ਫੂਡ ਸੇਫ਼ਟੀ ਅਧਿਕਾਰੀਆਂ ਨੇ ਭਰੇ ਖੁਰਾਕੀ ਪਦਾਰਥਾਂ ਦੇ 26 ਸੈਂਪਲ
Friday, Jul 20, 2018 - 12:49 AM (IST)
ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਜ਼ਿਲੇ ’ਚ ਖੁਰਾਕੀ ਪਦਾਰਥਾਂ ’ਚ ਮਿਲਾਵਟ ਨੂੰ ਰੋਕਣ ਲਈ ਚਲਾਈ ਮੁਹਿੰਮ ਤਹਿਤ ਜੁਲਾਈ ਮਹੀਨੇ ਦੌਰਾਨ ਫੂਡ ਸੇਫ਼ਟੀ ਅਧਿਕਾਰੀਆਂ ਵੱਲੋਂ 26 ਨਮੂਨੇ ਲਏ ਗਏ, ਜਦਕਿ ਜੂਨ ਮਹੀਨੇ ਦੌਰਾਨ ਲਏ ਗਏ 40 ਨਮੂਨਿਆਂ ’ਚੋਂ 16 ਦੇ ਨਤੀਜੇ ਗੈਰ-ਮਿਆਰੀ ਰਹੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਦੱਸਿਆ ਕਿ ਗੈਰ-ਮਿਆਰੀ ਨਮੂਨਿਆਂ ਤਹਿਤ ਆਏ ਅਦਾਰਿਆਂ ਖਿਲਾਫ਼ ਫੂਡ ਸੇਫ਼ਟੀ ਅਧਿਕਾਰੀਆਂ ਨੂੰ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਜਿਨ੍ਹਾਂ ਵਪਾਰਕ ਅਦਾਰਿਆਂ ਦੇ ਜੁਲਾਈ ਮਹੀਨੇ ਸੈਂਪਲ ਲਏ ਗਏ ਹਨ, ਉਨ੍ਹਾਂ ’ਚੋਂ 5 ਨਮੂਨੇ ਸੁਗੰਧੀ ਭਰਪੂਰ (ਫ਼ਲੇਵਰਡ) ਤੰਬਾਕੂ, 4 ਨਮੂਨੇ ਦੇਸੀ ਘੀ ਦੇ, 4 ਨਮੂਨੇ ਦੁੱਧ ਦੇ, 4 ਦੁੱਧ ਦੀ ਕਰੀਮ ਦੇ, 2 ਮਸਾਲਿਆਂ ਦੇ ਅਤੇ ਕੋਲਡ ਡ੍ਰਿੰਕਸ, ਚਟਨੀ, ਵੇਸਣ, ਰਿਫ਼ਾਇੰਡ ਆਇਲ, ਸਰੋਂ ਦਾ ਤੇਲ, ਸੇਵੀਆਂ ਤੇ ਮਿਨਰਲ ਵਾਟਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਦੇ 8 ਹੋਰ ਫੇਲ ਹੋਏ ਨਮੂਨਿਆਂ ’ਚ ਅਸ਼ੋਕ ਰੈਸਟੋਰੈਂਟ ਬੰਗਾ ਰੋਡ ਨਵਾਂਸ਼ਹਿਰ ਦਾ ਚੱਬਣ ਵਾਲਾ ਤੰਬਾਕੂ, ਡਾਇਮੰਡ ਰੈਸਟੋਰੈਂਟ ਗਡ਼੍ਹਸ਼ੰਕਰ ਰੋਡ ਨਵਾਂਸ਼ਹਿਰ ਦਾ ਸੌਸ, ਪਿਜ਼ਾ ਹੱਟ ਰੇਲਵੇ ਰੋਡ ਨਵਾਂਸ਼ਹਿਰ ਦਾ ਪਨੀਰ, ਛਾਬਡ਼ਾ ਡੇਅਰੀ ਨੇਡ਼ੇ ਪੀ.ਐਚ.ਸੀ. ਬਹਿਰਾਮ ਦੇ 2 (ਮੱਝ ਦਾ ਦੁੱਧ ਤੇ ਮਿਕਸਡ ਦੁੱਧ), ਅਰੋਡ਼ਾ ਡੇਅਰੀ ਗਡ਼੍ਹਸ਼ੰਕਰ ਰੋਡ ਬੰਗਾ ਦਾ ਮੱਝ ਦੇ ਦੁੱਧ, ਪ੍ਰੀਤ ਪ੍ਰੋਵਿਜ਼ਨ ਸਟੋਰ ਗਡ਼੍ਹਸ਼ੰਕਰ ਰੋਡ ਨਵਾਂਸ਼ਹਿਰ ਦਾ ਦੇਸੀ ਘਿਉ ਤੇ ਭੱਟੀ ਸਵੀਟਸ ਗਡ਼੍ਹਸ਼ੰਕਰ ਰੋਡ ਨਵਾਂਸ਼ਹਿਰ ਦਾ ਮਿਕਸਡ ਮਿਲਕ ਦਾ ਫੇਲ ਹੋਇਆ ਸੈਂਪਲ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜੂਨ ਮਹੀਨੇ ਦੇ ਕੁੱਲ 16 ਸੈਂਪਲ ਫ਼ੇਲ ਹੋਏ ਪਾਏ ਗਏ ਹਨ, ਜਿਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਏ.ਡੀ.ਸੀ. ਦੀ ਅਦਾਲਤ ’ਚ ਇਨ੍ਹਾਂ ਸਭਨਾਂ ਖਿਲਾਫ਼ ਕੇਸ ਦਾਇਰ ਕਰ ਕੇ ਅਮਲ ’ਚ ਲਿਆਂਦੀ ਜਾਵੇਗੀ।
