ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੁੱਢਲਾ ਮੈਂਬਰ ਹਾਂ : ਸੁਖਦੇਵ ਸਿੰੰਘ ਢੀਂਡਸਾ

Thursday, Dec 19, 2019 - 10:02 AM (IST)

ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਮੁੱਢਲਾ ਮੈਂਬਰ ਹਾਂ : ਸੁਖਦੇਵ ਸਿੰੰਘ ਢੀਂਡਸਾ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ, ਬੇਦੀ, ਹਰਜਿੰਦਰ) : ਸ਼੍ਰੋਮਣੀ ਅਕਾਲੀ ਦਲ ਵਿਚ ਬਗਾਵਤੀ ਸੁਰਾਂ ਅਖਤਿਆਰ ਕਰਨ ਤੋਂ ਬਾਅਦ ਸੰਗਰੂਰ 'ਚ ਆਪਣੀ ਰਿਹਾਇਸ਼ 'ਤੇ ਪੁੱਜੇ ਸੁਖਦੇਵ ਸਿੰੰਘ ਢੀਂਡਸਾ ਵੱਲੋਂ ਬੁੱਧਵਾਰ ਨੂੰ ਰੱਖੀ ਗਈ ਮੀਟਿੰਗ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ। ਜੋ ਆਉਣ ਵਾਲੇ ਦਿਨਾਂ ਵਿਚ ਜ਼ਿਲਾ ਸੰਗਰੂਰ ਅਤੇ ਬਰਨਾਲਾ 'ਚ ਵੱਡੀ ਉਥਲ-ਪੁਥਲ ਹੋਣ ਦਾ ਸੰਕੇਤ ਦੇ ਰਹੀ ਸੀ।

PunjabKesari

ਰੈਲੀ ਨੂੰ ਸੰਬੋਧਨ ਕਰਦਿਆਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੀ ਸਥਾਪਨਾ ਸਰਕਾਰ ਬਣਾਉਣ ਲਈ ਨਹੀਂ ਹੋਈ ਸੀ, ਬਲਕਿ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਹੋਈ ਸੀ। ਮਾਸਟਰ ਤਾਰਾ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੀਆਂ ਸ਼ਖਸੀਅਤਾਂ ਅਕਾਲੀ ਦਲ ਦੀਆਂ ਪ੍ਰਧਾਨ ਰਹੀਆਂ ਹਨ ਪਰ ਹੁਣ ਇਸਨੂੰ ਸੁਖਬੀਰ ਸਿੰਘ ਬਾਦਲ ਨੇ ਨਿੱਜੀ ਜਾਇਦਾਦ ਬਣਾ ਲਿਆ ਹੈ। 70-70 ਮੀਤ ਪ੍ਰਧਾਨ, 25-30 ਜਨਰਲ ਸਕੱਤਰ ਅਕਾਲੀ ਦਲ ਵੱਲੋਂ ਬਣਾਏ ਗਏ ਹਨ ਪਰ ਪਾਵਰ ਕਿਸੇ ਨੂੰ ਵੀ ਨਹੀਂ ਦਿੱਤੀ ਗਈ। ਉਹ ਸਿਰਫ਼ ਨਾਂ ਦੇ ਹੀ ਅਹੁਦੇਦਾਰ ਹਨ।

2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਅਕਾਲੀ ਦਲ ਦੀ ਕਰਾਰੀ ਹਾਰ ਹੋਈ ਸੀ। ਹਾਰ ਤੋਂ ਬਾਅਦ ਮੇਰੇ ਵੱਲੋਂ ਸੁਖਬੀਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ। ਕਾਂਗਰਸ ਤੋਂ ਹਰ ਵਰਗ ਦੁਖੀ ਹੈ ਪਰ ਅਕਾਲੀ ਦਲ ਵੀ ਉਸ ਪੁਜ਼ੀਸ਼ਨ 'ਚ ਨਹੀਂ ਕਿ ਪੰਜਾਬ ਵਿਚ ਫਿਰ ਤੋਂ ਸੁਰਜੀਤ ਹੋ ਸਕੇ। ਸਾਨੂੰ ਲੋੜ ਹੈ ਫਿਰ ਤੋਂ ਅਕਾਲੀ ਦਲ ਨੂੰ ਸੁਰਜੀਤ ਕਰਨ ਦੀ, ਜਿਹੜੇ ਲੋਕ ਅਕਾਲੀ ਦਲ ਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚ ਚਲੇ ਗਏ ਹਨ, ਉਨ੍ਹਾਂ ਨੂੰ ਨਾਲ ਜੋੜਨ ਦੀ ਲੋੜ ਹੈ। ਮੈਂ ਅਕਾਲੀ ਦਲ 'ਚ ਰਹਿ ਕੇ ਹੀ ਲੜਾਈ ਲੜੀ ਹੈ। ਹੁਣ ਵੀ ਅਕਾਲੀ ਦਲ 'ਚ ਰਹਿ ਕੇ ਹੀ ਲੜਾਈ ਲੜਾਂਗਾ। ਮੈਂ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈ। ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਮੇਰੇ ਕੋਲ ਹੁਣ ਵੀ ਹੈ। ਪਾਰਟੀ ਵਿਚ ਲੋਕਤੰਤਰ ਦੀ ਲੋੜ ਹੈ। ਪਹਿਲਾਂ ਡੈਲੀਗੇਟਾਂ ਦੀ ਚੋਣ ਹੋਣੀ ਚਾਹੀਦੀ ਹੈ। ਫਿਰ ਸਰਕਲ ਪ੍ਰਧਾਨ ਫਿਰ ਜ਼ਿਲਾ ਪ੍ਰਧਾਨ ਫਿਰ ਪੰਜਾਬ ਪ੍ਰਧਾਨ ਪਰ ਅਕਾਲੀ ਦਲ ਤਬਾਹੀ ਦੀ ਰਾਹ ਵੱਲ ਤੁਰ ਪਿਆ ਹੈ। ਪਾਰਟੀ 'ਚ ਮਨਮਰਜ਼ੀ ਚੱਲ ਰਹੀ ਹੈ।

ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ 'ਤੇ ਹੀ ਸੁਖਬੀਰ ਸਿੰਘ ਬਦਲ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਬਾਦਲ ਦਾ ਕਹਿਣਾ ਸੀ ਕਿ ਹੁਣ ਮੈਂ ਬਜ਼ੁਰਗ ਹੋ ਗਿਆ ਹਾਂ। ਪਾਰਟੀ ਦੀ ਵਾਗਡੋਰ ਕਿਸੇ ਨੌਜਵਾਨ ਨੂੰ ਦੇ ਦਿੱਤੀ ਜਾਵੇ। ਉਨ੍ਹਾਂ ਦੇ ਕਹਿਣ 'ਤੇ ਹੀ ਮੈਂ ਸੁਖਬੀਰ ਦਾ ਨਾਂ ਪਾਰਟੀ ਪ੍ਰਧਾਨ ਲਈ ਪ੍ਰਪੋਜ਼ ਕੀਤਾ ਸੀ। ਪਰ ਹੁਣ ਅਕਾਲੀ ਦਲ ਪੁਰਾਣਾ ਅਕਾਲੀ ਦਲ ਨਹੀਂ ਰਿਹਾ। 1920 ਵਿਚ ਅਕਾਲੀ ਦਲ ਦੀ ਸਥਾਪਨਾ ਹੋਈ ਸੀ। ਅਗਲੇ ਸਾਲ ਇਸ ਦੀ 100ਵੀਂ ਸ਼ਤਾਬਦੀ ਮਨਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਵੀ ਲਾਈਆਂ ਜਾਣਗੀਆਂ। ਅਕਾਲੀ ਦਲ ਨੂੰ ਫਿਰ ਤੋਂ ਪੁਰਾਣਾ ਅਕਾਲੀ ਦਲ ਬਣਾਉਣਾ ਹੈ।

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਇਸਤਰੀ ਅਕਾਲੀ ਦਲ ਦੀ ਜ਼ਿਲਾ ਪ੍ਰਧਾਨ ਸੁਨੀਤਾ ਸ਼ਰਮਾ ਅਤੇ ਜ਼ਿਲਾ ਦਿਹਾਤੀ ਇਸਤਰੀ ਅਕਾਲੀ ਦਲ ਦੀ ਜ਼ਿਲਾ ਪ੍ਰਧਾਨ ਪਰਮਜੀਤ ਕੌਰ ਨੇ ਕਿਹਾ ਕਿ ਸਾਨੂੰ ਮੀਟਿੰਗ 'ਚ ਆਉਣ ਤੋਂ ਪਹਿਲਾਂ ਧਮਕੀਆਂ ਮਿਲੀਆਂ ਸਨ ਕਿ ਜੇਕਰ ਤੁਸੀਂ ਮੀਟਿੰਗ 'ਚ ਗਈਆਂ ਤਾਂ ਤੁਹਾਡੇ ਅਹੁਦੇ ਖੋਹ ਲਏ ਜਾਣਗੇ। ਸਾਨੂੰ ਅਹੁਦਿਆਂ ਦੀ ਕੋਈ ਪ੍ਰਵਾਹ ਨਹੀਂ। ਅਸੀਂ ਅੱਜ ਹੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੰਦੀਆਂ ਹਾਂ। ਅਸੀਂ ਸੁਖਦੇਵ ਸਿੰਘ ਢੀਂਡਸਾ ਨਾਲ ਖੜ੍ਹੀਆਂ ਹਾਂ ਅਤੇ ਖੜ੍ਹੀਆਂ ਰਹਾਂਗੀਆਂ।

ਇਸ ਮੌਕੇ ਐਡਵੋਕੇਟ ਸੇਖੋਂ ਅਤੇ ਜਥੇਦਾਰ ਭਰਪੂਰ ਸਿੰਘ ਧਨੌਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਲਕੀਤ ਸਿੰਘ ਚੰਗਾਲ ਮੈਂਬਰ ਐੱਸ. ਜੀ. ਪੀ., ਹਰਦੀਪ ਸਿੰਘ ਰੰਗੋਲਾ ਮੈਂਬਰ ਐੱਸ. ਪੀ. ਜੀ. ਪੀ., ਜਗਪਾਲ ਸਿੰਘ ਮੰਡੀਆਂ ਮੈਂਬਰ ਐੱਸ. ਜੀ. ਪੀ. ਸੀ ਆਦਿ ਹਾਜ਼ਰ ਸਨ।


author

cherry

Content Editor

Related News