ਗੁਰਦੁਆਰਾ ਸਾਹਿਬ ਟੱਲੇਵਾਲ ਜ਼ਿਲ੍ਹਾ ਬਰਨਾਲਾ ਦੀ ਸੰਗਤ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਲੰਗਰ ਸੇਵਾ
Friday, Mar 05, 2021 - 07:54 PM (IST)

ਅੰਮਿ੍ਰਤਸਰ (ਦੀਪਕ ਸ਼ਰਮਾ) : ਸ੍ਰੀ ਦਰਬਾਰ ਸਾਹਿਬ ਜੀ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਗੁਰਦੁਆਰਾ ਸਾਹਿਬ ਟੱਲੇਵਾਲ (ਬਰਨਾਲਾ) ਤੋਂ ਮੁੱਖ ਸੇਵਾਦਾਰ ਬਾਬਾ ਕਰਨੈਲ ਸਿੰਘ ਅਤੇ ਵੱਡੀ ਗਿਣਤੀ ਸੰਗਤਾਂ ਵੱਲੋਂ ਸਮੂਹਿਕ ਰੂਪ ’ਚ ਲੰਗਰ ਸੇਵਾ ਕੀਤੀ ਗਈ। ਬੀਤੇ ਕੱਲ੍ਹਤੋਂ ਇਥੇ ਪੁੱਜੀਆਂ ਸੰਗਤਾਂ ਨੇ ਲਿਆਂਦੀਆਂ ਰਸਦਾਂ ਨਾਲ ਸ਼ਰਧਾ ਨਾਲ ਲੰਗਰ ਤਿਆਰ ਕੀਤਾ। ਸੰਗਤ ਵੱਲੋਂ ਗੁਰੂ ਸਾਹਿਬ ਦੇ ਲੰਗਰ ਲਈ ਆਟਾ, ਦਾਲਾਂ, ਚੌਲ, ਖੰਡ, ਚਾਹ ਪੱਤੀ, ਰੀਫਾਇੰਡ, ਸਰੋਂ ਦਾ ਤੇਲ, ਦੇਸੀ ਘਿਓ ਆਦਿ ਰਸਦਾਂ ਭੇਟ ਕੀਤੀਆਂ ਗਈਆਂ। ਬਾਬਾ ਕਰਨੈਲ ਸਿੰਘ ਨੇ ਕਿਹਾ ਕਿ ਸਿੱਖ ਧਰਮ ’ਚ ਲੰਗਰ ਮਰਯਾਦਾ ਦਾ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਮਹੱਤਵਪੂਰਨ ਸਥਾਨ ਹੈ। ਇਸ ਗੁਰੂ ਬਖਸ਼ੀ ਪਰੰਪਰਾ ਕਾਰਨ ਸਿੱਖ ਕੌਮ ਦੀ ਵਿਲੱਖਣ ਪਛਾਣ ਹੈ। ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਖੇ ਸੇਵਾ ਕਰਨ ਦਾ ਸੁਭਾਗ ਅਥਾਹ ਖੁਸ਼ੀ ਅਤੇ ਆਨੰਦ ਦਿੰਦਾ ਹੈ।
ਇਸ ਸਰਬ ਸਾਂਝਾ ਅਸਥਾਨ ਹੈ ਅਤੇ ਮਨੁੱਖੀ ਏਕਤਾ ਲਈ ਇਸ ਤੋਂ ਵੱਡੀ ਹੋਰ ਕੋਈ ਮਿਸਾਲ ਨਹੀਂ। ਇਸ ਦੌਰਾਨ ਬਾਬਾ ਕਰਨੈਲ ਸਿੰਘ ਅਤੇ ਬਰਨਾਲਾ ਦੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ, ਜਗਸੀਰ ਸਿੰਘ ਮਾਂਗੇਆਣਾ, ਸ੍ਰੀ ਦਰਬਾਰ ਸਾਹਿਬ ਦੇ ਮੈਨਜਰ ਗੁਰਿੰਦਰ ਸਿੰਘ ਮਥਰੇਵਾਲ, ਸਤਨਾਮ ਸਿੰਘ ਮਾਂਗੇਆਣਾ ਵੱਲੋਂ ਸਾਂਝੇ ਤੌਰ ’ਤੇ ਗੁਰੂ ਬਖ਼ਸ਼ਿਸ਼ ਸਿਰੋਪਾਓ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲੰਗਰ ਸੇਵਾ ਕਰਨ ਪੁੱਜੇ ’ਚ ਸਾਬਕਾ ਸਰਪੰਚ ਬਲਰਾਜ ਸਿੰਘ ਕਾਕਾ, ਬਾਬਾ ਭਗਵਾਨ ਸਿੰਘ, ਬਾਬਾ ਕੌਰ ਸਿੰਘ, ਬਾਬਾ ਗੁਰਪ੍ਰੀਤ ਸਿੰਘ ਭਦੌੜ ਅਤੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।