ਸਮਰਾਲਾ ''ਚ ਸੁਖਬੀਰ ਦੇ ਧਮਾਕੇ ਮਗਰੋਂ ਖੀਰਨੀਆਂ ਵੀ ਖੇਡਣਗੇ ਨਵਾਂ ਸਿਆਸੀ ਦਾਅ

Friday, May 14, 2021 - 02:21 PM (IST)

ਮਾਛੀਵਾੜਾ ਸਾਹਿਬ (ਟੱਕਰ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਸਮਰਾਲਾ ਦੇ ਨੌਜਵਾਨ ਆਗੂ ਤੇ ਨਵੇਂ ਚਿਹਰੇ ਪਰਮਜੀਤ ਸਿੰਘ ਢਿੱਲੋਂ ਨੂੰ ਇੱਥੋਂ ਪਾਰਟੀ ਦਾ ਮੁੱਖ ਸੇਵਾਦਾਰ ਨਿਯੁਕਤ ਕਰ ਕੇ ਸਿਆਸੀ ਧਮਾਕਾ ਕਰ ਦਿੱਤਾ ਗਿਆ ਹੈ। ਹੁਣ ਅਕਾਲੀ ਹਾਈਕਮਾਂਡ ਵੱਲੋਂ ਅਣਗੌਲਿਆਂ ਕੀਤੇ ਜਾਣ ਤੋਂ ਬਾਅਦ ਇਸ ਹਲਕੇ ਤੋਂ ਪਾਰਟੀ ਦੇ ਪ੍ਰਮੁੱਖ ਆਗੂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੀ ਜਲਦ ਇਸ ਧਮਾਕੇ ਦੇ ਜਵਾਬ ਵਿਚ ਨਵਾਂ ਸਿਆਸੀ ਦਾਅ ਖੇਡਣ ਦੀ ਤਿਆਰੀ ’ਚ ਜੁੱਟ ਗਏ ਹਨ। ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੂੰ ਕੁੱਝ ਦਿਨ ਪਹਿਲਾਂ ਹੀ ਅਹਿਸਾਸ ਹੋ ਗਿਆ ਸੀ ਕਿ ਅਕਾਲੀ ਹਾਈਕਮਾਂਡ ਉਨ੍ਹਾਂ ਦੇ ਪਰਿਵਾਰ ਦੀਆਂ ਪਾਰਟੀ ਪ੍ਰਤੀ ਵਫ਼ਾਦਾਰੀਆਂ ਤੇ ਸੇਵਾਵਾਂ ਨੂੰ ਅੱਖੋਂ-ਪਰੋਖੇ ਕਰ ਕਿਸੇ ਹੋਰ ਆਗੂ ਨੂੰ ਹਲਕੇ ਦੀ ਵਾਂਗਡੋਰ ਸੰਭਾਲਣ ਜਾ ਰਹੀ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਦੌਰਾਨ 'ਉਸਾਰੀ ਕਾਮਿਆਂ' ਲਈ ਵੱਡੀ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਗੁਜ਼ਾਰਾ ਭੱਤਾ ਦੇਣ ਦਾ ਐਲਾਨ

ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਸਿਆਸੀ ਯੁੱਧ ਦੀ ਤਿਆਰੀ ਵਿੱਢ ਦਿੱਤੀ ਸੀ। ਜਗਜੀਵਨ ਸਿੰਘ ਖੀਰਨੀਆਂ ਵੱਲੋਂ ਆਪਣੇ ਸਮਰਥਕਾਂ ਨਾਲ ਹਲਕੇ ਦੇ ਪਿੰਡਾਂ ’ਚ ਜਾ ਕੇ ਅਕਾਲੀ ਵਰਕਰਾਂ ਤੇ ਵੋਟਰਾਂ ਨਾਲ ਮੀਟਿੰਗ ਕਰ ਨਬਜ਼ ਟੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਟਿਕਟ ਮਿਲਣ ਜਾਂ ਨਾ ਮਿਲਣ ’ਤੇ ਅਗਲੀ ਰਣਨੀਤੀ ਕੀ ਬਣਾਈ ਜਾਵੇ। ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਜਿਨ੍ਹਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਟਿਕਟ ਨਹੀਂ ਮਿਲੀ ਸੀ ਅਤੇ ਉਨ੍ਹਾਂ ਇੱਥੋਂ ਖੜ੍ਹੇ ਅਕਾਲੀ ਦਲ ਦੇ ਨਵੇਂ ਉਮੀਦਵਾਰ ਜੱਥੇ. ਸੰਤਾ ਸਿੰਘ ਉਮੈਦਪੁਰ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਦਿਖਾਉਂਦੇ ਹੋਏ ਮਦਦ ਕੀਤੀ ਸੀ। ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਖੀਰਨੀਆਂ ਪਰਿਵਾਰ ਨੂੰ ਪੂਰੀ ਉਮੀਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਉਨ੍ਹਾਂ ਨੂੰ ਇੱਥੋਂ ਚੋਣ ਮੈਦਾਨ ’ਚ ਉਤਾਰੇਗਾ ਪਰ ਪਰਮਜੀਤ ਸਿੰਘ ਢਿੱਲੋਂ ਨੂੰ ਹਲਕੇ ਦੀ ਵਾਂਗਡੋਰ ਸੰਭਾਲ ਸੁਖਬੀਰ ਬਾਦਲ ਨੇ ਸਿੱਧਾ ਸੰਕੇਤ ਦੇ ਦਿੱਤਾ ਹੈ ਕਿ ਉਹ ਹੀ 2022 ਦੀਆਂ ਚੋਣਾਂ ’ਚ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਬੇਸ਼ੱਕ ਖੀਰਨੀਆਂ ਵੱਲੋਂ ਅਕਾਲੀ ਹਾਈਕਮਾਂਡ ਨੂੰ 2022 ਦੀਆਂ ਚੋਣਾਂ ’ਚ ਹਲਕਾ ਸਮਰਾਲਾ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਸੀ ਪਰ ਨਾਲ ਹੀ ਉਨ੍ਹਾਂ ਪਿੰਡਾਂ ’ਚ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਅਕਾਲੀ ਵਰਕਰਾਂ ਤੇ ਵੋਟਰਾਂ ਦਾ ਸਮਰਥਨ ਜਟਾਉਣਾ ਸ਼ੁਰੂ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਗਰੀਬ ਕੋਰੋਨਾ ਮਰੀਜ਼ਾਂ' ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲਸ, ਇਸ ਦਿਨ ਤੋਂ ਹੋਵੇਗੀ ਸ਼ੁਰੂਆਤ

ਖੀਰਨੀਆਂ ਵੱਲੋਂ ਪਿੰਡਾਂ ’ਚ ਮੀਟਿੰਗਾਂ ਦੌਰਾਨ ਜਿੱਥੇ ਆਪਣੇ ਪਰਿਵਾਰ ਦੀ ਪਾਰਟੀ ਪ੍ਰਤੀ ਵਫ਼ਾਦਾਰੀ, ਕੀਤੇ ਲੋਕ ਸੇਵਾ ਦੇ ਕੰਮਾਂ ਸਬੰਧੀ ਜਾਣੂੰ ਕਰਵਾਇਆ ਜਾਂਦਾ ਹੈ, ਉੱਥੇ ਨਾਲ ਹੀ ਇਹ ਵੀ ਮੁੱਦਾ ਰੱਖਿਆ ਜਾਂਦਾ ਹੈ ਕਿ ਜੇਕਰ ਅਕਾਲੀ ਹਾਈਕਮਾਂਡ ਉਨ੍ਹਾਂ ਨੂੰ ਟਿਕਟ ਨਹੀਂ ਦਿੰਦਾ ਤਾਂ ਪੇਂਡੂ ਵੋਟਰਾਂ ਦਾ ਉਨ੍ਹਾਂ ਪ੍ਰਤੀ ਰੁਝਾਨ ਕੀ ਹੈ। ਬੇਸ਼ੱਕ ਪਿੰਡਾਂ ’ਚ ਮੀਟਿੰਗਾਂ ਦੌਰਾਨ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੂੰ ਅਕਾਲੀ ਵਰਕਰਾਂ ਤੇ ਵੋਟਰਾਂ ਵੱਲੋਂ ਭਰਵਾਂ ਸਮਰਥਨ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਕਈ ਅਕਾਲੀ ਵਰਕਰ ਤੇ ਲੋਕ ਤਾਂ ਖੁੱਲ੍ਹ ਕੇ ਸਮਰਥਨ ’ਚ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਢਿੱਲੋਂ ਨੂੰ ਹਲਕੇ ਦੀ ਵਾਂਗਡੋਰ ਸੰਭਾਲਣ ਤੋਂ ਬਾਅਦ ਹੁਣ ਜਗਜੀਵਨ ਸਿੰਘ ਖੀਰਨੀਆਂ ਜਲਦ ਹੀ ਅਗਲੇ ਹਫ਼ਤੇ ਆਪਣੇ ਸਮਰਥਕਾਂ ਤੇ ਪਰਿਵਾਰ ਨਾਲ ਜੁੜੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰ ਨਵਾਂ ਸਿਆਸੀ ਦਾਅ ਖੇਡਣ ਦੀਆਂ ਤਿਆਰੀਆਂ ’ਚ ਜੁੱਟ ਗਏ ਹਨ ਅਤੇ ਇਹ ਵੀ ਚਰਚਾਵਾਂ ਹਨ ਕਿ ਉਹ ਜਲਦ ਜਾਂ ਕਿਸੇ ਹੋਰ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ ਜਾਂ ਫਿਰ ਆਜ਼ਾਦ ਤੌਰ ’ਤੇ ਹਲਕਾ ਸਮਰਾਲਾ ਤੋਂ ਚੋਣ ਲੜਨ ਲਈ ਮੈਦਾਨ ’ਚ ਆ ਸਕਦੇ ਹਨ। ਇਸ ਸਮੇਂ ਹਲਕਾ ਸਮਰਾਲਾ ਦੀ ਸਿਆਸਤ ਪੂਰੀ ਭਖੀ ਹੋਈ ਹੈ, ਹਲਕੇ ਦੇ ਆਮ ਵੋਟਰਾਂ ਤੋਂ ਇਲਾਵਾ ਕਾਂਗਰਸ ਦੀਆਂ ਨਜ਼ਰਾਂ ਵੀ ਅਕਾਲੀ ਦਲ ’ਚ ਛਿੜੇ ਕਾਟੋ-ਕਲੇਸ਼ ’ਤੇ ਟਿਕੀਆਂ ਹੋਈਆਂ ਹਨ ਕਿ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਹੁਣ ਕੀ ਨਵਾਂ ਸਿਆਸੀ ਦਾਅ ਖੇਡਣਗੇ? ਇਸ ਸਬੰਧੀ ਜਦੋਂ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਆਪਣੇ ਸਮਰਥਕਾਂ ਤੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰ ਆਪਣੀ ਅਗਲੀ ਸਿਆਸੀ ਰਣਨੀਤੀ ਬਣਾਉਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News