ਜੌਲੀਆਂ ਵਿਖੇ ਅਗਨ ਭੇਟ ਹੋਏ ਪਾਵਨ ਸਰੂਪ ਪਿੰਡ ਦੀਆਂ ਸੰਗਤਾਂ ਵੱਲੋਂ ਗੋਇੰਦਵਾਲ ਸਾਹਿਬ ਰਵਾਨਾ
Tuesday, Jul 06, 2021 - 09:52 PM (IST)
ਭਵਾਨੀਗੜ੍ਹ(ਵਿਕਾਸ)- ਪਿੰਡ ਜੌਲੀਆਂ ਵਿਖੇ ਗੁਰੂ ਘਰ 'ਚ ਅਗਨ ਭੇਟ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪਿੰਡ ਦੀਆਂ ਸੰਗਤਾਂ ਵੱਲੋਂ ਅੱਜ ਗੋਇੰਦਵਾਲ ਸਾਹਿਬ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਕੀਤੇ। ਪਿੰਡ ਦੇ ਆਗੂ ਅਮ੍ਰਿੰਤ ਸਿੰਘ ਧਨੋਆ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਗੁਰੂ ਘਰ ਦੀ ਕਮੇਟੀ ਜਿਸ ਵਿੱਚ ਪ੍ਰਧਾਨ ਬੱਬੀ ਸਿੰਘ, ਖਜਾਨਚੀ ਰਾਜਿੰਦਰ ਸਿੰਘ, ਗ੍ਰੰਥੀ ਜਸਵੀਰ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ ਤੋਂ ਇਲਾਵਾ ਪਿੰਡ ਦੀ ਪੰਚਾਇਤ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਸਮੇਤ ਵੱਡੀ ਗਿਣਤੀ ਵਿੱਚ ਨਗਰ ਦੀ ਸੰਗਤ ਵੱਲੋਂ ਗੁਰੂ ਘਰ ਵਿਖੇ ਅਰਦਾਸ ਕੀਤੀ ਗਈ। ਇਸ ਮੌਕੇ ਸਿੰਗਲਾ ਨੇ ਬੇਅਦਬੀ ਦੇ ਮਾਮਲੇ 'ਚ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਨਗਰ ਨਿਵਾਸੀਆਂ ਦੀ ਹਰ ਪੱਧਰ ’ਤੇ ਮਦਦ ਕਰਨ ਦੀ ਗੱਲ ਆਖੀ। ਅਗਨ ਭੇਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੋਇੰਦਵਾਲ ਸਾਹਿਬ ਜਾਣ ਮੌਕੇ ਪੁਲਸ ਪ੍ਰਸਾਸ਼ਨ ਵੀ ਮੌਜੂਦ ਰਿਹਾ। ਪੁਲਸ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧਾਂ ਦੇ ਵੱਜੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅੱਗੇ ਪੁਲਸ ਦੀ ਪਾਇਲਟ ਗੱਡੀ ਲਗਾ ਕੇ ਡੀ.ਐਸ.ਪੀ ਸੰਗਰੂਰ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਤੋਂ ਪਾਲਕੀ ਸਾਹਿਬ ਨਾਲ ਸੰਗਤਾਂ ਦੀਆਂ ਦੋ ਬੱਸਾਂ ਵੀ ਰਵਾਨਾ ਹੋਈਆਂ।