ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਤਰਸ ਰਹੀ ਸੰਗਤ, ਨਹੀਂ ਮਿਲੀ ਇਜਾਜ਼ਤ

04/11/2020 8:53:08 PM

ਅੰਮ੍ਰਿਤਸਰ, (ਅਣਜਾਣ)— ਕੋਵਿਡ-19 ਦੇ ਕਹਿਰ ਦੌਰਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ, ਗੁ. ਰਾਮਸਰ ਸਾਹਿਬ, ਗੁ. ਬਿਬੇਕਸਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਪੁਲਸ ਨਾਕਿਆਂ ਦੌਰਾਨ ਰਾਹ ਬੰਦ ਕੀਤੇ ਗਏ ਹਨ। ਇਸ ਦੌਰਾਨ ਪੁਲਸ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਦਫ਼ਤਰੀ ਸਟਾਫ਼ ਤੋਂ ਇਲਾਵਾ ਸੰਗਤ 'ਚੋਂ ਕਿਸੇ ਨੂੰ ਵੀ ਦਰਸ਼ਨ ਲਈ ਨਹੀਂ ਜਾਣ ਦਿੱਤਾ ਗਿਆ ਅਤੇ ਸ਼ਨੀਵਾਰ ਤੜਕਸਾਰ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਚਾਰੇ ਬਾਹੀਆਂ ਗੁਰੂ ਰਾਮਦਾਸ ਸਰਾਂ, ਗੁ. ਬਾਬਾ ਅਟੱਲ ਰਾਏ ਸਾਹਿਬ, ਆਟਾ ਮੰਡੀ ਅਤੇ ਘੰਟਾ ਘਰ ਵਾਲੀਆਂ ਬਾਹੀਆਂ 'ਤੇ ਪੁਲਸ ਵਰਦੀ ਅਤੇ ਸਿਵਲ ਵਰਦੀ ਦੇ ਸਟਾਫ ਵੱਲੋਂ ਪੂਰੀ ਸਖ਼ਤੀ ਨਾਲ ਸੰਗਤਾਂ ਨੂੰ ਦਰਸ਼ਨ ਕਰਨ ਜਾਣ ਲਈ ਰੋਕਿਆ ਗਿਆ।

PunjabKesari
ਇਸ ਦੌਰਾਨ ਸੰਗਤ ਤਾਂ ਕੀ, ਕੋਈ ਪਰਿੰਦਾ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪਰ ਨਹੀਂ ਮਾਰ ਸਕਿਆ। ਪੰਜਾਬ ਪੁਲਸ ਵੱਲੋਂ ਕੀਤਾ ਜਾ ਰਿਹਾ ਇਹ ਕਾਰਜ ਲੋਕ ਹਿੱਤ ਲਈ ਸ਼ਲਾਘਾਯੋਗ ਕਦਮ ਹੈ ਪਰ ਜਿਥੇ ਪੁਲਸ ਨੇ ਜਨਤਾ 'ਤੇ ਪੂਰੀ ਸਖ਼ਤੀ ਕੀਤੀ, ਉਥੇ ਕੁਝ ਨਰਮ ਵੀ ਨਜ਼ਰ ਆਈ। ਕੁਝ ਸੰਗਤਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਵੀ ਦਿੱਤੀ ਗਈ। ਬਾਹਰ ਖੜ੍ਹੀਆਂ ਲੋਕਲ ਸੰਗਤਾਂ 'ਚ ਤਰਲੋਚਨ ਸਿੰਘ, ਅਮਰਜੀਤ ਕੌਰ ਅਤੇ ਹਰਜੀਤ ਕੌਰ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਜੋ ਅਹਿਤਿਆਤ ਵਰਤਿਆ ਜਾ ਰਿਹਾ ਹੈ, ਉਹ ਬਹੁਤ ਜ਼ਰੂਰੀ ਹੈ ਪਰ ਜਿਨ੍ਹਾਂ ਨੂੰ ਰੋਜ਼ ਆਉਣ ਦੀ ਲਿਵ ਲੱਗੀ ਹੋਈ ਹੈ, ਉਨ੍ਹਾਂ ਲਈ ਬਹੁਤ ਮੁਸ਼ਕਲ ਹੈ।
ਕੁਝ ਸੰਗਤਾਂ ਨੇ ਜਦ ਇਹ ਸ਼ਿਕਾਇਤ ਕੀਤੀ ਕਿ ਪੁਲਸ ਵਾਲੇ ਕਈ-ਕਈ ਵਿਅਕਤੀਆਂ ਨੂੰ ਆਪਣੀ ਮਰਜ਼ੀ ਨਾਲ ਲੰਘਾਈ ਜਾ ਰਹੇ ਹਨ ਤਾਂ ਪੁੱਛਣ 'ਤੇ ਜਵਾਬ ਮਿਲਿਆ ਕਿ ਉਨ੍ਹਾਂ ਕੋਲ ਪਾਸ ਹਨ। ਜਦ ਸਾਡੇ ਵੱਲੋਂ ਪੁੱਛਿਆ ਗਿਆ ਕਿ ਇਹ ਜੋ ਜੌੜਾ ਸਾਹਮਣੇ ਤੋਂ ਬਾਹਰ ਆ ਰਿਹਾ ਹੈ, ਇਸ ਕੋਲ ਪਾਸ ਹੈ ਤਾਂ ਗੁਰੂ ਰਾਮਦਾਸ ਸਰਾਂ ਵਾਲੇ ਨਾਕੇ 'ਤੇ ਤਾਇਨਾਤ ਪੁਲਸ ਟੀਮ ਨੇ ਕਿਹਾ ਕਿ ਇਹ ਰਾਤ 12 ਵਜੇ ਤੋਂ ਪਹਿਲਾਂ ਗਏ ਹੋਣਗੇ। 12 ਵਜੇ ਤੋਂ ਬਾਅਦ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਗਿਆ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੀ 12 ਵਜੇ ਤੋਂ ਪਹਿਲਾਂ ਪੁਲਸ ਦੀ ਕਾਰਗੁਜ਼ਾਰੀ ਢਿੱਲੀ ਰਹੀ। ਇਸ ਦਾ ਸਬੂਤ ਉਦੋਂ ਮਿਲਿਆ ਜਦੋਂ ਉਸੇ ਨਾਕੇ 'ਤੇ ਇਕ ਪੁਲਸ ਮੁਲਾਜ਼ਮ ਆਪਣੀ ਕਾਰ 'ਚ ਇਕ ਬਜ਼ੁਰਗ ਮਾਤਾ ਨੂੰ ਬਿਠਾ ਕੇ ਲਿਆਇਆ ਤਾਂ ਉਸ ਦੀ ਕਾਰ ਸਿੱਧੀ ਨਾਕਾ ਖੋਲ੍ਹ ਕੇ ਲੰਗਰ ਘਰ ਦੇ ਬਾਹਰ ਲਵਾ ਦਿੱਤੀ ਗਈ।
PunjabKesari
ਤਿੰਨ ਪਹਿਰ ਦੀਆਂ ਸੰਗਤਾਂ 'ਤੇ ਡਿਊਟੀ ਮੁਲਾਜ਼ਮਾਂ ਨੇ ਸਾਰਾ ਦਿਨ ਬਹਾਲ ਰੱਖੀ ਮਰਿਆਦਾ
ਭਾਵੇਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਨੂੰ ਬਾਹਰ ਖੜ੍ਹੀਆਂ ਸੰਗਤਾਂ ਤਰਸਦੀਆਂ ਰਹੀਆਂ ਪਰ ਰੋਜ਼ਾਨਾ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਤਿੰਨ ਪਹਿਰ ਦੀਆਂ ਸੰਗਤਾਂ ਨੇ ਇਸ਼ਨਾਨ ਦੀ ਸੇਵਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੂਰੇ ਅਦਬ ਸਤਿਕਾਰ ਨਾਲ ਪ੍ਰਕਾਸ਼ਮਾਨ ਕਰਨ ਉਪਰੰਤ ਰਾਗੀ ਸਿੰਘਾਂ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਰਾਤ ਸਮੇਂ ਸੁੱਖ ਆਸਣ ਉਪਰੰਤ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਸ਼ੋਭਿਤ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁੱਖ ਆਸਣ ਅਸਥਾਨ 'ਤੇ ਬਿਰਾਜਮਾਨ ਕੀਤਾ ਗਿਆ। ਲੰਗਰ ਦੀ ਮਰਿਆਦਾ ਰੋਜ਼ਾਨਾ ਦੀ ਤਰ੍ਹਾਂ ਸਾਰਾ ਦਿਨ ਚੱਲਦੀ ਰਹੀ। ਇਸ ਤੋਂ ਇਲਾਵਾ ਸ਼ਨੀਵਾਰ ਗੁਰੂ ਰਾਮਦਾਸ ਸਰਾਂ ਦੇ ਬਾਹਰ ਵੀ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।


KamalJeet Singh

Content Editor

Related News