7ਵੀਂ ਕਲਾਸ ਦੇ ਵਿਦਿਆਰਥੀ ਸਮੇਤ 5 ਪਾਜ਼ੇਟਿਵ, 70 ਵਿਦਿਆਰਥੀਆਂ ਦੇ ਲਏ ਸੈਂਪਲ

Sunday, Dec 19, 2021 - 04:12 PM (IST)

7ਵੀਂ ਕਲਾਸ ਦੇ ਵਿਦਿਆਰਥੀ ਸਮੇਤ 5 ਪਾਜ਼ੇਟਿਵ, 70 ਵਿਦਿਆਰਥੀਆਂ ਦੇ ਲਏ ਸੈਂਪਲ

ਲੁਧਿਆਣਾ (ਸਹਿਗਲ) : ਸਮਿੱਟਰੀ ਰੋਡ ’ਤੇ ਸਥਿਤ ਸਰਕਾਰੀ ਮਾਡਲ ਸਕੂਲ ਦੇ 7ਵੀਂ ਕਲਾਸ ਦਾ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਆਇਆ ਹੈ, ਜਿਸ ’ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਉਕਤ ਵਿਦਿਆਰਥੀ ਦੇ ਸੰਪਰਕ ’ਚ ਆਉਣ ਵਾਲੇ 70 ਵਿਦਿਆਰਥੀਆਂ ਅਤੇ ਹੋਰਨਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਹਨ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾਕਟਰ ਐੱਸ. ਪੀ. ਸਿੰਘ ਨੇ ਦੱਸਿਆ ਕਿ ਵਿਦਿਆਰਥੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਵਿਭਾਗ ਦੀਆਂ ਟੀਮਾਂ ਨੂੰ ਸਕੂਲ ਭੇਜਿਆ ਗਿਆ, ਜਿੱਥੇ ਉਕਤ ਮਰੀਜ਼ ਦੇ ਸੰਪਰਕ ’ਚ ਆਉਣ ਵਾਲੇ ਵਿਦਿਆਰਥੀਆਂ ਤੇ ਹੋਰ ਸਟਾਫ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਉਕਤ ਸਕੂਲ ਦੇ ਵਿਦਿਆਰਥੀ ਸਮੇਤ 5 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਕੱਲ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਲਏ ਗਏ 100 ਤੋਂ ਜ਼ਿਆਦਾ ਸੈਂਪਲਾਂ ’ਚੋਂ 50 ਦੇ ਕਰੀਬ ਲੋਕਾਂ ਦੀ ਰਿਪੋਰਟ ਆ ਗਈ ਹੈ, ਜੋ ਨੈਗੇਟਿਵ ਹੈ। ਬਾਕੀ ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਸਿਹਤ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 87,720 ਹੋ ਗਈ ਹੈ। ਮੌਜੂਦਾ ਸਮੇਂ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 33 ਹੈ। ਇਨ੍ਹਾਂ ’ਚੋਂ 29 ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। 8 ਮਰੀਜ਼ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ, ਜਿਨ੍ਹਾਂ ’ਚੋਂ 4 ਜ਼ਿਲ੍ਹੇ ਦੇ, ਦੋ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਅੱਜ ਡਿਸਚਾਰਜ ਕਰ ਦਿੱਤਾ ਗਿਆ ਹੈ। ਡਾਕਟਰ ਐੱਸ. ਪੀ. ਸਿੰਘ ਨੇ ਇਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੀ ਵੈਕਸੀਨ ਜ਼ਰੂਰ ਲਗਵਾਉਣ ਕਿਉਂਕਿ ਇਸ ਵਿਚ ਹੀ ਉਨ੍ਹਾਂ ਦਾ ਬਚਾਅ ਹੈ। ਹੁਣ ਤੱਕ ਜ਼ਿਲ੍ਹੇ ’ਚ ਨਵੇਂ ਵੈਰੀਐਂਟ ਦਾ ਕੋਈ ਕੇਸ ਨਹੀਂ ਆਇਆ ਹੈ। 16 ਸੈਂਪਲਾਂ ਦੀ ਰਿਪੋਰਟ ਜਿਨੋਮ ਸੀਕਵੈਂਸਿੰਗ ਲਈ ਪੈਂਡਿੰਗ ਹੈ ਪਰ ਬਚਾਅ ਵਿਚ ਹੀ ਬਚਾਅ ਹੈ। ਇਹ ਗੱਲ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ। ਇਸ ਲਈ ਕੋਵਿਡ-19 ਨਿਯਮਾਂ ਦੀ ਪਾਲਣਾ ਜ਼ਰੂਰ ਕਰਨ।

4280 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲ੍ਹੇ ’ਚ ਅੱਜ 4280 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ’ਚੋਂ 3537 ਸੈਂਪਲ ਸਿਹਤ ਵਿਭਾਗ ਵੱਲੋਂ, ਜਦੋਂਕਿ 743 ਨਿੱਜੀ ਹਸਪਤਾਲਾਂ ਅਤੇ ਲੈਬਜ਼ ਵੱਲੋਂ ਲਏ ਗਏ ਹਨ। ਦੂਜੀ ਡੋਜ਼ ਲਗਵਾਉਣ ਵਾਲਿਆਂ ਦੀ ਗਿਣਤੀ ਵਧੀ ਪਰ ਲੱਖਾਂ ਅਜੇ ਵੀ ਸੁਰੱਖਿਆ ਦੇ ਦਾਇਰੇ ਤੋਂ ਬਾਹਰ ਹਨ। ਸਿਹਤ ਵਿਭਾਗ ਵੱਲੋਂ ਲਗਾਏ ਗਏ ਕੈਂਪਾਂ ’ਚ ਕੋਰੋਨਾ ਦੀ ਵੈਕਸੀਨ ਲਗਵਾਉਣ ਵਾਲਿਆਂ ’ਚ ਦੂਜੀ ਡੋਜ਼ ਲਗਵਾਉਣ ਵਾਲੇ ਲੋਕਾਂ ਦੀ ਗਿਣਤੀ ਬੇਸ਼ੱਕ ਵਧੀ ਹੈ ਪਰ ਲੱਖਾਂ ਲੋਕ ਅਜੇ ਵੀ ਸੁਰੱਖਿਆ ਦੇ ਘੇਰੇ ਤੋਂ ਬਾਹਰ ਹਨ। ਸਿਹਤ ਅਧਿਕਾਰੀਆਂ ਮੁਤਾਬਕ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ, ਉਨ੍ਹਾਂ ਦਾ ਹੀ ਬਚਾਅ ਹੈ। ਇਕ ਡੋਜ਼ ਲਗਵਾਉਣ ਵਾਲੇ ਅਜੇ ਵੀ ਸੁਰੱਖਿਆ ਦੇ ਦਾਇਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਦੋਵੇਂ ਡੋਜ਼ ਲਗਵਾਉਣ ਵਾਲਿਆਂ ਦੇ ਮੁਕਾਬਲੇ ਕੋਰੋਨਾ ਵਾਇਰਸ ਜਲਦ ਹੋ ਸਕਦਾ ਹੈ।

ਵਰਣਨਯੋਗ ਹੈ ਕਿ ਜ਼ਿਲ੍ਹੇ ’ਚ ਹੁਣ ਤੱਕ 2613064 ਵਿਅਕਤੀਆਂ ਨੇ ਪਹਿਲੀ ਡੋਜ਼ ਲਗਵਾਈ ਹੈ, ਜਦੋਂਕਿ ਦੂਜੀ ਡੋਜ਼ ਲਗਵਾਉਣ ਵਾਲਿਆਂ ਵਿਚ 1237369 ਵਿਅਕਤੀ ਸ਼ਾਮਲ ਹਨ, ਮਤਲਬ ਪਹਿਲੀ ਡੋਜ਼ ਲਗਵਾਉਣ ਵਾਲਿਆਂ ਵਿਚ 99.28 ਫੀਸਦੀ ਵਿਅਕਤੀ ਲਾਭ ਲੈ ਚੁੱਕੇ ਹਨ, ਜਦੋਂਕਿ ਸਿਰਫ 47.35 ਫੀਸਦੀ ਵਿਅਕਤੀਆਂ ਨੇ ਦੂਜੀ ਡੋਜ਼ ਲਗਵਾਈ ਹੈ। ਸਿਹਤ ਵਿਭਾਗ ਵੱਲੋਂ ਅੱਜ ਲਗਾਏ ਗਏ 113 ਵੈਕਸੀਨੇਸ਼ਨ ਕੈਂਪਾਂ ’ਚ ਸਿਰਫ 13135 ਵਿਅਕਤੀਆਂ ਨੇ ਵੈਕਸੀਨ ਲਗਵਾਈ, ਜਦੋਂਕਿ 251 ਵਿਅਕਤੀਆਂ ਨੇ ਨਿੱਜੀ ਹਸਪਤਾਲਾਂ ਵਿਚ ਜਾ ਕੇ ਟੀਕਾ ਲਗਵਾਇਆ। ਇਨ੍ਹਾਂ ਵਿਚ 10,507 ਵਿਅਕਤੀ ਦੂਜੀ ਡੋਜ਼ ਲਗਵਾਉਣ ਵਾਲੇ ਸਨ।

ਡੇਂਗੂ ਦਾ ਕੋਈ ਨਵਾਂ ਮਰੀਜ਼ ਨਹੀਂ
ਜ਼ਿਲ੍ਹੇ ’ਚ ਡੇਂਗੂ ਦਾ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਸਥਾਨਕ ਹਸਪਤਾਲਾਂ ’ਚ ਸਾਹਮਣੇ ਆਏ ਮਰੀਜ਼ਾਂ ’ਚੋਂ ਸਿਹਤ ਵਿਭਾਗ ਨੇ 2857 ਮਰੀਜ਼ਾਂ ਵਿਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ’ਚ 1828 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂਕਿ 1029 ਮਰੀਜ਼ ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਨਾਲ ਸਬੰਧਤ ਸਨ। 4712 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਚਾਹੇ ਵੱਖ-ਵੱਖ ਹਸਪਤਾਲਾਂ ਵਿਚ ਇਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ।


author

Gurminder Singh

Content Editor

Related News