅਤੇ ਰਣਧੀਰ ਸਿੰਘ ਸੇਵਾ ਮੁਕਤ ਬੈਂਕ ਅਧਿਕਾਰੀ ਵੀ ਹਾਜ਼ਰ ਸਨ।