ਸੰਤੋਖ ਸਿੰਘ ਦੀ ਹਿੰਮਤ ਤੇ ਹੌਸਲੇ ਨੂੰ ਸਲਾਮ: ਅਧਰੰਗ ਨਾਲ ਜੂਝਦਿਆਂ ਵੀ ਕਰ ਰਿਹੈ ਖੇਤੀ
Thursday, Jun 15, 2023 - 02:22 AM (IST)
ਗੁਰਦਾਸਪੁਰ (ਹਰਮਨ)- ਇਕ ਪਾਸੇ ਨੌਜਵਾਨ ਅਤੇ ਕਿਸਾਨ ਖੇਤੀ ਦੇ ਧੰਦੇ ਤੋਂ ਮੂੰਹ ਮੋੜਦੇ ਜਾ ਰਹੇ ਹਨ ਅਤੇ ਇਸ ਧੰਦੇ ਨੂੰ ਘਾਟੇ ਦਾ ਸੌਦਾ ਦੱਸ ਕੇ ਜ਼ਮੀਨਾਂ ਵੇਚਣ ਨੂੰ ਤਰਜੀਹ ਦੇ ਰਹੇ ਹਨ, ਪਰ ਦੂਜੇ ਪਾਸੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਰਣਜੀਤ ਬਾਗ ਵਿਖੇ ਇਕ 55 ਸਾਲਾਂ ਦਾ ਕਿਸਾਨ ਅਧਰੰਗ ਨਾਲ ਪੀੜਤ ਹੋਣ ਦੇ ਬਾਅਦ ਵੀ ਸਿਰੜ ਅਤੇ ਹਿੰਮਤ ਦੀ ਵਿਲੱਖਣ ਮਿਸਾਲ ਪੇਸ਼ ਕਰ ਰਿਹਾ ਹੈ। ਸੰਤੋਖ ਸਿੰਘ ਨਾਂ ਦਾ ਇਹ ਕਿਸਾਨ ਬਿਮਾਰ ਹੋਣ ਦੇ ਬਾਅਦ ਕਰੀਬ ਇਕ ਸਾਲ ਬੈੱਡ 'ਤੇ ਹੀ ਰਿਹਾ ਸੀ। ਜਿਸ ਨੇ ਸਿਹਤ ਵਿਚ ਕੁੱਝ ਸੁਧਾਰ ਹੋਣ ਦੇ ਬਾਅਦ ਹਿੰਮਤ ਨਹੀਂ ਹਾਰੀ ਅਤੇ ਇਕ ਲੱਤ ਨਾ ਚੱਲਣ ਦੇ ਬਾਵਜੂਦ ਖੇਤੀ ਦਾ ਕੰਮ ਆਪਣੇ ਹੱਥੀਂ ਸ਼ੁਰੂ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸਰਕਾਰ ਨੇ ਲਿਆ ਅਹਿਮ ਫ਼ੈਸਲਾ
'ਜਗ ਬਾਣੀ' ਨਾਲ ਗੱਲਬਾਤ ਦੌਰਾਨ ਸੰਤੋਖ ਸਿੰਘ ਨੇ ਦੱਸਿਆ ਕਿ 12 ਸਾਲ ਪਹਿਲਾਂ ਅਚਾਨਕ ਉਸ ਨੂੰ ਅਧਰੰਗ ਹੋ ਗਿਆ ਸੀ। ਇਸ ਕਾਰਨ ਉਸ ਦਾ ਇਕ ਪਾਸਾ ਮਾਰਿਆ ਗਿਆ। ਕਰੀਬ ਇਕ ਸਾਲ ਉਹ ਘਰ ਹੀ ਰਿਹਾ ਅਤੇ ਉਸ ਦੀ ਇਕ ਲੱਤ ਰੁੱਕ ਗਈ ਪਰ ਇਸ ਦੇ ਬਾਵਜੂਦ ਉਸ ਨੇ ਹਿੰਮਤ ਕਰਕੇ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ। ਜਿੱਥੇ ਉਹ ਆਪਣੇ ਤਕਰੀਬਨ 3 ਏਕੜ ਮਾਲਕੀ ਵਾਲੇ ਖੇਤਾਂ ਦੇ ਨਾਲ ਹੀ ਠੇਕੇ 'ਤੇ ਲਈ ਜ਼ਮੀਨ ਮਿਲਾ ਕੇ ਕੁੱਲ੍ਹ 42 ਏਕੜ ਰਕਬੇ ਵਿਚ ਆਪਣੇ ਹੱਥੀਂ ਖੇਤੀ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਨੇਤਾਜੀ ਸੁਭਾਸ਼ ਚੰਦਰ ਬੋਸ ਏਅਰਪੋਰਟ 'ਚ ਲੱਗੀ ਅੱਗ, ਮਚੀ ਹਫੜਾ-ਦਫੜੀ
ਉਸ ਨੇ ਦੱਸਿਆ ਕਿ ਉਸ ਨੇ ਆਪਣੇ ਨਾਲ ਤਿੰਨ ਹੋਰ ਮਜ਼ਦੂਰ ਰੱਖੇ ਹੋਏ ਹਨ ਜੋ ਉਸ ਦੀ ਮਦਦ ਕਰਦੇ ਹਨ ਪਰ ਉਹ ਸਾਰੇ ਖੇਤਾਂ ਵਿਚ ਆਪ ਹੀ ਟਰੈਕਟਰ ਚਲਾਉਂਦਾ ਹੈ ਅਤੇ ਲੋੜ ਪੈਣ 'ਤੇ ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਵੀ ਖੁਦ ਮਿੱਲ ਵਿਚ ਲੈ ਕੇ ਜਾਂਦਾ ਹੈ। ਇਸ ਦੇ ਨਾਲ ਹੀ ਕਹੀ ਨਾਲ ਵੀ ਕੰਮ ਕਰ ਲੈਂਦਾ ਹੈ ਅਤੇ ਖੇਤਾਂ ਵਿਚ ਹੋਰ ਛੋਟੇ-ਮੋਟੇ ਕੰਮ ਵੀ ਉਹ ਆਪ ਕਰਦਾ ਹੈ। ਉਕਤ ਕਿਸਾਨ ਨੇ ਦਾਅਵਾ ਕੀਤਾ ਕਿ ਉਸ ਨੂੰ ਖੇਤੀ ਵਿਚ ਕਦੇ ਵੀ ਘਾਟਾ ਨਹੀਂ ਪਿਆ ਅਤੇ ਉਹ ਖੇਤੀ ਕਰਕੇ ਜਿੱਥੇ ਖੁਦ ਲਈ ਆਮਦਨ ਪੈਦਾ ਕਰ ਰਿਹਾ ਹੈ, ਉਸ ਦੇ ਨਾਲ ਹੀ ਜ਼ਮੀਨ ਮਾਲਕ ਨੂੰ ਠੇਕਾ ਵੀ ਦਿੰਦਾ ਹੈ। ਉਸ ਨੇ ਦਾਅਵਾ ਕੀਤਾ ਕਿ ਜੇਕਰ ਸਖ਼ਤ ਮਿਹਨਤ ਕੀਤੀ ਜਾਵੇ ਤਾਂ ਖੇਤੀ ਦਾ ਧੰਦਾ ਵੀ ਮੋਟੀ ਕਮਾਈ ਦਾ ਸਾਧਨ ਬਣ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।