ਡਾਂਸਰਾਂ ਦੇ ਠੁਮਕਿਆਂ ਦਾ ਨਜ਼ਾਰਾ ਲੈਣ ’ਚ ਰੁੱਝੇ ਸੁਖਬੀਰ : ਪਰਮਿੰਦਰ ਢੀਂਡਸਾ

Thursday, Feb 27, 2020 - 10:03 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ, ਸਿੰਗਲਾ) - ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮਹਾਨ ਪੰਥਕ ਇਕੱਠ ਵਲੋਂ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੇ ਫੈਸਲੇ ਨੂੰ ਸਮੇਂ ਸਿਰ ਚੁੱਕਿਆ ਵਧੀਆ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਉਸ ਦੀ ਮੂਨਕ ਫੇਰੀ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਸੁਖਬੀਰ ਨੂੰ ਅਕਾਲੀ ਦਲ ਤੋਂ ਲਾਂਭੇ ਕਰਨਾ ਲਾਜ਼ਮੀ ਹੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਲੋਕਾਂ ਦੀ ਭੀੜ ਇਕੱਤਰ ਕਰਨ ਲਈ ਹਰਿਆਣਾ ਦੀ ਨਾਮਵਰ ਡਾਂਸਰ ਸਪਨਾ ਚੌਧਰੀ ਦਾ ਸਹਾਰਾ ਲੈਣਾ ਪਿਆ ਸੀ। ਸਿਤਮ ਦੀ ਗੱਲ ਹੈ ਕਿ ਇਕ ਪਾਸੇ ਦਿੱਲੀ ਸੜ ਰਹੀ ਹੈ, ਧੜਾਧੜ ਲੋਕ ਮਰ ਰਹੇ ਹਨ। ਮਾਰ-ਧਾੜ ਦੇ ਸੰਕਟ ’ਚ ਲੋਕ ਜ਼ਖਮਾਂ ਦੀ ਤਾਬ ਝੱਲ ਰਹੇ ਹਨ ਪਰ ਅਕਾਲੀ ਦਲ ਦਾ ਅਖੌਤੀ ਪ੍ਰਧਾਨ ਹਰਿਆਣਾ ਦੀ ਡਾਂਸਰ ਦੇ ਠੁਮਕਿਆਂ ਦਾ ਮਜ਼ਾ ਲੈ ਰਿਹਾ ਹੈ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਲੋਕਾਂ ਦੇ ਦੁੱਖ-ਦਰਦ ਦਾ ਸਹਾਰਾ ਬਣਨਾ ਅਤੇ ਦੁਖੀ ਲੋਕਾਂ ਨੂੰ ਢਾਰਸ ਦੇਣਾ ਹੈ। ਪੰਥਕ ਇਕੱਠ ਦੌਰਾਨ ਸੰਗਤ ਦੀਆਂ ਭਾਵਨਾਵਾਂ ਉੱਭਰ ਕੇ ਸਾਹਮਣੇ ਆਈਆਂ ਸਨ, ਸੁਖਬੀਰ ਬਾਦਲ ਦੀ ਨਾ ਸੋਚ ਪੰਥਕ ਹੈ, ਨਾ ਜ਼ੁਬਾਨ ਅਤੇ ਨਾ ਹੀ ਕਾਰਗੁਜ਼ਾਰੀ। ਢੀਂਡਸਾ ਨੇ ਕਿਹਾ ਕਿ ਲਹਿਰਾਗਾਗਾ ਹਲਕੇ ਦੇ ਵਾਸੀਆਂ ਨੇ ਹਮੇਸ਼ਾ ਉਨ੍ਹਾਂ ਆਗੂਆਂ ਨੂੰ ਅਗਵਾਈ ਲਈ ਚੁਣਿਆ, ਜੋ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਅਤੇ ਰਵਾਇਤਾਂ ਨਾਲ ਖੜ੍ਹੇ ਹਨ। ਇਸ ਹਲਕੇ ਤੋਂ ਰਿਕਾਰਡ-ਤੋੜ ਗਿਣਤੀ ’ਚ ਸੰਗਤਾਂ ਆਪਣੇ ਸਾਧਨਾਂ ਰਾਹੀਂ 23 ਫਰਵਰੀ ਨੂੰ ਸੰਗਰੂਰ ਵਿਖੇ ਮਹਾਨ ਪੰਥਕ ਇਕੱਠ ’ਚ ਪੁੱਜੀਆਂ ਸਨ। ਇਸ ਮੌਕੇ ਜਥੇਦਾਰ ਰਜਿੰਦਰ ਸਿੰਘ ਕਾਂਝਲਾ, ਜਥੇਦਾਰ ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਸਰਾਓਂ, ਰਾਮਪਾਲ ਸਿੰਘ ਬਹਿਣੀਵਾਲ ਆਦਿ ਮੌਜੂਦ ਸਨ।


rajwinder kaur

Content Editor

Related News