ਨੌਜਵਾਨ ਦੀ ਛੱਪੜ ''ਚੋਂ ਮਿਲੀ ਲਾਸ਼, ਪੁਲਸ ''ਤੇ ਲੱਗੇ ਗੰਭੀਰ ਦੋਸ਼
Monday, Feb 25, 2019 - 05:30 PM (IST)

ਸੰਗਰੂਰ(ਰਾਜੇਸ਼)— ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ 'ਚ ਇਕ ਨੌਜਵਾਨ ਦੀ ਪਿੰਡ ਦੇ ਛੱਪੜ 'ਚੋਂ ਲਾਸ਼ ਮਿਲੀ ਹੈ, ਜਿਸ ਨੂੰ ਹੱਥਕੜੀ ਵੀ ਲੱਗੀ ਹੋਈ ਹੈ। ਮ੍ਰਿਤਕ ਦੀ ਮਾਂ ਬਲਜੀਤ ਕੌਰ ਦਾ ਕਹਿਣਾ ਹੈ ਕਿ ਪੁਲਸ ਨੇ 10 ਦਿਨ ਪਹਿਲਾਂ ਉਸ ਦੇ ਪੁੱਤ ਜਗਸੀਰ ਸਿੰਘ ਨੂੰ ਚੋਰੀ ਦੇ ਕੇਸ 'ਚ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਉਸ ਦੀ ਲਾਸ਼ ਪਿੰਡ ਦੇ ਛੱਪੜ 'ਚ ਤੈਰਦੀ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੇਰੇ ਪੁੱਤ ਨੇ ਚੋਰੀ ਕੀਤੀ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਪਰ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਛੱਪੜ 'ਚ ਸੁੱਟ ਦਿੱਤਾ ਗਿਆ। ਜਦਕਿ ਪੁਲਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਪੁਲਸ ਗ੍ਰਿਫਤ ਤੋਂ ਫਰਾਰ ਹੋ ਗਿਆ ਸੀ।
ਲਹਿਰਾਗਾਗਾ ਦੇ ਡੀ.ਐੱਸ.ਪੀ. ਨੇ ਦੱਸਿਆ ਕਿ ਲਹਿਰਾਗਾਗਾ 'ਚ ਹੋਈ ਚੋਰੀ ਦਾ ਸਾਮਾਨ ਮ੍ਰਿਤਕ ਦੇ ਘਰੋਂ ਬਰਾਮਦ ਹੋਇਆ ਸੀ। ਜਦੋਂ ਪੁਲਸ ਉਸ ਨੂੰ ਗ੍ਰਿਫਤਾਰ ਕਰਕੇ ਲਿਜਾ ਰਹੀ ਸੀ ਤਾਂ ਉਹ ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਪੁਲਸ ਦੀ ਗੱਡੀ 'ਚੋਂ ਉਤਰ ਗਿਆ। ਉਸ ਸਮੇਂ ਉਸ ਨੂੰ ਹੱਥਕੜੀ ਲੱਗੀ ਹੋਈ ਸੀ ਤੇ ਉਹ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਲਹਿਰਾਗਾਗਾ ਥਾਣੇ 'ਚ ਇਸ ਨੌਜਵਾਨ 'ਤੇ ਪੁਲਸ ਕਸਟਡੀ 'ਚੋਂ ਦੌੜਨ ਦਾ ਤੇ ਉਨ੍ਹਾਂ ਪੁਲਸ ਮੁਲਾਜ਼ਮਾਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ, ਜਿਨ੍ਹਾਂ ਦੀ ਹਿਰਾਸਤ 'ਚੋਂ ਇਹ ਦੌੜਿਆ ਸੀ। ਉਨ੍ਹਾਂ ਕਿਹਾ ਕਿ ਅੱਜ ਉਸ ਦੀ ਲਾਸ਼ ਛੱਪੜ 'ਚੋਂ ਬਰਾਮਦ ਹੋਈ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ। ਪੁਲਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ।