ਪੰਜਾਬ ''ਚ ਰੇਤ ਮਾਫੀਆ ਨੂੰ ਕੈਪਟਨ ਸਰਕਾਰ ਦੀ ਸ਼ਹਿ : ਸ਼ਵੇਤ ਮਲਿਕ

Wednesday, Jun 27, 2018 - 07:27 AM (IST)

ਪੰਜਾਬ ''ਚ ਰੇਤ ਮਾਫੀਆ ਨੂੰ ਕੈਪਟਨ ਸਰਕਾਰ ਦੀ ਸ਼ਹਿ : ਸ਼ਵੇਤ ਮਲਿਕ

ਲੁਧਿਆਣਾ (ਗੁਪਤਾ) — ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਹੈ ਕਿ ਪੰਜਾਬ ਵਿਚ ਰੇਤ ਮਾਫੀਆ ਨੂੰ ਕੈਪਟਨ ਸਰਕਾਰ ਦੀ ਸ਼ਹਿ ਮਿਲੀ ਹੋਈ ਹੈ। ਮੰਗਲਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸੇ ਸ਼ਹਿ ਕਾਰਨ ਹੀ ਰੇਤ ਮਾਫੀਆ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ।  ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਰਕਾਰ ਬਣਨ 'ਤੇ 4 ਹਫਤਿਆਂ ਅੰਦਰ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ ਪਰ ਅੱਜ ਕੈਪਟਨ ਸਰਕਾਰ ਨੂੰ ਬਣਿਆ 15 ਮਹੀਨੇ ਬੀਤ ਚੁੱਕੇ ਹਨ ਪਰ ਸੂਬੇ ਵਿਚ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਉਨ੍ਹਾਂ ਕਾਂਗਰਸ 'ਤੇ ਐਮਰਜੈਂਸੀ  ਰਾਹੀਂ ਲੋਕਰਾਜ ਨੂੰ ਕੁਚਲਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਦੇਸ਼ ਇਹ ਦਿਨ ਕਦੇ ਨਹੀਂ ਭੁੱਲੇਗਾ। ਕਾਂਗਰਸ ਨੂੰ ਇਸ ਲਈ ਹਰ ਸਾਲ ਮੁਆਫੀ ਮੰਗਣੀ ਹੋਵੇਗੀ। ਉਨ੍ਹਾਂ ਕਾਂਗਰਸ 'ਤੇ ਪਰਿਵਾਰਵਾਦ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪਹਿਲਾਂ ਨਹਿਰੂ, ਫਿਰ ਇੰਦਰਾ ਗਾਂਧੀ, ਉਸ ਤੋਂ ਬਾਅਦ ਰਾਜੀਵ ਗਾਂਧੀ ਅਤੇ ਹੁਣ ਸੋਨੀਆ ਤੇ ਰਾਹੁਲ ਗਾਂਧੀ  ਪਾਰਟੀ ਦੀ ਸੱਤਾ 'ਤੇ ਕਾਬਜ਼ ਹਨ।
ਜੇਲਾਂ ਕੱਟਣ ਵਾਲਿਆਂ ਦਾ ਕੀਤਾ ਸਨਮਾਨ
ਮਲਿਕ ਨੇ ਐਮਰਜੈਂਸੀ ਦੌਰਾਨ ਜੇਲਾਂ ਕੱਟਣ ਵਾਲੇ ਵਰਕਰਾਂ ਦੇ ਜ਼ਿਲਾ ਭਾਜਪਾ ਪ੍ਰਧਾਨ ਰਵਿੰਦਰ ਅਰੋੜਾ ਦੀ ਪ੍ਰਧਾਨਗੀ ਹੇਠ ਹੋਏ ਸਨਮਾਨ ਸਮਾਰੋਹ ਵਿਚ ਕਿਹਾ ਕਿ  ਉਦੋਂ ਜਿਨ੍ਹਾਂ ਨੇ ਲੋਕਰਾਜ ਲਈ ਕੁਰਬਾਨੀਆਂ ਕੀਤੀਆਂ ਸਨ, ਉਨ੍ਹਾਂ ਕਾਰਨ ਹੀ ਅੱਜ ਅਸੀਂ ਦੇਸ਼ ਦੀ ਵਾਗਡੋਰ ਸੰਭਾਲ ਕੇ ਸੇਵਾ ਕਰ ਰਹੇ ਹਾਂ। ਐਮਰਜੈਂਸੀ ਸਮੇਂ ਕਾਂਗਰਸ ਨੇ ਜੋ ਅਤਿਆਚਾਰ ਕੀਤੇ, ਉਸ ਕਾਰਨ ਭਾਜਪਾ ਹੋਰ ਮਜ਼ਬੂਤ ਹੋਈ ਹੈ। ਪੰਜਾਬ ਨੂੰ ਕਾਂਗਰਸ ਮੁਕਤ ਕਰਨ ਦਾ ਸੱਦਾ ਦਿੰਦੇ ਹੋਏ ਮਲਿਕ ਨੇ ਵਰਕਰਾਂ ਨੂੰ ਇਕਮੁੱਠ ਹੋਣ ਲਈ ਕਿਹਾ।
ਐਮਰਜੈਂਸੀ ਦੌਰਾਨ ਜੇਲਾਂ ਕੱਟਣ ਵਾਲੇ ਵਰਕਰਾਂ ਰਮੇਸ਼ ਸ਼ਰਮਾ, ਪ੍ਰੇਮ ਚੰਦ ਦੁੱਗਲ, ਸਤਪਾਲ ਗੋਸਾਈ, ਬਜਰੰਗ ਲਾਲ ਖੱਤਰੀ, ਬਨਵਾਰੀ ਲਾਲ ਚੌਹਾਨ ਅਤੇ ਹੋਰਨਾਂ ਨੂੰ ਉਨ੍ਹਾਂ ਸਨਮਾਨਿਤ ਕੀਤਾ। ਇਸ ਮੌਕੇ 'ਤੇ ਯੂਥ ਮੋਰਚਾ ਵਰਕਰ ਘੰਟਾਘਰ ਚੌਕ ਤੋਂ ਮੋਟਰਸਾਈਕਲ ਰੈਲੀ ਵਿਚ ਕਾਂਗਰਸ ਵਿਰੁੱਧ ਨਾਅਰੇ ਲਾਉਂਦੇ ਹੋਏ ਸ਼ਵੇਤ ਮਲਿਕ ਨੂੰ ਗੁਰੂ ਨਾਨਕ ਦੇਵ ਭਵਨ ਤੱਕ ਲੈ ਕੇ ਆਏ। ਪ੍ਰੋਗਰਾਮ ਵਿਚ ਦਿਆਲ ਸਿੰਘ ਸੋਢੀ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਪ੍ਰਵੀਨ ਬਾਂਸਲ, ਜੀਵਨ ਗੁਪਤਾ, ਅਨਿਲ ਸਰੀਨ, ਕੇਵਲ ਕੁਮਾਰ, ਰੇਨੂ ਥਾਪਰ, ਜਨਾਰਦਨ ਸ਼ਰਮਾ, ਕਮਲ ਜੇਤਲੀ, ਜਤਿੰਦਰ ਮਿੱਤਲ, ਰਜਨੀਸ਼ ਧੀਮਾਨ, ਸੁਭਾਸ਼ ਡਾਬਰ, ਦਿਨੇਸ਼ ਸਰਪਾਲ, ਸਤਪਾਲ ਸੱਗਰ ਅਤੇ ਹੋਰ ਵੀ ਮੌਜੂਦ ਸਨ।


Related News