ਬੀ. ਐੱਸ. ਐੱਨ. ਐੱਲ. ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ
Saturday, Feb 16, 2019 - 03:38 AM (IST)

ਸੰਗਰੂਰ (ਬੇਦੀ, ਜਨੂਹਾ, ਯਾਦਵਿੰਦਰ, ਹਰਜਿੰਦਰ)-ਬੀ. ਐੱਸ. ਐੱਨ. ਐੱਲ. ਦੀਆਂ ਸਮੂਹ ਜਥੇਬੰਦੀਆਂ ਦੇ ਸੱਦੇ ’ਤੇ ਸਾਰੇ ਦੇਸ਼ ’ਚ ਰੋਸ ਮਾਰਚ ਅਤੇ ਰੈਲੀਆਂ ਕੀਤੀਆਂ ਗਈਆਂ। ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਸੰਗਰੂਰ ਬੀ. ਐੱਸ. ਐੱਨ. ਐੱਲ. ਦੀਆਂ ਸਮੂਹ ਜਥੇਬੰਦੀਆਂ ਵੱਲੋਂ ਜੰਮੂ ਅਤੇ ਕਸ਼ਮੀਰ ’ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ ’ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਇਸ ਅੱਤਵਾਦੀ ਹਮਲੇ ਦੀ ਪੁਰਜ਼ੋਰ ਸ਼ਬਦਾਂ ’ਚ ਨਿੰਦਿਆ ਕੀਤੀ ਗਈ। ਇਸ ਉਪਰੰਤ ਬੀ. ਐੱਸ. ਐੱਨ. ਐੱਲ. ਦੇ ਆਤਮ ਨਿਰਭਰ ਬਣਾਉਣ ’ਤੇ ਇਸ ਨੂੰ ਬਚਾਉਣ ਲਈ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰ ਬੀ. ਐੱਸ. ਐੱਨ. ਐੱਲ. ਨੂੰ ਪ੍ਰਾਈਵੇਟ ਆਪ੍ਰੇਟਰਾਂ ਦੇ ਹੱਥਾਂ ’ਚ ਦੇਣਾ ਚਾਹੁੰਦੀ ਹੈ ਜਦੋਂ ਕਿ ਬੀ. ਐੱਸ. ਐੱਨ. ਐੱਲ. ਆਮ ਲੋਕਾਂ ਦਾ ਅਦਾਰਾ ਹੈ। ਇਸ ਸਬੰਧ ’ਚ ਬੀ. ਐੱਸ. ਐੱਨ. ਐੱਲ. ਨੂੰ 4-ਜੀ ਸਪੈਕਟਰਮ ਦੇਣ ਦੀ ਅਤੇ ਵਿੱਤੀ ਮਦਦ ਕਰਨ ਦੀ ਮੰਗ ਕੀਤੀ। ਇਸ ਸਮੇਂ ਡੀ. ਸੀ . ਸੰਗਰੂਰ ਅਤੇ ਐੱਮ. ਪੀ . ਸੰਗਰੂਰ ਭਗਵੰਤ ਮਾਨ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਤ ਸਿੰਘ ਸਹਾਇਕ ਸਰਕਲ ਸਕੱਤਰ, ਰਣ ਸਿੰਘ ਢੀਂਡਸਾ, ਰਾਮੇਸ਼ਵਰ ਦਾਸ, ਰਘਵੀਰ ਸਿੰਘ, ਮਹਿੰਦਰ ਸਿੰਘ, ਪਰਮਿੰਦਰ ਸਿੰਘ, ਸਾਧਾ ਸਿੰਘ ਬ੍ਰਾਂਚ ਸਕੱਤਰ ਆਦਿ ਨੇ ਸੰਬੋਧਨ ਕੀਤਾ।