ਸਮੋਗ ਦਾ ਕਹਿਰ, ਜਲੰਧਰ ''ਚ ਪ੍ਰਦੂਸ਼ਣ ਦਾ ਪੱਧਰ 462 ਤਕ ਪਹੁੰਚਿਆ

10/30/2019 1:50:50 AM

ਜਲੰਧਰ: ਦੀਵਾਲੀ ਮੌਕੇ ਪਟਾਕੇ ਤੇ ਪਰਾਲੀ ਸਾੜਨ ਕਾਰਣ ਪੰਜਾਬ ਦੇ ਕਈ ਸ਼ਹਿਰਾਂ 'ਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ। ਇਸ ਜ਼ਹਿਰੀਲੀ ਹਵਾ 'ਚ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ, ਉਥੇ ਹੀ ਸਵੇਰੇ ਹਲਕੀ ਧੁੰਦ ਪੈਣ ਕਾਰਣ ਸਮੋਗ ਦਾ ਕਹਿਰ ਵਰ੍ਹਣ ਲੱਗਾ। ਰਾਤ ਵੇਲੇ ਵਿਜ਼ੀਬਿਲਿਟੀ ਕਾਫ਼ੀ ਘੱਟ ਹੋ ਗਈ ਹੈ। ਜਲੰਧਰ 'ਚ ਮੰਗਲਵਾਰ ਨੂੰ ਏਅਰ ਕੁਆਲਟੀ ਇੰਡੈਕਸ (ਏ. ਕਿਊ. ਆਈ.) 462 ਦਰਜ ਕੀਤਾ ਗਿਆ, ਜੋ ਕਿ ਸੋਮਵਾਰ ਨੂੰ 377 ਸੀ। ਇਹ ਅੰਕੜਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਹੈ। ਉਥੇ ਹੀ ਲੁਧਿਆਣਾ ਵਿਖੇ ਏ. ਕਿਊ. ਆਈ. 258 ਅਤੇ ਅੰਮ੍ਰਿਤਸਰ 'ਚ 300 ਤੋਂ ਘੱਟ ਹੋ ਕੇ 270 ਪਹੁੰਚ ਗਿਆ ਹੈ।

ਅਸਮਾਨ 'ਚ ਜਮ੍ਹਾ ਹੋਈ ਧੂੜ-ਧੂੰਏਂ ਦੀ ਪਰਤ
ਸਮੋਗ ਨਾਲ ਫਿਲਹਾਲ ਲੋਕਾਂ ਨੂੰ ਧੂੰਏਂ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਸਮੇਂ ਹਵਾ ਦੀ ਸਪੀਡ 2 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਹੋਣ ਕਾਰਣ ਤਾਪਮਾਨ ਹੇਠਾਂ ਆ ਗਿਆ ਹੈ, ਜਿਸ ਕਾਰਣ ਧੂੰਏਂ ਅਤੇ ਧੂੜ ਦੀ ਇਕ ਪਰਤ ਅਸਮਾਨ 'ਚ ਜਮ੍ਹਾ ਹੋ ਗਈ ਹੈ। ਸਮੋਗ ਦਾ ਪ੍ਰਭਾਵ ਇੰਨਾ ਜ਼ਬਰਦਸਤ ਹੈ ਕਿ ਇਹ ਧੁੱਪ ਨੂੰ ਧਰਤੀ 'ਤੇ ਡਿੱਗਣ ਤੋਂ ਰੋਕ ਰਿਹਾ ਹੈ। ਇਸ ਸਮੇਂ ਰਾਤ ਦਾ ਤਾਪਮਾਨ 14 ਤੋਂ 16 ਡਿਗਰੀ ਸੈਲਸੀਅਸ, ਜਦਕਿ ਸਵੇਰੇ 29 ਤੋਂ 30 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਲੱਗਾ ਹੈ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ 96 ਘੰਟਿਆਂ ਤੋਂ ਬਾਅਦ ਕਿਤੇ-ਕਿਤੇ ਹਲਕੀ ਬਾਰਸ਼ ਹੋ ਸਕਦੀ ਹੈ।
 


Related News