ਗੁਰਦੁਆਰਿਆਂ ਦੀ ਪਵਿੱਤਰਤਾ ਖ਼ਾਤਰ ਆਪਾ ਵਾਰਨ ਦੀ ਮਿਸਾਲ: ਸਾਕਾ ਨਨਕਾਣਾ ਸਾਹਿਬ

Sunday, Feb 21, 2021 - 06:35 PM (IST)

ਗੁਰਦੁਆਰਾ ਸੁਧਾਰ ਲਹਿਰ ਵਿਚ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਨੂੰ ਕੁਕਰਮੀ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਆਪਾ ਵਾਰਨ ਦੀ ਅਦੁੱਤੀ ਮਿਸਾਲ ਹੈ। ਇਸ ਸਾਕੇ ਨੇ ਸਾਰੀ ਸਿੱਖ ਕੌਮ ਨੂੰ ਇੱਕ ਜ਼ਬਰਦਸਤ ਹਲੂਣਾ ਦੇ ਕੇ ਝੰਜੋੜ ਦਿੱਤਾ। ਇਸ ਸਾਕੇ ਨੂੰ ਵਾਪਰਿਆਂ ਸੌ ਸਾਲ ਦਾ ਸਮਾਂ ਹੋ ਚੁੱਕਾ ਹੈ, ਜਿਸ ਦੀ ਸ਼ਤਾਬਦੀ ਸਮੁੱਚੇ ਸਿੱਖ ਜਗਤ ਵੱਲੋਂ ਮਨਾਈ ਜਾ ਰਹੀ ਹੈ। ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਇਲਾਵਾ ਭਾਰਤੀ ਪੰਜਾਬ ਅੰਦਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਗੋਧਰਪੁਰ ਵਿਖੇ ਵਿਸ਼ਾਲ ਸਮਾਗਮ ਕੀਤੇ ਜਾ ਰਹੇ ਹਨ। ਗੋਧਰਪੁਰ ਉਹ ਨਗਰ ਹੈ ਕਿ ਜਿਥੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦਾ ਪਰਿਵਾਰ ਆ ਕੇ ਵੱਸਿਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਸਿੱਖ ਕੌਮ ਅੰਦਰ ਬੇਹੱਦ ਸਤਿਕਾਰ ਵਾਲਾ ਸਥਾਨ ਹੈ। ਇਸ ਪਾਵਨ ਅਸਥਾਨ ਪ੍ਰਤੀ ਸਿੱਖਾਂ ਦੀ ਸ਼ਰਧਾ ਬਹੁਤ ਵੱਡੀ ਹੈ। ਇਸੇ ਸ਼ਰਧਾ ਤਹਿਤ ਹੀ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਨਾਂ 'ਤੇ ਕਈ ਮੁਰੱਬੇ ਜ਼ਮੀਨ ਲਗਾਈ। ਨਹਿਰੀ ਸੰਚਾਈ ਕਾਰਨ ਜ਼ਮੀਨ ਦੀ ਆਮਦਨ ਚੋਖੀ ਸੀ ਅਤੇ ਗੁਰਦੁਆਰਾ ਸਾਹਿਬ ’ਤੇ ਕਾਬਜ਼ ਕੁਕਰਮੀ ਮਹੰਤਾਂ ਨੇ ਇਸ ਆਮਦਨ ਦੀ ਦੁਰਵਤੋਂ ਕਰਦਿਆਂ ਮਨਮਾਨੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਘਰ ਅੰਦਰ ਕੁਕਰਮਾਂ ਦਾ ਚਲਣ ਮਹੰਤਾਂ ਦੇ ਜੀਵਨ ਦਾ ਹਿੱਸਾ ਬਣ ਗਿਆ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਸਾਧੂ ਰਾਮ ਸ਼ਰਾਬੀ ਤੇ ਆਚਰਣ ਤੋਂ ਡਿੱਗਿਆ ਹੋਇਆ ਸੀ। ਉਸ ਦੇ ਮਰਨ ਉਪਰੰਤ ਮਹੰਤ ਕਿਸ਼ਨ ਦਾਸ ਕਾਬਜ਼ ਹੋਇਆ। ਉਹ ਵੀ ਸ਼ਰਾਬੀ, ਜੂਏਬਾਜ਼ ਸੀ ਤੇ ਪਹਿਲੇ ਮਹੰਤ ਨਾਲੋਂ ਵੀ ਕਈ ਗੁਣਾ ਵੱਧ ਔਗੁਣਾ ਵਾਲਾ ਸੀ। ਉਸ ਨੇ ਬਹੁਤ ਵਾਅਦੇ ਕੀਤੇ ਪਰ ਸਭ ਛਿੱਕੇ ਟੰਗ ਕੇ ਮਨਮਰਜ਼ੀਆਂ ਕਰਨ ਲੱਗ ਪਿਆ। ਉਸਦੀ ਮੌਤ ਮਗਰੋਂ ਨਰੈਣੂ (ਨਰਾਇਣ ਦਾਸ) ਮਹੰਤ ਬਣਿਆ। ਉਸ ਨੇ ਸੰਗਤ ਦੇ ਕਹਿਣ 'ਤੇ ਇਕ ਮੈਜਿਸਟ੍ਰੇਟ ਦੇ ਸਾਹਮਣੇ ਇਕਬਾਲ ਕੀਤਾ ਕਿ ਉਹ ਅਜਿਹੇ ਕੰਮ ਨਹੀਂ ਕਰੇਗਾ ਜੋ ਪਹਿਲੇ ਮਹੰਤ ਕਰਦੇ ਆਏ ਹਨ, ਪਰ ਇਹ ਵਾਅਦੇ ਅਸਲੀਅਤ ਵਿਚ ਨਾ ਆਏ। ਇਹ ਅਤਿ ਦਰਜੇ ਦਾ ਸ਼ਰਾਬੀ ਤੇ ਭੈੜੇ ਆਚਰਣ ਵਾਲਾ ਨਿਕਲਿਆ।  

ਮਹੰਤ ਨੇ ਗੁਰਦੁਆਰਾ ਸਾਹਿਬ ਨੂੰ ਅੱਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ। ਅਗਸਤ 1917 ਵਿਚ ਮਹੰਤ ਨੇ ਗੁਰਦੁਆਰੇ ਦੀ ਹਦੂਦ ਦੇ ਅੰਦਰ ਵੇਸਵਾ ਦਾ ਨਾਚ ਕਰਾਇਆ ਤੇ ਸ਼ਰਾਬ ਦਾ ਦੌਰ ਚਲਾਇਆ। ਉਸ ਦੇ ਚੇਲੇ ਵੀ ਖਤਰਨਾਕ ਹੱਦ ਤਕ ਵਿਗੜੇ ਹੋਏ ਸਨ। ਉਨ੍ਹਾਂ ਨੂੰ ਇਸ ਪਵਿੱਤਰ ਅਸਥਾਨ ਨਾਲ ਨਾ ਤਾਂ ਪਿਆਰ ਸੀ ਤੇ ਨਾ ਹੀ ਇਸਦੀ ਪਵਿੱਤਰਤਾ ਬਣਾਈ ਰੱਖਣ ਦੇ ਇੱਛੁਕ ਸਨ। ਉਹ ਤਾਂ ਪਵਿੱਤਰ ਅਸਥਾਨ ਦੀ ਕੁਵਰਤੋਂ ਕਰਕੇ ਧੱਜੀਆਂ ਉਡਾ ਰਹੇ ਸਨ। ਸੰਨ 1918 ਨੂੰ ਇੱਕ ਰਿਟਾਇਰਡ ਸਿੰਧੀ ਅਫਸਰ ਆਪਣੇ ਪਰਿਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਤਾਂ ਰਾਤ ਸਮੇਂ ਉਸਦੀ 13 ਸਾਲ ਦੀ ਲੜਕੀ ਨਾਲ ਮਹੰਤ ਦੇ ਚੇਲੇ ਨੇ ਕੁਕਰਮ ਕੀਤਾ ਅਤੇ ਮਹੰਤ ਨਰੈਣੂ ਨੇ ਆਪਣੇ ਚੇਲੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ। ਉਸੇ ਸਾਲ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ ਛੇ ਬੀਬੀਆਂ ਗੁਰਦੁਆਰੇ ਦਰਸ਼ਨ ਲਈ ਆਈਆਂ ਤਾਂ ਮਹੰਤ ਦੇ ਚੇਲਿਆਂ ਨੇ ਉਨ੍ਹਾਂ ਦਾ ਵੀ ਇਹੀ ਹਸ਼ਰ ਕੀਤਾ। ਜਦੋਂ ਕੁਝ ਸਿੰਘਾਂ ਨੇ ਮਹੰਤ ਕੋਲ ਇਸ ਗੱਲ ਦਾ ਰੋਸ ਕੀਤਾ ਤਾਂ ਅੱਗੋਂ ਉਸ ਨੇ ਇਹ ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਇਥੇ ਤੁਸੀਂ ਆਪਣੀਆਂ ਇਸਤਰੀਆਂ ਨਾ ਭੇਜਿਆ ਕਰੋ। 

ਇਥੋਂ ਦੀ ਵੱਧ ਰਹੀ ਗੁੰਡਾਗਰਦੀ ਤੇ ਅਨਰਥ ਨੂੰ ਦੇਖਦੇ ਹੋਏ ਅਕਤੂਬਰ 1920 ਵਿਚ ਪਿੰਡ ਧਾਰੋਵਾਲੀ ਜ਼ਿਲ੍ਹਾ ਸ਼ੇਖੂਪੁਰਾ ਵਿਚ ਇਕ ਭਾਰੀ ਦੀਵਾਨ ਕੀਤਾ ਗਿਆ, ਜਿਸ ਵਿਚ ਸ੍ਰੀ ਨਨਕਾਣਾ ਸਾਹਿਬ ਦੇ ਸੁਧਾਰ ਲਈ ਗੁਰਮਤਾ ਪਾਸ ਕੀਤਾ। ਉਧਰ ਮਹੰਤ ਨੇ ਹਰ ਰੋਜ਼ ਆਸ-ਪਾਸ ਦੇ ਪਿੰਡਾਂ ਵਿਚੋਂ ਪੰਜ ਸੌ ਆਦਮੀ ਆਪਣੀ ਮਦਦ ਲਈ ਬੁਲਾਉਣੇ ਸ਼ੁਰੂ ਕਰ ਦਿੱਤੇ। ਮਹੰਤ ਨੇ ਗੁਰਦੁਆਰਿਆਂ 'ਤੇ ਕਾਬਜ਼ ਮਹੰਤਾਂ ਦਾ ਇੱਕ ਇਕੱਠ ਸਿੱਖਾਂ ਦਾ ਟਾਕਰਾ ਕਰਨ ਲਈ ਸੱਦਿਆ। ਇਸ ਵਿਚ 60 ਆਦਮੀ ਸ਼ਾਮਲ ਹੋਏ। ਨਰਾਇਣ ਦਾਸ ਨੇ ਸਭ ਨੂੰ ਸਪੱਸ਼ਟ ਕਰ ਦਿੱਤਾ ਕਿ ਇਹ ਅਕਾਲੀ ਸੁਧਾਰ ਦੇ ਬਹਾਨੇ ਸਾਡੇ ਕੋਲੋਂ ਆਮਦਨ ਦੇ ਸੋਮੇ ਆਪਣੇ ਕਬਜ਼ੇ ਵਿਚ ਲੈਣਾ ਚਾਹੁੰਦੇ ਹਨ। ਇਹ ਸਾਨੂੰ ਭੁੱਖੇ ਮਾਰਨਾ ਚਾਹੁੰਦੇ ਹਨ ਤੇ ਫਿਰ ਆਪਾਂ ਸੜਕ 'ਤੇ ਰਾਹ ਵੇਖਣ ਜੋਗੇ ਹੀ ਰਹਿ ਜਾਵਾਂਗੇ। ਹੁਣ ਹੰਭਲਾ ਮਾਰਨ ਦੀ ਲੋੜ ਹੈ। ਇਕ ਵਾਰ ਹੰਭਲਾ ਮਾਰ ਕੇ ਇਨ੍ਹਾਂ ਨੂੰ ਦਬਾਅ ਲਵੋ ਨਹੀਂ ਤਾਂ ਇਹ ਸਾਨੂੰ ਦਬਾਅ ਲੈਣਗੇ। ਇਸ ਮੰਤਵ ਲਈ 60 ਹਜ਼ਾਰ ਰੁਪਏ ਦਾ ਫੰਡ ਇਕੱਠਾ ਕੀਤਾ ਗਿਆ। ਫੰਡ ਇਕੱਠਾ ਕਰਕੇ ਉਨ੍ਹਾਂ ਨੇ ਹਥਿਆਰ ਖਰੀਦ ਕੇ ਗੁਰਦੁਆਰੇ ਵਿਚ ਰੱਖ ਲਏ ਤੇ ਬਹੁਤ ਸਾਰੇ ਕਿਰਾਏ ਦੇ ਗੁੰਡੇ ਵੀ ਜਮ੍ਹਾਂ ਕਰ ਲਏ। ਭਾਰੀ ਗਿਣਤੀ ਵਿਚ ਗੋਲੀ, ਸਿੱਕਾ, ਮਿੱਟੀ ਦਾ ਤੇਲ, ਲੱਕੜਾਂ ਆਦਿ ਇਕੱਠੀਆਂ ਕਰ ਲਈਆਂ। 23 ਜਨਵਰੀ ਤੇ 6 ਫਰਵਰੀ 1921 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼੍ਰੋਮਣੀ ਕਮੇਟੀ ਦੇ ਸਮਾਗਮ ਹੋਏ ਜਿਨ੍ਹਾਂ ਵਿਚ ਸ੍ਰੀ ਨਨਕਾਣਾ ਸਾਹਿਬ ਸਬੰਧੀ ਵਿਚਾਰ ਹੋਈ। ਸਾਰੇ ਪੰਥ ਵਿਚ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨ ਲਈ ਜੋਸ਼ ਠਾਠਾਂ ਮਾਰ ਰਿਹਾ ਸੀ। ਜ਼ਿਲ੍ਹਾ ਸ਼ੇਖੂਪੁਰਾ ਤੇ ਲਾਇਲਪੁਰ ਵਿਚ ਭਾਰੀ ਦੀਵਾਨ ਕੀਤੇ ਗਏ। ਭਾਈ ਲਛਮਣ ਸਿੰਘ ਧਾਰੋਵਾਲੀ ਨੇ ਇਕ ਤਕੜਾ ਜਥਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ। 17 ਫਰਵਰੀ ਨੂੰ ਸ੍ਰੀ ਗੁਰੂ ਸਿੰਘ ਸਭਾ ਲਾਇਲਪੁਰ ਦੇ ਗੁਰਦੁਆਰੇ ਵਿਚ ਵੀ ਮੁਖੀ ਸਿੰਘਾਂ ਦੀ ਇਕੱਤਰਤਾ ਹੋਈ, ਜਿਸ ਵਿਚ ਜਥਾ ਲਿਜਾਣ ਬਾਰੇ ਵਿਚਾਰ ਕੀਤੀ ਗਈ। ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਕਰਤਾਰ ਸਿੰਘ ਝੱਬਰ, ਸ. ਤੇਜਾ ਸਿੰਘ ਚੂਹੜਕਾਣਾ ਆਦਿ ਸਿੱਖ ਆਗੂ ਸਾਰੀ ਤਹਿਰੀਕ ਨੂੰ ਚਲਾ ਰਹੇ ਸਨ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਲੈਣ ਲਈ ਫੈਸਲਾ ਹੋਇਆ ਕਿ ਦੋਵੇਂ ਜਥੇ 20 ਫ਼ਰਵਰੀ ਨੂੰ ਸ੍ਰੀ ਨਨਕਾਣਾ ਸਾਹਿਬ ਪੁੱਜਣ। ਮਹੰਤ ਨੇ ਨਵੀਂ ਚਲਾਕੀ ਖੇਡਦਿਆਂ ਗੱਲਬਾਤ ਦੀ ਤਜਵੀਜ਼ ਰੱਖੀ, ਪਰ ਸਮਾਂ ਦੇ ਕੇ ਨਾ ਪਹੁੰਚਿਆ। ਮਹੰਤ ਦੀ ਬਦਨੀਤੀ ਨੂੰ ਸਮਝਦਿਆਂ ਸਿੱਖ ਆਗੂਆਂ ਨੇ ਟਕਰਾਅ ਦੀ ਸਥਿਤੀ ਨੂੰ ਟਾਲਣ ਲਈ ਉਲੀਕੇ ਪ੍ਰੋਗਰਾਮ ਅੱਗੇ ਪਾਉਣ ਦੀ ਸਲਾਹ ਕੀਤੀ, ਪਰ ਭਾਈ ਲਛਮਣ ਸਿੰਘ ਧਾਰੋਵਾਲੀ ਕੋਲ ਇਸਦੀ ਜਾਣਕਾਰੀ ਪੁੱਜਣ ਤਕ ਉਹ ਅਰਦਾਸਾ ਸੋਧ ਚੁੱਕੇ ਸਨ ਅਤੇ ਜਿਸ ਕਾਰਨ ਉਨ੍ਹਾਂ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ। 

ਭਾਈ ਲਛਮਣ ਸਿੰਘ ਜੋ 19 ਫਰਵਰੀ ਦੀ ਸ਼ਾਮ ਨੂੰ ਪਿੰਡੋਂ ਜਥਾ ਲੈ ਕੇ ਚੱਲੇ ਸਨ, ਅਗਲੀ ਸਵੇਰ ਸ੍ਰੀ ਨਨਕਾਣਾ ਸਾਹਿਬ ਪੁੱਜੇ। ਭਾਈ ਸਾਹਿਬ ਦੇ ਨਾਲ ਉਸ ਸਮੇਂ 200 ਦੇ ਕਰੀਬ ਸਿੰਘ ਸਨ। ਜਥੇ ਨੇ ਸ਼ਰਧਾ ਨਾਲ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਭਾਈ ਲਛਮਣ ਸਿੰਘ ਧਾਰੋਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ। 
ਮਹੰਤ ਨਰਾਇਣ ਦਾਸ ਨੇ ਕਤਲੇਆਮ ਦੀ ਪੂਰੀ ਤਿਆਰੀ ਕੀਤੀ ਹੋਈ ਸੀ। ਮਿੱਟੀ ਦੇ ਤੇਲ ਦੇ ਪੀਪੇ, ਛਵੀਆਂ, ਗੰਡਾਸੇ, ਲੱਕੜਾਂ, ਬੰਦੂਕਾਂ ਤੇ ਕਾਰਤੂਸ ਕਾਫੀ ਮਾਤਰਾ ਵਿਚ ਮੰਗਵਾ ਕੇ ਰੱਖੇ ਹੋਏ ਸਨ। ਜਦੋਂ ਜਥਾ ਜਨਮ ਅਸਥਾਨ ਅੰਦਰ ਦਾਖਲ ਹੋਇਆ ਤਾਂ ਮਹੰਤ ਨੇ ਬਾਹਰਲੇ ਦਰਵਾਜ਼ੇ ਬੰਦ ਕਰ ਦਿੱਤੇ। ਕਾਤਲਾਂ ਨੇ ਸਿੰਘਾਂ ਉਪਰ ਵਾਰ ਕਰਨੇ ਸ਼ੁਰੂ ਕਰ ਦਿੱਤੇ। ਛੱਤ ਦੇ ਉਪਰੋਂ ਮਹੰਤ ਦੇ ਗੁੰਡਿਆਂ ਨੇ ਗੋਲੀਆਂ ਦੀ ਵਰਖਾ ਕਰਕੇ ਸ਼ਾਂਤਮਈ ਸਿੰਘਾਂ ਨੂੰ ਵਿੰਨ੍ਹ ਦਿੱਤਾ। ਛਵੀਆਂ ਤੇ ਗੰਡਾਸਿਆਂ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਲਛਮਣ ਸਿੰਘ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ, ਨੂੰ ਵੀ ਗੋਲੀਆਂ ਲੱਗੀਆਂ। ਸ਼ਹੀਦ ਸਿੰਘਾਂ ਦੇ ਸਰੀਰਾਂ ਨੂੰ ਤੇਲ ਪਾ ਕੇ ਫੂਕਿਆ ਗਿਆ ਅਤੇ ਭਾਈ ਲਛਮਣ ਸਿੰਘ ਨੂੰ ਜ਼ਖਮੀ ਹਾਲਤ ਵਿਚ ਜੰਡ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ। ਸ. ਦਲੀਪ ਸਿੰਘ ਜੀ ਉਸ ਸਮੇਂ ਸ. ਉੱਤਮ ਸਿੰਘ ਦੇ ਕਾਰਖਾਨੇ ਵਿਚ ਸਨ। ਜਦੋਂ ਉਨ੍ਹਾਂ ਨੇ ਗੋਲੀਆਂ ਦੀ ਅਵਾਜ਼ ਸੁਣੀ ਤਾਂ ਉਹ ਭੱਜ ਕੇ ਗੁਰਦੁਆਰਾ ਸਾਹਿਬ ਆ ਗਏ। ਜਦੋਂ ਨੇੜੇ ਪੁੱਜੇ ਤਾਂ ਗੁੰਡਿਆਂ ਨੇ ਛਵੀਆਂ ਤੇ ਗੰਡਾਸੇ ਮਾਰ ਕੇ ਉਨ੍ਹਾਂ ਨੂੰ ਵੀ ਭੱਖਦੀ ਭੱਠੀ ਵਿਚ ਸੁੱਟ ਦਿੱਤਾ। 

ਇਸ ਸਾਕੇ ਸਬੰਧੀ ਸ. ਉੱਤਮ ਸਿੰਘ ਕਾਰਖਾਨੇ ਵਾਲਿਆਂ ਨੇ ਪੰਥਕ ਜਥੇਬੰਦੀ ਤੇ ਸਰਕਾਰੀ ਅਫਸਰਾਂ ਨੂੰ ਤਾਰਾਂ ਭੇਜੀਆਂ। 21 ਫਰਵਰੀ 1921 ਨੂੰ ਮੁਖੀ ਸਿੱਖ ਤੇ ਅਣਗਿਣਤ ਸੰਗਤਾਂ ਸ੍ਰੀ ਨਨਕਾਣਾ ਸਾਹਿਬ ਪੁੱਜੀਆਂ। ਉਸੇ ਦਿਨ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਪੰਥਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥਾਂ ਵਿਚ ਆ ਗਿਆ। 22 ਫਰਵਰੀ ਦੀ ਸ਼ਾਮ ਨੂੰ ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਖਬਰ ਸਾਰੇ ਪੰਥ ਤੇ ਦੇਸ਼ ਵਿਚ ਬੜੇ ਦੁੱਖ ਨਾਲ ਸੁਣੀ ਗਈ। ਹਜ਼ਾਰਾਂ ਲੋਕੀਂ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਚੱਲ ਪਏ। ਇਸ ਖਬਰ ਨੇ ਸਿੱਖਾਂ ਵਿਚ ਜੋਸ਼ ਤੇ ਜਜ਼ਬੇ ਨੂੰ ਹੋਰ ਤਿੱਖਾ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਮਦਰਦੀ ਦੀਆਂ ਤਾਰਾਂ ਪੁੱਜੀਆਂ। ਸਾਰੇ ਕੌਮੀ ਅਖਬਾਰਾਂ ਨੇ ਇਸ ਸਾਕੇ ਸਬੰਧੀ ਦਰਦਨਾਕ ਲੇਖ ਲਿਖੇ, ਪਰ ਅੰਗਰੇਜ਼ਾਂ ਦੇ ਹਾਮੀ ਐਂਗਲੋ-ਇੰਡੀਅਨ ਅਖਬਾਰਾਂ ਨੇ ਸਿੱਖਾਂ ਵਿਰੁੱਧ ਪ੍ਰਾਪੇਗੰਡਾ ਕੀਤਾ ਤੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਨੂੰ ਇੱਕ ਸੰਪ੍ਰਦਾਇਕ ਝਗੜਾ ਤੇ ਬਦਅਮਨੀ ਦੱਸਣ ਦਾ ਵਿਅਰਥ ਯਤਨ ਕੀਤਾ। ਬੇਅੰਤ ਸ਼ਹੀਦੀਆਂ ਦੇ ਕੇ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਪੰਥ ਦੇ ਹੱਥਾਂ ਵਿਚ ਆਇਆ। ਗੁਰਦੁਆਰਿਆਂ ਦੀ ਸੇਵਾ-ਸੰਭਾਲ ਲਈ ਹੋਈਆਂ ਇਹ ਸ਼ਹੀਦੀਆਂ ਸਿੱਖਾਂ ਦੀ ਰੋਜ਼ਾਨਾ ਅਰਦਾਸ ਦਾ ਹਿੱਸਾ ਬਣ ਗਈਆਂ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਕੌਮ ਦੇ ਮਨਾਂ ਦਾ ਸਦੀਵੀ ਹਿੱਸਾ ਬਣਿਆ ਹੋਇਆ ਹੈ, ਜਿਸ ਤੋਂ ਪ੍ਰੇਰਣਾ ਪ੍ਰਾਪਤ ਕਰਕੇ ਕੌਮ ਦੀ ਚੜ੍ਹਦੀ ਕਲਾ ਲਈ ਸੰਗਤਾਂ ਸੁਚੇਤ ਰੂਪ ਵਿਚ ਗੁਰੂ ਘਰਾਂ ਦਾ ਪ੍ਰਬੰਧ ਪੰਥਕ ਭਾਵਨਾਵਾਂ ਅਨੁਸਾਰ ਕਰਦੀਆਂ ਹਨ। ਸਾਕੇ ਸਮੇਂ ਸ਼ਹੀਦ ਹੋਏ ਸਿੱਖਾਂ ਦੀ ਕੁਰਬਾਨੀ ਨੂੰ ਅੱਜ ਸੌ ਸਾਲ ਹੋ ਚੁੱਕੇ ਹਨ ਜੋ ਕੌਮ ਲਈ ਹਮੇਸ਼ਾ ਪ੍ਰੇਰਣਾ ਦਾ ਸੋਮਾ ਬਣੇ ਰਹੇ। 

ਬੀਬੀ ਜਗੀਰ ਕੌਰ


Shyna

Content Editor

Related News