ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤਾਂ ਦੀ ਹਾਜ਼ਰੀ ਆਮ ਨਾਲੋਂ ਜ਼ਿਆਦਾ
Thursday, Jun 25, 2020 - 04:07 PM (IST)
ਅੰਮ੍ਰਿਤਸਰ (ਅਨਜਾਣ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਹਾਜ਼ਰੀ ਆਮ ਨਾਲੋਂ ਕੁਝ ਜ਼ਿਆਦਾ ਰਹੀ। ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਦੀ ਭੀੜ ਜਮਾਂ ਹੁੰਦੀ ਦੇਖੀ ਗਈ ਪਰ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਪੁੱਖਤਾ ਪ੍ਰਬੰਧ ਹੋਣ ਕਾਰਣ ਪੰਜ ਜਗ੍ਹਾ 'ਤੇ ਬਾਂਸ ਲਗਾ ਕੇ ਵਾਰੀ ਸਿਰ ਸੰਗਤਾਂ ਨੂੰ ਦਰਸ਼ਨ ਦੀਦਾਰੇ ਕਰਵਾਏ ਜਾ ਰਹੇ ਸਨ। ਜੋ ਸੰਗਤਾਂ ਦਰਸ਼ਨ ਦੀਦਾਰੇ ਕਰ ਕੇ ਬੈਠ ਜਾਂਦੀਆਂ ਸਨ, ਉਨ੍ਹਾਂ ਨੂੰ ਸੇਵਾਦਾਰਾਂ ਵੱਲੋਂ ਬੇਨਤੀ ਕਰਕੇ ਨਾਲੋਂ-ਨਾਲ ਉਠਾਇਆ ਜਾ ਰਿਹਾ ਸੀ ਤਾਂ ਜੋ ਭੀੜ ਇਕੱਠੀ ਨਾ ਹੋ ਸਕੇ ਅਤੇ ਦੂਸਰੀਆਂ ਸੰਗਤਾਂ ਵੀ ਅਸਾਨੀ ਨਾਲ ਦਰਸ਼ਨ ਦੀਦਾਰੇ ਕਰ ਸਕਣ। ਸਾਰੇ ਦਿਨ ਦੀ ਮਰਯਾਦਾ ਤਿੰਨ ਪਹਿਰੇ ਦੀਆਂ ਸੰਗਤਾਂ 'ਤੇ ਡਿਊਟੀ ਸੇਵਾਦਾਰਾਂ ਨੇ ਮਿਲ ਕੇ ਸੰਭਾਲੀ ਰੱਖੀ। ਅੰਮ੍ਰਿਤ ਵੇਲੇ ਤੋਂ ਕਿਵਾੜ ਖ਼ੁੱਲ੍ਹਣ ਉਪਰੰਤ ਫੁੱਲਾਂ ਨਾਲ ਸਜ਼ੀ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਗ੍ਰੰਥੀ ਸਿੰਘ ਵੱਲੋਂ ਪਹਿਲਾ ਮੁਖ ਵਾਕ ਲਿਆ ਗਿਆ, ਜਿਸ ਦੀ ਕਥਾ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਕੀਤੀ। ਸੰਗਤਾਂ ਨੇ ਠੰਢੇ-ਮਿੱਠੇ ਜਲ ਛਕੇ ਅਤੇ ਛਬੀਲ 'ਤੇ ਸੇਵਾ ਕੀਤੀ। ਇਸ ਉਪਰੰਤ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਗੁਰੂ ਰਾਮਦਾਸ ਲੰਗਰ ਅਤੇ ਜੌੜੇ ਘਰ ਵਿਖੇ ਵੀ ਸੇਵਾ ਕੀਤੀ ਅਤੇ ਗੁਰੂ ਕੇ ਲੰਗਰ ਛਕ ਕੇ ਤ੍ਰਿਪਤ ਹੋਈਆਂ।
ਹਰਿ ਕੀ ਪਉੜੀ ਵਿਖੇ ਹੋਈ ਵਿਸ਼ਵ ਦੇ ਭਲੇ ਦੀ ਅਰਦਾਸ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਉਪਰਲੀ ਛੱਤ 'ਤੇ ਹਰਿ ਕੀ ਪਉੜੀ ਵਿਖੇ ਕੋਰੋਨਾ 'ਤੇ ਫਤਿਹ ਪਾਉਣ ਲਈ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾ ਕੇ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ ਅਤੇ ਗੁਰੂ ਦੀਆਂ ਸੰਗਤਾਂ ਨੇ ਪੂਰੇ ਵਿਸ਼ਵ ਦੇ ਭਲੇ ਲਈ ਅਰਦਾਸ ਕੀਤੀ। ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਇਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡ ਆਕਾਰ ਦੇ ਦਰਸ਼ਨੀ ਸਰੂਪ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਜਿਸ ਦੇ ਦਰਸ਼ਨ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਕਰਦੀਆਂ ਹਨ।