ਰੇਤ ਮਾਫੀਆ ਖਿਲਾਫ ਪੁਲਸ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ

01/27/2020 4:43:04 PM

ਫਿਲੌਰ (ਭਾਖੜੀ) : ਪੁਲਸ ਵੱਲੋਂ ਰੇਤ ਮਾਫੀਆ 'ਤੇ ਵੱਡੇ ਪੱਧਰ 'ਤੇ ਸ਼ਿਕੰਜਾ ਕੱਸਿਆ ਗਿਆ। ਪੁਲਸ 2 ਰੇਤ ਨਾਲ ਭਰੇ ਟਿੱਪਰ ਫੜ ਕੇ ਮਾਫੀਆ ਦੇ ਗੋਦਾਮਾਂ ਤੱਕ ਪੁੱਜ ਗਈ, ਜਿਥੇ ਉਨ੍ਹਾਂ ਨੇ ਦਰਿਆ ਤੋਂ ਰੇਤ ਚੋਰੀ ਕਰ ਕੇ ਉੱਥੇ ਵੱਡੇ ਪੱਧਰ 'ਤੇ ਜਮ੍ਹਾ ਕੀਤੀ ਹੋਈ ਸੀ, ਜਿਸ ਨੂੰ ਉਹ ਅੱਗੇ ਵੇਚ ਕੇ ਲੱਖਾਂ ਰੁਪਏ ਕਮਾ ਰਹੇ ਸਨ। ਮਿਲੀ ਸੂਚਨਾ ਮੁਤਾਬਕ ਥਾਣਾ ਮੁਖੀ ਸੁੱਖਾ ਸਿੰਘ ਅਤੇ ਲਸਾੜਾ ਪੁਲਸ ਚੌਕੀ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਕਿਸੇ ਸੂਹੀਏ ਨੇ ਸੂਚਨਾ ਦਿੱਤੀ ਕਿ ਮਲਕੀਤ ਸਿੰਘ, ਗੁਰਵਿੰਦਰ ਸਿੰਘ ਰਾਜਾ ਅਤੇ ਹਰਨੇਕ ਸਿੰਘ ਪਿੰਡ ਝੰਡੀ ਪੀਰ ਦੇ ਨੇੜੇ ਸਤਲੁਜ ਦਰਿਆ ਤੋਂ ਨਾਜਾਇਜ਼ ਰੇਤ ਕੱਢ ਕੇ ਉਸ ਨੂੰ ਲੱਖਾਂ ਰੁਪਇਆਂ ਵਿਚ ਅੱਗੇ ਵੇਚਣ ਦਾ ਕਾਰੋਬਾਰ ਕਰ ਰਹੇ ਹਨ।

ਇਸ ਸਮੇਂ ਵੀ ਉਹ ਦਰਿਆ ਤੋਂ ਰੇਤ ਚੋਰੀ ਕਰ ਕੇ ਟਿੱਪਰਾਂ ਵਿਚ ਭਰ ਕੇ ਲਿਜਾ ਰਹੇ ਹਨ, ਜਿਸ 'ਤੇ ਤੁਰੰਤ ਥਾਣਾ ਮੁਖੀ ਨੇ ਪੁਲਸ ਪਾਰਟੀ ਦੇ ਨਾਲ ਪਿੰਡ ਨਗਰ ਵਿਚ ਸਖਤ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵੱਡੇ ਵਾਹਨਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਤਾਂ ਉਸੇ ਸਮੇਂ ਪੁਲਸ ਨੇ ਦੋ ਰੇਤ ਨਾਲ ਭਰੇ ਟਿੱਪਰ ਆਉਂਦੇ ਦੇਖ ਕੇ ਜਿਵੇਂ ਹੀ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ 'ਚੋਂ ਚਾਲਕ ਦੀ ਸੀਟ ਦੇ ਨਾਲ ਬੈਠਾ ਰੇਤ ਮਾਫੀਆ ਦਾ ਵੱਡਾ ਸਰਗਣਾ ਮਲਕੀਤ ਸਿੰਘ ਛਾਲ ਮਾਰ ਕੇ ਭੱਜਣ 'ਚ ਕਾਮਯਾਬ ਹੋ ਗਿਆ, ਜਦੋਂਕਿ ਉਸ ਦੇ ਦੋਵੇਂ ਸਾਥੀ ਗੁਰਵਿੰਦਰ ਸਿੰਘ ਰਾਜਾ ਅਤੇ ਹਰਨੇਕ ਸਿੰਘ ਨੂੰ ਪੁਲਸ ਨੇ ਕਾਬੂ ਕਰ ਲਿਆ। ਪੁੱਛਗਿਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਦਰਿਆ ਤੋਂ ਰੇਤ ਚੋਰੀ ਕਰ ਕੇ ਪਿੰਡ ਗੜ੍ਹਾ ਵਿਚ ਜਮ੍ਹਾ ਕਰ ਲੈਂਦੇ ਹਨ। ਪੁਲਸ ਨੇ ਮਾਫੀਆ ਦੇ ਰੇਤ ਨਾਲ ਭਰੇ ਦੋ ਟਿੱਪਰਾਂ ਤੋਂ ਇਲਾਵਾ ਗੋਦਾਮ ਵਿਚ ਜਮ੍ਹਾ ਕੀਤੀਆਂ ਹੋਈਆਂ ਸਾਰੀਆਂ ਗੱਡੀਆਂ 'ਚ ਭਰ ਕੇ ਕਬਜ਼ੇ 'ਚ ਲੈ ਕੇ ਪੁਲਸ ਥਾਣੇ ਲਿਆਂਦੀਆਂ।

ਕਾਲੋਨੀ ਬਣਾਉਣ ਦੇ ਨਾਂ 'ਤੇ ਕਰ ਰਹੇ ਸਨ ਚੋਰੀ ਦੀ ਰੇਤ ਵੇਚਣ ਦਾ ਧੰਦਾ
ਥਾਣਾ ਮੁਖੀ ਸੁੱਖਾ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਹ ਆਪਣੀ ਪੁਲਸ ਪਾਰਟੀ ਦੇ ਨਾਲ ਪਿੰਡ ਗੜ੍ਹਾ ਦੇ ਬਾਹਰ ਉਸ ਜਗ੍ਹਾ 'ਤੇ ਪੁੱਜੇ ਜਿੱਥੇ ਚੋਰੀ ਦੀ ਰੇਤ ਜਮ੍ਹਾ ਕੀਤੀ ਹੋਈ ਸੀ ਤਾਂ ਉੱਥੇ ਰੇਤ ਦੇ ਵੱਡੇ-ਵੱਡੇ ਪਹਾੜ ਖੜ੍ਹੇ ਕੀਤੇ ਹੋਏ ਸਨ। ਇਹ ਲੋਕ ਹੁਣ ਤੱਕ ਇਸ ਲਈ ਪੁਲਸ ਦੀ ਗ੍ਰਿਫਤ ਵਿਚ ਨਹੀਂ ਆ ਸਕੇ ਕਿਉਂਕਿ ਜਦੋਂ ਵੀ ਕਦੇ ਪੁਲਸ ਉਸ ਗੋਦਾਮ ਵਿਚ ਪੁੱਜ ਕੇ ਰੇਤ ਸਬੰਧੀ ਪੁੱਛਗਿਛ ਕਰਦੀ ਤਾਂ ਇਹ ਲੋਕ ਅੱਗੋਂ ਆਖ ਦਿੰਦੇ ਕਿ ਉਨ੍ਹਾਂ ਦੇ ਨਾਲ ਦੀ ਜਗ੍ਹਾ ਵਿਚ ਨਵੀਂ ਕਾਲੋਨੀ ਕੱਟੀ ਜਾ ਰਹੀ ਹੈ, ਜਿਸ ਕਾਰਨ ਇਥੇ ਰੇਤ ਜਮ੍ਹਾ ਕਰ ਕੇ ਰੱਖੀ ਹੋਈ ਹੈ, ਜਦੋਂਕਿ ਮਾਜਰਾ ਕੁਝ ਹੋਰ ਹੀ ਸੀ। ਉਹ ਇੱਥੋਂ ਰੇਤਾ ਟਰੈਕਟਰ, ਟਰਾਲੀ ਅਤੇ ਟਿੱਪਰਾਂ ਵਿਚ ਭਰ ਕੇ ਅੱਗੇ ਵੇਚ ਕੇ ਲੱਖਾਂ ਰੁਪਏ ਕਮਾ ਰਹੇ ਸਨ।

ਥਾਣਾ ਮੁਖੀ ਨੇ ਦੱਸਿਆ ਕਿ ਮਲਕੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਛੋਹਲੇ ਬਜਾੜਾ, ਹਰਨੇਕ ਸਿੰਘ ਪੁੱਤਰ ਮੱਖਣ ਸਿੰਘ ਹਾਲ ਵਾਸੀ ਗੜ੍ਹਾ, ਗੁਰਵਿੰਦਰ ਸਿੰਘ ਰਾਜਾ ਪੁੱਤਰ ਕੁਲਦੀਪ ਸਿੰਘ ਵਾਸੀ ਫਿਲੌਰ ਵਿਰੁੱਧ ਮਾਈਨਿੰਗ ਐਕਟ ਦੀਆਂ ਧਾਰਾਵਾਂ ਤੋਂ ਇਲਾਵਾ ਰੇਤ ਚੋਰੀ ਦਾ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਕੇ ਉਨ੍ਹਾਂ ਤੋਂ ਅਗਲੀ ਪੁੱਛਗਿਛ ਕੀਤੀ ਜਾਵੇਗੀ ਕਿ ਉਹ ਨਾਜਾਇਜ਼ ਮਾਈਨਿੰਗ ਦਾ ਕੰਮ ਕਦੋਂ ਤੋਂ ਕਰ ਰਹੇ ਹਨ ਅਤੇ ਉਨ੍ਹਾਂ ਦੇ ਹੋਰ ਕਿੰਨੇ ਗੋਦਾਮ ਅਤੇ ਕਿੱਥੇ ਹਨ।

ਇਮਾਰਤੀ ਮਟੀਰੀਅਲ ਦੇ ਨਾਂ 'ਤੇ ਸ਼ਹਿਰ ਵਿਚ ਹੋਰ ਵੀ ਲੋਕ ਕਰ ਰਹੇ ਹਨ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ
ਪਹਿਲੀ ਦਫਾ ਹੋਇਆ ਹੈ ਕਿ ਜਦੋਂ ਪੁਲਸ ਨੇ ਨਾਜਾਇਜ਼ ਮਾਈਨਿੰਗ ਦੇ ਕੰਮ ਨੂੰ ਰੋਕਣ ਲਈ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਦੇ ਹੱਥ ਦੋ ਮਾਫੀਆ ਦੇ ਵੱਡੇ ਲੋਕ ਵੀ ਲੱਗ ਗਏ ਨਹੀਂ ਤਾਂ ਆਮ ਕਰ ਕੇ ਪੁਲਸ ਪਾਰਟੀ ਨੂੰ ਦੇਖ ਕੇ ਮਾਫੀਆ ਦੇ ਲੋਕ ਬਚ ਕੇ ਭੱਜਣ ਵਿਚ ਕਾਮਯਾਬ ਹੋ ਜਾਂਦੇ ਸਨ। ਫੜੇ ਗਏ ਲੋਕਾਂ ਨੇ ਜੋ ਖੁਲਾਸਾ ਕੀਤਾ ਕਿ ਉਹ ਨਵੀਂ ਕਾਲੋਨੀ ਦੇ ਨਾਂ 'ਤੇ ਚੋਰੀ ਦੀ ਰੇਤ ਜਮ੍ਹਾ ਕਰ ਕੇ ਵੇਚਣ ਦਾ ਕਾਰੋਬਾਰ ਕਰ ਰਹੇ ਸਨ। ਅਜਿਹੇ ਇਹੀ ਲੋਕ ਨਹੀਂ, ਸਗੋਂ ਕਾਫੀ ਲੋਕ ਅਜਿਹੇ ਹਨ ਜਿਨ੍ਹਾਂ ਨੇ ਬੋਰਡ ਤਾਂ ਬਿਲਡਿੰਗ ਮਟੀਰੀਅਲ ਸਟੋਰ ਦੇ ਲਾਏ ਹੋਏ ਹਨ ਪਰ ਕਾਰੋਬਾਰ ਚੋਰੀ ਦੀ ਰੇਤ ਵੇਚਣ ਦਾ ਕਰ ਰਹੇ ਹਨ। ਥਾਣਾ ਮੁਖੀ ਸੁੱਖਾ ਸਿੰਘ ਨੇ ਕਿਹਾ ਕਿ ਉਹ ਫਿਲੌਰ ਹਲਕੇ ਵਿਚ ਪੈਂਦੀਆਂ ਸਾਰੀਆਂ ਇਮਾਰਤੀ ਮਟੀਰੀਅਲ ਦੀਆਂ ਦੁਕਾਨਾਂ ਦੀ ਜਾਂਚ ਕਰਵਾਉਣਗੇ ਕਿ ਕੌਣ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ, ਜੋ ਕੋਈ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।


Anuradha

Content Editor

Related News