ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਦੇ ਮੁੱਦੇ 'ਤੇ ਡਾ. ਗਾਂਧੀ ਨੇ ਘੇਰੀ ਸਰਕਾਰ

Friday, Dec 14, 2018 - 03:56 PM (IST)

ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਦੇ ਮੁੱਦੇ 'ਤੇ ਡਾ. ਗਾਂਧੀ ਨੇ ਘੇਰੀ ਸਰਕਾਰ

ਪਟਿਆਲਾ (ਬਖਸ਼ੀ) : ਪੰਜਾਬ ਦੇ ਵਿਧਾਇਕ ਦੀ ਤਨਖਾਹ ਅਤੇ ਭੱਤਿਆਂ ਨੂੰ ਦੁੱਗਣਾ ਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸਸਪੈਂਡ ਸਾਂਸਦ ਡਾ.ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਆਰਥਿਕ ਸੰਕਟ 'ਚ ਚੱਲ ਰਿਹਾ ਹੈ ਅਤੇ ਸਰਕਾਰ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ 'ਚ ਲੱਗੀ ਹੋਈ ਹੈ। ਗਾਂਧੀ ਨੇ ਕਿਹਾ ਕਿ ਵਿਧਾਇਕਾਂ ਦੀ ਤਨਖਾਹ ਅਤੇ ਉਨ੍ਹਾਂ ਦੇ ਭੱਤਿਆਂ ਨੂੰ ਵਧਾਉਣਾ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ ਕਿਉਂਕਿ ਅੱਜ ਨੌਜਵਾਨ ਬੇਰੋਜ਼ਗਾਰੀ ਹਨ ਅਤੇ ਪੰਜਾਬ ਪਹਿਲਾਂ ਹੀ ਪੌਣੇ ਤਿੰਨ ਲੱਖ ਕਰੋੜ ਦਾ ਕਰਜ਼ਾਈ ਹੈ। ਇਸ ਲਈ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੂੰ ਇਸ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ 'ਚ 90 ਫੀਸਦੀ ਅਜਿਹੇ ਵਿਧਾਇਕ ਹਨ ਜਿਹੜੇ ਪੰਜਾਬ ਦੇ ਲੋਕਾਂ ਤੋਂ ਬਿਹਤਰ ਜ਼ਿੰਦਗੀ ਕੱਟ ਰਹੇ ਹਨ। ਇਸ ਲਈ ਵਿਧਾਇਕਾਂ ਦੀ ਤਨਖਾਹ ਵਧਾਉਣਾ ਮੰਦਭਾਗਾ ਹੈ।

ਦੂਜੇ ਪਾਸੇ ਇਨਸਾਫ ਮੋਰਚੇ 'ਚ ਲੋਕਾਂ ਦੀ ਕਮੀ ਨੂੰ ਲੈ ਕੇ ਪਟਿਆਲਾ ਦੇ ਸਾਂਸਦ ਧਰਮਵੀਰ ਗਾਂਧੀ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਸਹੀ ਨਹੀਂ ਹਨ, ਲੋਕਾਂ ਦਾ ਵਿਸ਼ਵਾਸ ਅਤੇ ਜੋਸ਼ ਇਨਸਾਫ ਮੋਰਚੇ ਦੇ ਨਾਲ ਹੈ ਅਤੇ ਲੋਕ ਪੰਜਾਬ 'ਚ ਤੀਜਾ ਬਦਲ ਬਣਾਉਣ ਲਈ ਖਹਿਰਾ-ਬੈਂਸ ਅਤੇ ਪੰਜਾਬ ਫਰੰਟ ਨੂੰ ਪੂਰਾ ਸਮਰਥਨ ਦੇਣਗੇ। 16 ਤਾਰੀਖ ਨੂੰ ਮਾਰਚ ਦੀ ਸਮਾਪਤੀ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। 

ਇਸ ਦੇ ਨਾਲ ਸੁੱਚਾ ਸਿੰਘ ਛੋਟੇਪੁਰ ਦੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਨੂੰ ਲੈ ਕੇ ਡਾ.ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਛੋਟੇਪੁਰ ਦੇ ਨਾਲ ਖੁਦ ਮੁਲਾਕਾਤ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਸਾਡੇ ਫਰੰਟ ਨਾਲ ਜੁੜਨਗੇ ਅਤੇ ਪੰਜਾਬ ਨੂੰ ਤੀਜਾ ਫਰੰਟ ਦੇਣਗੇ।


author

Shyna

Content Editor

Related News