ਕੀ ਬਰਗਾੜੀ ਕਾਂਡ ਤੋਂ ਬਾਅਦ ਸਲਾਬਤਪੁਰ ਕਾਂਡ ਦੀਆਂ ਵੀ ਡੇਰਾ ਮੁਖੀ ਖ਼ਿਲਾਫ਼ ਖੁੱਲ੍ਹਣਗੀਆਂ ਪਰਤਾਂ?
Thursday, Jul 09, 2020 - 08:49 PM (IST)
ਸ੍ਰੀ ਅਨੰਦਪੁਰ ਸਾਹਿਬ (ਸਮਸ਼ੇਰ ਸਿੰਘ ਡੂਮੇਵਾਲ)— ਬਰਗਾੜੀ ਬੇਅਦਬੀ ਕਾਂਡ ਦੀ ਤਫ਼ਤੀਸ਼ ਕਰ ਰਹੀ ਸਿੱਟ ਨੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਬਤੌਰ ਸਾਜ਼ਿਸ਼ਕਰਤਾ ਕੇਸ 'ਚ ਨਾਮਜ਼ਦ ਕਰਕੇ 2015 ਤੋਂ ਰਿਸਦੇ ਆ ਰਹੇ ਸਿੱਖਾਂ ਦੇ ਜ਼ਿਹਨ ਦੇ ਜ਼ਖਮ ਨੂੰ ਕੁਝ ਕੁ ਹੱਦ ਤੱਕ ਸ਼ਾਂਤੀ ਦਿੱਤੀ ਹੈ। ਹਾਲਾਂਕਿ ਇਸ ਕਾਨੂੰਨੀ ਪ੍ਰਕਿਰਿਆ ਦੇ ਲੰਬੇ ਪੈਂਡੇ ਤਹਿਤ ਪੂਰਨ ਇਨਸਾਫ਼ ਦੀ ਉਮੀਦ ਅਜੇ ਦੂਰ ਹੈ ਪਰ ਪੰਥਕ ਧਿਰਾਂ ਇਸ ਦੇ ਬਾਵਜੂਦ ਆਸਵੰਦ ਹਨ ਕਿ ਢਿੱਲੀ ਅਤੇ ਸੁਸਤ ਚਾਲ ਚੱਲ ਰਹੀ ਤਫਤੀਸ਼ ਪ੍ਰਕਿਰਿਆ ਦੀ ਇਹ ਅਹਿਮ ਕੜੀ ਖੁੱਲ੍ਹੀ ਹੈ। ਇਥੇ ਹੀ ਇਕ ਸਵਾਲ ਉੱਠਦਾ ਹੈ ਕਿ ਪੰਜਾਬ ਸਰਕਾਰ ਬਰਗਾੜੀ ਕਾਂਡ ਤੋਂ ਕਰੀਬ 8 ਵਰ੍ਹੇ ਪਹਿਲਾਂ ਡੇਰਾ ਮੁਖੀ ਵੱਲੋਂ ਡੇਰਾ ਸਲਾਬਤਪੁਰ (ਬਠਿੰਡਾ) ਅੰਦਰ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਪੁਸ਼ਾਕ ਪਹਿਨ ਕੇ ਅਤੇ ਉਨ੍ਹਾਂ ਵੱਲੋਂ ਛਕਾਏ ਖੰਡੇ ਬਾਟੇ ਦੇ ਅੰਮ੍ਰਿਤ ਦੀ ਤਰਜ਼ 'ਤੇ ਜ਼ਾਮ-ਏ ਇੰਸਾ ਪਿਲਾ ਕੇ ਜਿਸ ਕਦਰ ਸਿੱਧੇ ਰੂਪ 'ਚ ਅੰਮ੍ਰਿਤ ਦਾ ਅਪਮਾਨ ਕੀਤਾ ਸੀ, ਉਸ ਕੇਸ ਦੀਆਂ ਪਰਤਾਂ ਵੀ ਮੁੜ ਖੋਲ੍ਹੇਗੀ? ਇਸ ਸਿਤਮਜ਼ਰੀਫੀ ਦਾ ਸ਼ਰਮਨਾਕ ਪੱਖ ਇਹ ਹੈ ਕਿ ਡੇਰਾ ਸਿਰਸਾ ਅਤੇ ਸਿੱਖ ਪੰਥ ਵਿਚਕਾਰ ਬੁਨਿਆਦੀ ਤੌਰ 'ਤੇ ਲਕੀਰਾਂ ਖਿੱਚਣ ਵਾਲਾ ਇਹ ਮਾਮਲਾ ਵੋਟਾਂ ਦੀ ਸੌਦੇਬਾਜ਼ੀ ਤਹਿਤ ਅੱਜ ਠੰਡੇ ਬਸਤੇ 'ਚ ਪਿਆ ਹੋਇਆ ਹੈ।
ਅਪ੍ਰੈਲ 2007 ਨੂੰ ਸਾਹਮਣੇ ਆਇਆ ਸੀ ਇਹ ਮਾਮਲਾ
29 ਅਪ੍ਰੈਲ 2007 ਨੂੰ ਗੁਰੂ ਜੀ ਦਾ ਸਵਾਂਗ ਰਚਣ ਵਾਲਾ ਡੇਰਾ ਮੁਖੀ ਦਾ ਇਹ ਮਾਮਲਾ ਸਾਹਮਣੇ ਆਉਣ 'ਤੇ ਸਿੱਖਾਂ 'ਚ ਫੈਲੇ ਵਿਆਪਕ ਰੋਸ ਦੇ ਮੱਦੇਨਜ਼ਰ ਤੁਰੰਤ ਬਾਦਲ ਸਰਕਾਰ ਨੇ ਡੇਰਾ ਮੁਖੀ ਖ਼ਿਲਾਫ਼ ਬਠਿੰਡਾ ਕੋਤਵਾਲੀ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਸੀ ਪਰ 30 ਜਨਵਰੀ 2012 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਹੋਏ ਸਮਝੌਤੇ ਤਹਿਤ 25 ਜਨਵਰੀ ਨੂੰ ਵੋਟਾਂ ਤੋਂ ਕੁਝ ਦਿਨ ਪਹਿਲਾਂ ਇਹ ਮੁਕੱਦਮਾ ਵਾਪਸ ਲੈ ਲਿਆ ਸੀ ਅਤੇ ਇਸ ਬਦਲੇ ਉਕਤ ਚੋਣਾਂ 'ਚ ਡੇਰਾ ਮੁਖੀ ਵੱਲੋਂ ਸੂਬੇ ਭਰ 'ਚ ਅਕਾਲੀ ਦਲ ਦੇ ਉਮੀਦਵਾਰਾਂ ਦੀ ਹਮਾਇਤ ਕੀਤੀ ਸੀ।
ਇਸ ਕੜੀ ਤਹਿਤ ਇਕ ਵਿਅਕਤੀ ਵੱਲੋਂ ਕੇਸ ਵਾਪਸ ਲੈਣ ਦੇ ਵਿਰੋਧ 'ਚ ਇਕ ਅਪੀਲ ਸੈਸ਼ਨ ਕੋਰਟ ਬਠਿੰਡਾ ਵਿਖੇ ਵੀ ਦਾਇਰ ਕੀਤੀ ਗਈ ਸੀ, ਜੋ ਕਿ ਅਦਾਲਤ ਵੱਲੋਂ ਖਾਰਿਜ ਕਰ ਦਿੱਤੀ ਗਈ ਸੀ ਪਰ ਇਸ ਦੇ ਨਾਲ ਹੀ ਇਕ ਅੱਡ ਪਟੀਸ਼ਨ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਧਿਰ ਬਣਾ ਕੇ ਪੰਥਕ ਐਡਵੋਕੇਟ ਨਵਕਿਰਨ ਸਿੰਘ ਵੱਲੋਂ ਹਾਈਕੋਰਟ 'ਚ ਇਸਤਖਾਨੇ ਦੇ ਰੂਪ 'ਚ ਦਾਇਰ ਕੀਤੀ ਗਈ ਸੀ, ਜੋ ਅਜੇ ਤੱਕ ਪੈਂਡਿੰਗ ਪਈ ਹੈ। ਅੱਜ ਜੇਕਰ ਪੰਜਾਬ ਸਰਕਾਰ ਚਾਹੇ ਤਾਂ ਉਸ ਕੇਸ ਦੀਆਂ ਪਰਤਾਂ ਵੀ ਪੂਨਰ ਤੌਰ 'ਤੇ ਖੋਲ੍ਹੀਆਂ ਜਾ ਸਕਦੀਆਂ ਹਨ। ਪੰਥਕ ਧਿਰਾਂ ਦੀ ਇਹ ਮੰਗ ਲੰਬੇ ਅਰਸੇ ਤੋਂ ਰਹੀ ਹੈ ਅਤੇ ਸਮੇਂ-ਸਮੇ ਦੀਆਂ ਸਰਕਾਰ 'ਤੇ ਦਬਾਅ ਵੀ ਬਣਦਾ ਰਿਹਾ ਹੈ।
ਅੱਜ ਡੇਰਾ ਮੁਖੀ ਨੂੰ ਬੇਅਦਬੀ ਮਾਮਲੇ 'ਚ ਨਾਮਜ਼ਦ ਕਰਨ ਮੌਕੇ ਇਹ ਮੁੱਦਾ ਇਕ ਵਾਰ ਫਿਰ ਉਜਾਗਰ ਹੋਇਆ ਹੈ ਅਤੇ ਕਿਤੇ-ਕਿਤੇ ਇਹ ਲੱਗ ਵੀ ਰਿਹਾ ਹੈ ਕਿ ਸਰਕਾਰ ਇਸ ਸੰਵੇਦਨਸ਼ੀਲ ਮੁੱਦੇ ਪ੍ਰਤੀ ਮੁੜ ਗੰਭੀਰ ਵੀ ਹੋ ਸਕਦੀ ਹੈ।
ਜੋ ਕੇਸ ਰਜਿੰਦਰ ਸਿੰਘ ਸਿੱਧੂ ਵੱਲੋਂ ਬਠਿੰਡਾ ਕੋਰਟ 'ਚ ਦਾਇਰ ਕੀਤਾ ਸੀ, ਉਸ ਦੇ ਖਾਰਿਜ ਹੋਣ ਤੋਂ ਪਹਿਲਾਂ ਸਾਡੇ ਵੱਲੋਂ ਦਾਇਰ ਕੀਤੀ ਪਟਿਸ਼ਨ ਵੀ ਉਸ ਨਾਲ ਜੁੜ ਗਈ ਸੀ, ਜੋ ਅੱਜ ਤੱਕ ਸਟੈਂਡ ਕਰ ਰਹੀ ਹੈ। 'ਕੋਵਿਡ-19' ਕਾਰਨ ਇਸ ਦੀ ਸੁਣਵਾਈ ਹੁਣ ਤੱਕ ਪੈਂਡਿੰਗ ਪਈ ਹੈ। ਇਸ ਕਾਰਨ ਇਹ ਕੇਸ ਹਾਲੇ ਤੱਕ ਜਿਊਂਦਾ ਹੈ ਅਤੇ ਸਰਕਾਰ ਚਾਹੇ ਤਾਂ ਇਸ ਦੀਆਂ ਪਰਤਾਂ ਮੁੜ ਖੋਲ੍ਹ ਸਕਦੀ ਹੈ, ਜਿਸ ਤਹਿਤ ਕੋਈ ਟੈਕਨੀਕਲ ਕਾਨੂੰਨੀ ਪ੍ਰਕਿਰਿਆ ਇਸ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ।-ਨਵਕਿਰਨ ਸਿੰਘ, ਪੰਥਕ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ
ਵਿਧਾਨ ਸਭਾ ਚੋਣਾਂ 2012 ਤੋਂ ਪਹਿਲਾਂ ਉਕਤ ਕੇਸ ਦੀ ਕੈਂਸਲਿੰਗ ਲਈ ਬਾਦਲ ਸਰਕਾਰ ਨੇ ਇਕ ਹਲਫੀਆ ਬਿਆਨ ਬਠਿੰਡਾ ਸੈਸ਼ਨ ਕੋਰਟ 'ਚ ਦਾਇਰ ਕੀਤਾ ਸੀ, ਜਿਸ ਆਧਾਰਿਤ ਇਹ ਕੇਸ ਉਕਤ ਕੋਰਟ ਨੇ ਖਾਰਿਜ ਕਰ ਦਿੱਤਾ ਸੀ ਪਰ ਸਾਡੀ ਪਟਿਸ਼ਨ ਖਾਰਿਜ ਕੀਤੇ ਕੇਸ ਦੀ ਮੁੜ ਬਹਾਲੀ ਹਿੱਤ ਹੈ, ਜੋ ਅੱਜ ਵੀ ਹਾਈਕੋਰਟ 'ਚ ਸੁਣਵਾਈ ਅਧੀਨ ਹੈ। ਉਦੋਂ ਬਠਿੰਡਾ ਕੋਰਟ 'ਚ ਕੈਂਸਲਿੰਗ ਲਈ ਪਹੁੰਚੇ ਪੰਜਾਬ ਪੁਲਸ ਦੰਭਵਾਲੀ ਬਠਿੰਡਾ ਨੇ ਕੀਤੀ ਸੀ। ਅੱਜ ਪੁਲਸ ਉਸ ਕੈਂਸਲਿੰਗ ਨੂੰ ਗਲਤ ਦੱਸ ਕੇ ਮੁੜ ਚੁਣੌਤੀ ਦੇਵੇ ਤਾਂ ਰਾਹ ਬਿਲਕੁੱਲ ਪੱਧਰਾ ਹੋ ਸਕਦਾ ਹੈ। -ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪਟੀਸ਼ਨਕਰਤਾ ਪੰਜਾਬ ਹਰਿਆਣਾ
ਰਜਿੰਦਰ ਸਿੰਘ ਸਿੱਧੂ ਵੱਲੋਂ ਦਾਇਰ ਕੀਤੀ ਪਟੀਸ਼ਨ ਬਾਦਲ ਸਰਕਾਰ ਦੀ ਡੇਰਾ ਮੁਖੀ ਨੂੰ ਬਚਾਉਣ ਦੀ ਸਾਜ਼ਿਸ਼ ਦੀ ਇਕ ਕੜੀ ਸੀ। ਅਸਲ 'ਚ ਇਹ ਵਿਅਕਤੀ ਸਿਕੰਦਰ ਸਿੰਘ ਮਲੂਕਾ ਦਾ ਆਹਲਾ ਵਿਸ਼ਵਾਸ ਪਾਤਰ ਸੀ, ਜਿਸ ਨੇ ਉਸ ਦੇ ਇਸ਼ਾਰੇ 'ਤੇ ਕਦੇ ਪਟੀਸ਼ਨ ਵਾਪਸ ਲੈਣ ਅਤੇ ਕਦੇ ਮੁੜ ਦਾਇਰ ਕਰਨ ਦੀ ਭੂਮਿਕਾ ਨਿਭਾਈ, ਜਿਸ ਜੁਡੀਸ਼ੀਅਲੀ ਨੇ ਇਹ ਪਟੀਸ਼ਨ ਰੱਦ ਕੀਤੀ, ਉਸ ਦੇ ਅਹਿਲਕਾਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਬਾਦਲ ਸਰਕਾਰ ਨੇ ਇਸ ਬਦਲੇ ਆਪਣੀ ਸਰਕਾਰ 'ਚ ਉੱਚ ਅਹੁਦੇ ਪ੍ਰਦਾਨ ਕੀਤੇ।-ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਸਰਬੱਤ ਖਾਲਸਾ
ਯੂਥ ਕਾਂਗਰਸ ਮੁੱਖ ਮੰਤਰੀ ਨੂੰ ਦੇਵੇਗੀ ਮੰਗ-ਪੱਤਰ
ਇਸ ਸਬੰਧੀ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਅਗਲੇ ਦਿਨਾਂ 'ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੰਗ-ਪੱਤਰ ਦੇਵਾਂਗੇ, ਜਿਸ 'ਚ ਡੇਰਾ ਸਲਾਬਤਪੁਰ ਕੇਸ ਮੁੜ ਦਾਇਰ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਤਫਤੀਸ਼ ਬਹੁਤ ਹੀ ਪਾਰਦਰਸ਼ਤਾ ਢੰਗ ਨਾਲ ਚੱਲ ਰਹੀ ਹੈ ਅਤੇ ਸੌਦਾ ਸਾਧ ਖਿਲਾਫ ਇਹ ਕੇਸ ਇਸ ਤਫਤੀਸ਼ ਨੂੰ ਹੋਰ ਮਜ਼ਬੂਤੀ ਦੇਵੇਗਾ।
ਇਥੋਂ ਹੀ ਬੱਝਿਆ ਸੀ ਮੰਦਭਾਗੇ ਦੁਖਾਂਤ ਦਾ ਮੁੱਢ
ਡੇਰਾ ਮੁਖੀ ਨਾਲ ਸਿੱਖ ਜਗਤ ਦਾ ਤਕਰਾਰ ਡੇਰਾ ਸਲਾਬਤਪੁਰ ਦੇ ਘਟਨਾਕ੍ਰਮ ਤੋਂ ਹੀ ਸ਼ੁਰੂ ਹੋਇਆ ਸੀ, ਜੋ ਅੱਜ ਤੱਕ ਜਾਰੀ ਹੈ। ਇਸੇ ਕਾਂਡ ਤੋਂ ਬਾਅਦ ਡੇਰਾ ਮੁਖੀ ਖਿਲਾਫ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 17 ਮਈ 2007 ਨੂੰ ਹੁਕਮਨਾਮਾ ਜਾਰੀ ਹੋਇਆ ਸੀ, ਜੋ 24 ਸਤੰਬਰ 2015 ਨੂੰ ਮੁਆਫੀਨਾਮੇ 'ਚ ਬਦਲ ਕੇ ਇਕ ਵਿਆਪਕ ਰੋਸ ਦਾ ਜ਼ਰੀਆ ਬਣ ਗਿਆ। 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਚੋਰੀ ਹੋਣਾ ਅਤੇ 11 ਅਕਤੂਬਰ 2015 ਨੂੰ ਉਕਤ ਸਰੂਪ ਦੇ ਅੰਗ ਬਰਗਾੜੀ ਦੀਆਂ ਗਲੀਆਂ 'ਚ ਬੇਪੱਤ ਕਰ ਕੇ ਖਿਲਾਰਨੇ, ਜਿੱਥੇ ਇਸ ਕੜੀ ਨਾਲ ਜੁੜਿਆ ਇਕ ਦਰਦਨਾਕ ਪੱਖ ਹੈ, ਉਥੇ ਹੁਣ ਤੱਕ 4 ਨੌਜਵਾਨ, ਜਿਨ੍ਹਾਂ 'ਚ ਭਾਈ ਹਰਮਿੰਦਰ ਸਿੰਘ ਡੱਬਵਾਲੀ, ਭਾਈ ਕੰਵਲਜੀਤ ਸਿੰਘ ਸੁਨਾਮ, ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਦੇ ਨਾਮ ਸ਼ਾਮਲ ਹਨ, ਦੀਆਂ ਜਾਨਾਂ ਜਾ ਚੁੱਕੀਆਂ ਹਨ। ਇਸ ਇਨਸਾਫ ਪ੍ਰਾਪਤੀ ਲਈ ਸੂਬਾ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ 'ਚ ਵਿਸ਼ੇਸ਼ ਹਾਊਸ ਵੀ ਬੁਲਾਇਆ ਜਾ ਚੁੱਕਾ ਹੈ ਅਤੇ ਬਰਗਾੜੀ ਅਨਾਜ ਮੰਡੀ 'ਚ ਕਈ ਮਹੀਨੇ ਵਿਸ਼ਾਲ ਇਨਸਾਫ਼ ਮੋਰਚਾ ਵੀ ਲਾਇਆ ਜਾ ਚੁੱਕਾ ਹੈ।