ਸੰਗਰੂਰ ਜੇਲ ਦੇ ਹਿਰਾਸਤੀ ਦੀ ਹਸਪਤਾਲ ''ਚ ਹੋਈ ਮੌਤ ਬਣੀ ਬੁਝਾਰਤ

Thursday, Mar 07, 2019 - 11:21 AM (IST)

ਸੰਗਰੂਰ ਜੇਲ ਦੇ ਹਿਰਾਸਤੀ ਦੀ ਹਸਪਤਾਲ ''ਚ ਹੋਈ ਮੌਤ ਬਣੀ ਬੁਝਾਰਤ

ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ) – ਸੰਗਰੂਰ ਜੇਲ ਦੇ ਹਿਰਾਸਤੀ ਦੀ ਬੀਤੇ ਦਿਨ ਇਲਾਜ ਦੌਰਨ ਸਿਵਲ ਹਸਪਤਾਲ 'ਚ ਮੌਤ ਹੋ ਗਈ ਸੀ, ਜੋ ਹੁਣ ਇਕ ਬੁਝਾਰਤ ਬਣ ਕੇ ਰਹਿ ਗਈ ਹੈ। ਹਸਪਤਾਲ ਮ੍ਰਿਤਕ ਨਰਸੀ ਸਿੰਘ ਦੇ ਪੁੱਤਰ ਮਨਜੀਤ ਸਿੰਘ ਨੇ ਸੀ. ਆਈ. ਸਟਾਫ ਤੇ ਸਦਰ ਥਾਣਾ ਸੰਗਰੂਰ ਦੀ ਪੁਲਸ 'ਤੇ ਉਸ ਦੇ ਪਿਤਾ 'ਤੇ ਨਾਜਾਇਜ਼ ਤਸ਼ੱਦਦ ਕਰਨ ਦਾ ਦੋਸ਼ ਲਾਇਆ ਹੈ। ਉਸ ਮੁਤਾਬਕ ਪੁਲਸ ਦੀ ਕੁੱਟਮਾਰ ਕਾਰਨ ਉਨ੍ਹਾਂ ਦੇ ਪਿਤਾ ਦੀ ਮੌਤ ਹੋਈ ਹੈ। ਉਸ ਨੇ ਦੋਸ਼ੀ ਪੁਲਸ ਅਧਿਕਾਰੀਆਂ ਤੇ ਕਰਮਚਾਰੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ।

ਮਿਲੀ ਜਾਣਕਾਰੀ ਅਨੁਸਾਰ 30 ਜਨਵਰੀ ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਹੋਏ ਝਗੜੇ ਕਾਰਨ ਨਰਸੀ ਸਿੰਘ ਨੂੰ ਸੀ.ਆਈ.ਏ.ਸਟਾਫ ਤੇ ਸਦਰ ਥਾਣਾ ਸੰਗਰੂਰ ਦੀ ਪੁਲਸ ਨੇ ਰਾਤ ਦੇ ਸਮੇਂ ਘਰੋਂ ਚੁੱਕ ਲਿਆ ਸੀ। ਉਸ ਉਪਰੰਤ ਉਸ ਨਾਲ ਕਿਹੜੀ ਪੁਲਸ ਨੇ ਕੀ ਕੀਤਾ, ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਹੈ। ਪੁਲਸ ਹਿਰਾਸਤ 'ਚ ਉਸ ਨੂੰ ਅਦਾਲਤ 'ਚ ਪੇਸ਼ ਕਰਨ ਉਪਰੰਤ ਜਿਉਂ ਹੀ ਜੇਲ ਭੇਜਿਆ ਗਿਆ, ਉਸ ਸਮੇਂ ਤੋਂ ਹੀ ਉਸ ਨੂੰ ਸਿਵਲ ਹਸਪਤਾਲ ਸੰਗਰੂਰ ਫਿਰ ਪੀ. ਜੀ. ਆਈ. ਚੰਡੀਗੜ੍ਹ ਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਰੱਖਿਆ ਗਿਆ। ਉਸ ਦੇ ਬੇਟੇ ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਪਿਤਾ ਨੂੰ ਜਦੋਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਉਹ ਹੋਸ਼ 'ਚ ਨਾ ਹੋਣ ਕਾਰਨ ਬੋਲਦੇ ਨਹੀਂ ਸਨ।ਬੀਤੇ ਦਿਨ ਸੰਗਰੂਰ ਜੇਲ 'ਚੋਂ ਜਦੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਥੇ ਉਨ੍ਹਾਂ ਦੀ ਮੌਤ ਹੋ ਗਈ ।  

ਕੀ ਕਹਿੰਦੇ ਨੇ ਸਾਬਕਾ ਸਰਪੰਚ ਹਰਦਮ ਸਿੰਘ
ਪਿੰਡ ਫਤਿਹਗੜ੍ਹ ਛੰਨਾਂ ਦੇ ਸਾਬਕਾ ਸਰਪੰਚ ਹਰਦਮ ਸਿੰਘ ਦਾ ਕਹਿਣਾ ਹੈ ਕਿ ਵੋਟਾਂ ਵਾਲੇ ਦਿਨ ਕੁਝ ਝਗੜਾ ਹੋਇਆ ਸੀ, ਜਿਸ ਕਾਰਨ ਨਰਸੀ ਸਿੰਘ ਨੂੰ ਪੁਲਸ ਘਰੋਂ ਚੁੱਕ ਕੇ ਲੈ ਗਈ ਸੀ। ਉਸ ਮੁਤਾਬਕ ਨਰਸੀ ਸਿੰਘ ਪਿੰਡ ਦੇ ਸ਼ਰੀਫ ਆਦਮੀਆਂ 'ਚ ਆਉਂਦਾ ਸੀ। ਉਸ ਦੀ ਹੋਈ ਮੌਤ ਪਿੰਡ ਦੇ ਲੋਕਾਂ ਗਲੇ ਨਹੀਂ ਉੱਤਰ ਰਹੀ। ਅਸੀਂ ਇਹ ਮੰਗ ਕਰਦੇ ਹਾਂ ਕਿ ਨਰਸੀ ਦੀ ਮੌਤ ਦੀ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਸਜ਼ਾ ਤੇ ਮਿਹਨਤੀ ਪਰਿਵਾਰ ਨੂੰ ਯੋਗ ਮੁਆਵਜ਼ਾ ਮਿਲੇ ।
ਕੀ ਕਹਿਣੈ ਏ. ਐੱਸ. ਆਈ. ਦਾ
ਨਰਸੀ ਦੀ ਮੌਤ ਤੋਂ ਬਾਅਦ ਸਿਵਲ ਹਸਪਤਾਲ ਸੰਗਰੂਰ ਪਹੁੰਚੇ ਪੁਲਸ ਦੇ ਏ.ਐੱਸ .ਆਈ ਜਾਨਪਾਲ ਸਿੰਘ ਦਾ ਕਹਿਣਾ ਸੀ ਕਿ ਮੈਜਿਸਟਰੇਟ ਦੀ ਹਾਜ਼ਰੀ 'ਚ ਲਾਸ਼ ਦਾ ਪੋਸਟਮਾਰਟਮ ਹੋਵੇਗਾ। ਇਸ ਮਾਮਲੇ ਦੀ ਮੈਜਿਸਟਰੇਟੀ ਜਾਂਚ ਉਪਰੰਤ ਹੀ ਕੋਈ ਕਾਰਵਾਈ ਪੁਲਸ ਵਲੋਂ ਕੀਤੀ ਜਾ ਸਕੇਗੀ ।
ਕੀ ਕਹਿੰਦੇ ਨੇ ਐੱਸ.ਐੱਸ.ਪੀ.
ਇਸ ਸਬੰਧੀ ਐੱਸ.ਐੱਸ.ਪੀ ਡਾ. ਸੰਦੀਪ ਗਰਗ ਨਾਲ ਸਪੰਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਪੁਲਸ 'ਤੇ ਲਗਾਏ ਇਲਜ਼ਾਮ ਬੇਬੁਨਿਆਦ ਹਨ। ਮ੍ਰਿਤਕ 'ਤੇ ਪੰਚਾਇਤੀ ਚੋਣਾਂ ਦੌਰਾਨ ਐੱਫ. ਆਈ. ਆਰ. ਦਰਜ ਹੋਈ ਸੀ, ਜਿਸ ਤਹਿਤ ਉਸ ਨੂੰ ਪੁਲਸ ਵੱਲੋਂ ਹਿਰਾਸਤ 'ਚ ਲਿਆ ਗਿਆ ਸੀ ਅਤੇ ਜੇਲ ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਸ ਨੇ ਉਸ ਵਿਅਕਤੀ ਨਾਲ ਕੋਈ ਕੁੱਟ-ਮਾਰ ਨਹੀਂ ਕੀਤੀ।


author

rajwinder kaur

Content Editor

Related News