ਗਣਤੰਤਰ ਦਿਵਸ ਦੇ ਮੱਦੇਨਜ਼ਰ ਸਬ ਜੇਲ ਮਾਲੇਰਕੋਟਲਾ ਦਾ ਨਿਰੀਖਣ
Friday, Jan 18, 2019 - 09:39 AM (IST)

ਸੰਗਰੂਰ (ਜ਼ਹੂਰ)-ਪੰਜਾਬ ਹੋਮ ਗਾਰਡਜ਼ ਦੇ ਕਮਾਂਡੈਂਟ ਸ਼੍ਰੀ ਰਾਏ ਸਿੰਘ ਧਾਲੀਵਾਲ ਨੇ ਗਣਤੰਤਰ ਦਿਵਸ ਅਤੇ ਮੌਕੇ ਦੇ ਹਾਲਾਤਾਂ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਅੱਜ ਸਬ ਜੇਲ ਮਾਲੇਰਕੋਟਲਾ ਵਿਖੇ ਸੁਰੱਖਿਆ ਟਾਵਰਾਂ ’ਤੇ ਤਾਇਨਾਤ ਹੋਮਗਾਰਡਜ਼ ਜਵਾਨਾਂ ਨੂੰ ਅਚਨਚੇਤ ਚੈੱਕ ਕੀਤਾ ਤਾਂ ਜੋ ਸਕਿਊਰਿਟੀ ਵਿਚ ਕਿਸੇ ਵੀ ਤਰ੍ਹਾਂ ਦੀ ਉਣਤਾਈ ਪੇਸ਼ ਨਾ ਆਵੇ। ਉਨ੍ਹਾਂ ਸਬ ਜੇਲ ’ਚ ਤਾਇਨਾਤ ਹੋਮਗਾਰਡ ਦੇ ਜਵਾਨਾਂ ਨੂੰ ਹਦਾਇਤ ਕੀਤੀ ਕਿ ਜੇਲ ਟਾਵਰਾਂ ਦੇ ਆਲੇ-ਦੁਆਲੇ ਦੂਰ ਤੱਕ ਨਜ਼ਰ ਰੱਖੀ ਜਾਵੇ, ਕਿਸੇ ਵੀ ਤਰ੍ਹਾਂ ਦੀ ਸ਼ੱਕੀ ਹਿਲ-ਜੁਲ ਨਜ਼ਰ ਆਉਣ ’ਤੇ ਤੁਰੰਤ ਜੇਲ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀ ਜਾਵੇ ਅਤੇ ਮੈਸੇਜ ਰਾਹੀਂ ਪੂਰੀ ਜੇਲ ਸੁਰੱਖਿਆ ਨੂੰ ਅਲਰਟ ਕਰ ਦਿੱਤਾ ਜਾਵੇ ਕਿਉਂਕਿ ਇਨ੍ਹਾਂ ਦਿਨਾਂ ’ਚ ਕੁਝ ਸ਼ਰਾਰਤੀ ਅਨਸਰ ਹਾਲਾਤ ਖ਼ਰਾਬ ਕਰਨ ਦੀ ਤਾਕ ’ਚ ਰਹਿੰਦੇ ਹਨ। ਇਸ ਮੌਕੇ ਡਿਪਟੀ ਸੁਪਰਡੈਂਟ ਬਲਵੀਰ ਸਿੰਘ ਵੱਲੋਂ ਜਵਾਨਾਂ ਨੂੰ ਡਿਊਟੀ ਦੌਰਾਨ ਹਰ ਤਰ੍ਹਾਂ ਦਾ ਬਣਦਾ ਵੈੱਲਫੇਅਰ ਜੋ ਕਿ ਜੇਲ ਅਧਿਕਾਰੀਆਂ ਵੱਲੋਂ ਕੀਤਾ ਜਾਂਦਾ ਹੈ, ਸਬੰਧੀ ਤਸੱਲੀ ਪ੍ਰਗਟ ਕੀਤੀ ਅਤੇ ਭਰੋਸਾ ਦਿਵਾਇਆ ਗਿਆ ਕਿ ਡਿਊਟੀ ਦੌਰਾਨ ਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਨਿਰੀਖਣ ਦੌਰਾਨ ਕਮਾਂਡੈਂਟ ਸ਼੍ਰੀ ਧਾਲੀਵਾਲ ਵੱਲੋਂ ਅਸਲਾ/ਐਮੂਨੀਸ਼ੀਅਨ ਵੀ ਚੈੱਕ ਕੀਤਾ ਗਿਆ। ਇਸ ਮੌਕੇ ਕੰਪਨੀ ਇੰਚਾਰਜ ਸੰਤੋਖ ਸਿੰਘ, ਪੁਲਸ ਕਰਮਚਾਰੀ ਅਤੇ ਹੋਮਗਾਰਡਜ਼ ਜਵਾਨ ਵੀ ਹਾਜ਼ਰ ਸਨ।