ਏ. ਡੀ. ਸੀ. ਨੇ ਹੋਟਲ ਦੀ ਰਸੋਈ ’ਚੋਂ ਖਰਾਬ ਸਬਜ਼ੀਆਂ ਦੇ ਭਰੇ ਸੈਂਪਲ

Monday, Jun 25, 2018 - 07:56 AM (IST)

ਏ. ਡੀ. ਸੀ. ਨੇ ਹੋਟਲ ਦੀ ਰਸੋਈ ’ਚੋਂ ਖਰਾਬ ਸਬਜ਼ੀਆਂ ਦੇ ਭਰੇ ਸੈਂਪਲ

 ਫਿਰੋਜ਼ਪੁਰ (ਕੁਮਾਰ, ਮਲਹੋਤਰਾ) – ਜ਼ਿਲੇ ਵਿਚ ਕਿਸੇ ਵੀ ਹੋਟਲ ਅਤੇ ਰੈਸਟੋਰੈਂਟ ਆਦਿ ਵਿਚ ਖਾਣ-ਪੀਣ ਵਾਲੀਆਂ ਥਾਵਾਂ ’ਤੇ ਗੰਦੀਆਂ ਤੇ ਮਿਲਾਵਟੀ ਚੀਜ਼ਾਂ ਖਵਾਉਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵਗੀ। ਜੇਕਰ ਕੋਈ ਵੀ ਹੋਟਲ ਜਾਂ ਰੈਸਟੋਰੈਂਟ ਮਾਲਕ ਲੋਕਾਂ ਨੂੰ ਗੰਦੀਆਂ ਚੀਜ਼ਾਂ ਖਵਾਉਂਦਾ ਹੈ ਤਾਂ ਉਸ  ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ  ਸਬੰਧੀ ਜਾਣਕਾਰੀ ਦਿੰਦਿਅਾਂ ਏ. ਡੀ. ਸੀ. ਫਿਰੋਜ਼ਪੁਰ ਡਾ. ਰਿਚਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ  ਫਿਰੋਜ਼ਪੁਰ ਸ਼ਹਿਰ ਦੇ ਇਕ ਹੋਟਲ ’ਤੇ ਸਿਹਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਜਦ ਰੇਡ ਕੀਤਾ ਤਾਂ ਉਨ੍ਹਾਂ ਦੇਖਿਆ ਕਿ ਹੋਟਲ ਦੀ ਰਸੋਈ ’ਚ ਸਬਜ਼ੀਆਂ ਖਰਾਬ ਹੋਈਆਂ ਪਈਆਂ ਸਨ ਤੇ ਕੱਟਿਆ ਹੋਇਆ ਚਿਕਨ ਗੰਦਗੀ ’ਚ ਪਿਆ ਸੀ। ਰਸੋਈ ਦੀ ਬਹੁਤ ਬੁਰੀ ਹਾਲਤ ਸੀ ਤੇ ਗਲੀਆਂ- ਸਡ਼ੀਆਂ ਸਬਜ਼ੀਆਂ ਤੇ ਚਿਕਨ ’ਤੇ ਮੱਖੀਆਂ ਬੈਠੀਆਂ ਹੋਈਆਂ ਸਨ। ਅਜਿਹੀਆਂ ਚੀਜ਼ਾਂ ਖਵਾ ਕੇ ਕਈ ਹੋਟਲ ਤੇ ਰੈਸਟੋਰੈਂਟ ਮਾਲਕ ਲੋਕਾਂ ਦੀ ਸਿਹਤ  ਨਾਲ ਖਿਲਵਾਡ਼ ਕਰ ਰਹੇ ਹਨ ਅਤੇ ਅਜਿਹਾ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਡਾ. ਰਿਚਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ  ਇਸ ਹੋਟਲ ’ਚੋਂ ਸਬਜ਼ੀਆਂ ਆਦਿ ਦੇ ਸੈਂਪਲ ਲਏ ਹਨ, ਜੋ ਲੈਬਾਰਟਰੀ ’ਚ ਟੈਸਟਿੰਗ  ਲਈ ਭੇਜੇ ਜਾ ਰਹੇ ਹਨ।
 ਉਨ੍ਹਾਂ  ਚਿਤਾਵਨੀ ਦਿੰਦਿਅਾਂ ਕਿਹਾ ਕਿ ਜੋ ਲੋਕ ਹੋਟਲ, ਰੈਸਟੋਰੈਂਟ ਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਕੰਮ ਕਰਦੇ ਹਨ, ਉਹ ਸਫਾਈ ਵੱਲ ਧਿਆਨ ਦੇਣ ਤੇ ਲੋਕਾਂ ਨੂੰ ਚੰਗੀ ਤੇ ਵਧੀਆ ਕੁਆਲਟੀ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ।  ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਅੱਗੇ ਵੀ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਤੇ ਜਿਸ ਹੋਟਲ ਦੀ ਵੀ ਸ਼ਿਕਾਇਤ ਮਿਲੇਗੀ, ਉਸ ਹੋਟਲ, ਰੈਸਟੋਰੈਂਟ ’ਤੇ ਰੇਡ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ  ਮਿਲਾਵਟੀ ਦੁੱਧ ਤੇ ਹੋਰ ਵਸਤੂਅਾਂ ਵੇਚਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਕੰਮ ਤੋਂ ਬਾਜ਼ ਆਉਣ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਨਾ ਕਰਨ।

 


Related News