ਸਿਹਤ ਮਹਿਕਮੇ ਦੀ ਟੀਮ ਵਲੋਂ ਸਮਰਾਲਾ ਦੀ ਸਬਜ਼ੀ ਮੰਡੀ ’ਚ ਚੈਕਿੰਗ
Friday, Jun 26, 2020 - 10:35 AM (IST)
ਸਮਰਾਲਾ (ਗਰਗ, ਬੰਗੜ) : ਕੋਰੋਨਾ ਮਹਾਮਾਰੀ ਦੇ ਚੱਲਦੇ ਸਥਾਨਕ ਐੱਸ. ਐੱਮ. ਓ. ਡਾ. ਤਾਰਿਕਜੋਤ ਸਿੰਘ ਦੀ ਅਗਵਾਈ ’ਚ ਸਿਹਤ ਮਹਿਕਮੇ ਅਤੇ ਬਾਗਵਾਨੀ ਮਹਿਕਮੇ ਦੀਆਂ ਟੀਮਾਂ ਵੱਲੋਂ ਸਮਰਾਲਾ ਦੀ ਸਬਜ਼ੀ ਮੰਡੀ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਮਾਰਕਿਟ ਕਮੇਟੀ ਦੀ ਟੀਮ ਵੀ ਮੌਕੇ ’ਤੇ ਹਾਜ਼ਰ ਰਹੀ। ਇਸ ਦੌਰਾਨ ਇਨ੍ਹਾਂ ਟੀਮਾਂ ਵੱਲੋਂ ਫ਼ਲ-ਸਬਜ਼ੀਆਂ ਅਤੇ ਪੈਕ ਹਾਊਸ ਦਾ ਨਿਰੀਖਣ ਕਰਦੇ ਹੋਏ 300 ਕਿੱਲੋ ਦੇ ਕਰੀਬ ਖ਼ਰਾਬ ਫ਼ਲ ਅਤੇ ਸਬਜ਼ੀਆਂ ਜਿਹੜੀਆਂ ਕਿ ਖਾਣ ਯੋਗ ਨਹੀਂ ਸੀ, ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ।
ਡਾ. ਤਾਰਕਿਜੋਤ ਸਿੰਘ ਨੇ ਦੱਸਿਆ ਕਿ ਸਿਹਤ ਟੀਮਾਂ ਨੇ ਮੰਡੀ 'ਚ ਹਾਜ਼ਰ ਆੜ੍ਹਤੀਆਂ ਅਤੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਾਫ਼-ਸੁਥਰੀਆਂ ਸਬਜ਼ੀਆਂ ਅਤੇ ਫ਼ਲਾਂ ਦੀ ਹੀ ਵਿਕਰੀ ਕਰਨ। ਇਸ ਤੋਂ ਇਲਾਵਾ ਇਨ੍ਹਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਹਮੇਸ਼ਾਂ ਮਾਸਕ ਨਾਲ ਮੂੰਹ ਢੱਕ ਕੇ ਰੱਖਣ ਲਈ ਜਾਗਰੂਕ ਕੀਤਾ ਗਿਆ। ਚੈਕਿੰਗ ਦੌਰਾਨ ਡਾਕਟਰ ਹਿਤੇਸ਼ ਮਹਾਜਨ, ਪ੍ਰਦੀਪ ਕੁਮਾਰ, ਚਰਨਜੀਤ ਸਿੰਘ ਅਤੇ ਰਾਜੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।