17 ਸਾਲ ਦੀ ਉਮਰ ''ਚ ਦੁਸ਼ਮਣਾਂ ਦੇ ਆਹੂ ਲਾਉਣ ਵਾਲੇ ਸਾਹਿਬਜ਼ਾਦਾ ਅਜੀਤ ਸਿੰਘ ਜੀ

02/12/2020 12:07:52 PM

ਜਲੰਧਰ - ਸਿੱਖ ਪਰਿਭਾਸ਼ਾ ਮੁਤਾਬਕ ਸਾਹਿਬਜ਼ਾਦੇ ਗੁਰੂਪੁਤਰਾਂ ਨੂੰ ਆਖਿਆ ਜਾਂਦਾ ਹੈ । ਗੁਰੂ ਪੁਤਰਾਂ ’ਚੋਂ ਦਸਮ ਪਾਤਸ਼ਾਹ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਿੱਖਜਗਤ ’ਚ ਬਹੁਤ ਸਤਿਕਾਰ ਪ੍ਰਾਪਤ ਹੈ। ਸਿੱਖ ਪੰਥ ਸਾਹਬਜ਼ਾਦਿਆਂ ਦੀ ਵਡਿਆਈ ਕੇਵਲ ਇਸ ਕਰਕੇ ਨਹੀਂ ਕਰਦਾ ਕਿ ਉਨ੍ਹਾਂ ਦਾ ਜਨਮ ਦਸਮ ਪਿਤਾ ਦੇ ਘਰ ਹੋਇਆ ਸਗੋਂ ਉਨਾਂ ਦੀ ਵਡਿਆਈ ਦਾ ਵੱਡਾ ਕਾਰਨ ਹੈ ਸਾਹਿਬਜ਼ਾਦਿਆਂ ਵਲੋਂ ਪੰਥ ਹਿੱਤ ਲਈ ਦਿੱਤੀ ‘ਵੱਡੀ ਸ਼ਹਾਦਤ’। ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪੋਤੇ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੜਪੋਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਮਤ 1743 (ਦੇਸੀ ਮਹੀਨਾ 23 ਮਾਘ) ਮੁਤਾਬਕ 26 ਜਨਵਰੀ 1687 ਈ. ਨੂੰ ਹਿਮਾਚਲ ਪ੍ਰਦੇਸ਼ ਦੇ ਰਮਣੀਕ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ। ਛੋਟੀ ਵਰ੍ਹੇ 'ਚ ਵਡੇਰੀ ਕੁਰਬਾਨੀ ਸਦਕਾ ਉਨ੍ਹਾਂ ਨੂੰ ਸਿੱਖ ਸਮਾਜ 'ਚ ਸਤਿਕਾਰ ਵਜੋਂ ਬਾਬਾ ਅਜੀਤ ਸਿੰਘ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਦੋਂ ਅਜੀਤ ਸਿੰਘ ਪੰਜ ਕੁ ਮਹੀਨਿਆਂ ਦੇ ਹੋਏ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਰਾਜਿਆਂ ਨਾਲ ਭੰਗਾਣੀ ਦੇ ਮੈਦਾਨ 'ਚ ਗਹਿਗੱਚ ਲੜਾਈ ਹੋਈ ਸੀ। ਇਸ ਲੜਾਈ 'ਚ ਗੁਰੂ ਦੀਆਂ ਫ਼ੌਜਾਂ ਦੀ ਮਹਾਨ ਜਿੱਤ ਸਦਕਾ ਸਾਹਿਬਾਜ਼ਾਦੇ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਚੁਸਤ ਤੇ ਸਿਆਣਾ ਨੌਜਵਾਨ ਸੀ। ਜਿਉਂ ਹੀ ਉਨ੍ਹਾਂ ਨੇ ਜਵਾਨੀ ਦੀ ਦਹਿਲੀਜ 'ਚ ਪੈਰ ਰੱਖਿਆ, ਉਨ੍ਹਾਂ ਨੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਅਤੇ ਬੰਦੂਕ ਚਲਾਉਣੀ ਸ਼ੁਰੂ ਕਰ ਦਿੱਤੀ। 

12 ਸਾਲ ਦੀ ਉਮਰ 'ਚ ਜਦੋਂ ਉਹ 23 ਮਈ 1699 ਨੂੰ ਇਕ ਸੌ ਸਿੰਘਾਂ ਦਾ ਜਥਾ ਲੈ ਕੇ ਨੂਹ ਪਿੰਡ ਗਏ ਤਾਂ ਉਨ੍ਹਾਂ ਨੇ ਉਥੋਂ ਦੇ ਰੰਘੜਾਂ ਨੂੰ (ਜਿਨ੍ਹਾਂ ਨੇ ਪੋਠੋਹਾਰ ਦੀ ਸੰਗਤ ਨੂੰ ਅਨੰਦਪੁਰ ਆਉਂਦਿਆਂ ਲੁੱਟ ਲਿਆ ਸੀ) ਨੂੰ ਸਜ਼ਾ ਦਿੱਤੀ। 29 ਅਗਸਤ 1700 ਨੂੰ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ 'ਤੇ ਹਮਲਾ ਕੀਤਾ ਸੀ ਤਾਂ ਬਾਬਾ ਜੀ ਨੇ ਬੜੀ ਸੂਰਬੀਰਤਾ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਅਕਤੂਬਰ ਦੇ ਸ਼ੁਰੂਆਤੀ ਦਿਨਾਂ 'ਚ ਜਦੋਂ ਪਹਾੜੀ ਰਾਜਿਆਂ ਨੇ ਨਿਰਮੋਹਗੜ੍ਹ 'ਤੇ ਧਾਵਾ ਬੋਲਿਆ, ਉਸ ਵੇਲੇ ਅਜੀਤ ਸਿੰਘ ਨੇ ਦਸ਼ਮ ਪਿਤਾ ਜੀ ਦਾ ਡਟਵਾਂ ਸਾਥ ਦਿੱਤਾ। ਇਕ ਦਿਨ ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਸੀ। ਇਕ ਗ਼ਰੀਬ ਬ੍ਰਾਹਮਣ ਦੇਵਦਾਸ ਰੋਂਦਾ-ਕੁਰਲਾਉਂਦਾ ਆਇਆ ਤੇ ਕਹਿਣ ਲੱਗਾ, 'ਮੈਂ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਹਾਂ। ਪਿੰਡ ਦੇ ਪਠਾਣਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ। ਮੇਰੀ ਕੁੱਟਮਾਰ ਕਰ ਕੇ ਮੇਰੀ ਪਤਨੀ ਵੀ ਮੇਰੇ ਕੋਲੋਂ ਖੋਹ ਲਈ ਹੈ। ਹੋਰ ਕਿਸੇ ਨੇ ਮੇਰੀ ਫਰਿਆਦ ਵੱਲ ਧਿਆਨ ਨਹੀਂ ਦਿੱਤਾ। ਗੁਰੂ ਨਾਨਕ ਦਾ ਦਰ ਹਮੇਸ਼ਾ ਨਿਮਾਣਿਆਂ ਦਾ ਮਾਣ ਬਣਦਾ ਆ ਰਿਹਾ ਹੈ, ਸੋ ਕਿਰਪਾ ਕਰੋ ਮੇਰੀ ਇੱਜ਼ਤ ਮੈਨੂੰ ਵਾਪਸ ਦਿਵਾ ਦਿਉ। ਮੈਂ ਸਦਾ ਵਾਸਤੇ ਗੁਰੂ ਨਾਨਕ ਦੇ ਘਰ ਦਾ ਰਿਣੀ ਰਹਾਂਗਾ।'”ਗੁਰੂ ਸਾਹਿਬ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਹੋਰ ਸਿੰਘਾਂ ਨੂੰ ਨਾਲ ਲੈ ਕੇ ਜਾਬਰ ਖ਼ਾਂ ਤੋਂ ਦੇਵਦਾਸ ਦੀ ਪਤਨੀ ਨੂੰ ਛੁਡਾ ਕੇ ਲਿਆਉਣ ਲਈ ਕਿਹਾ। ਸਾਹਿਬਜ਼ਾਦਾ ਅਜੀਤ ਸਿੰਘ ਨੇ 100 ਘੋੜ ਸਵਾਰ ਸਿੰਘਾਂ ਦਾ ਜਥਾ ਨਾਲ ਲੈ ਕੇ ਬੱਸੀ ਪਿੰਡ 'ਤੇ ਧਾਵਾ ਬੋਲ ਦਿੱਤਾ। ਉਨ੍ਹਾਂ ਜਾਬਰ ਖ਼ਾਂ ਦੀ ਹਵੇਲੀ ਨੂੰ ਘੇਰ ਲਿਆ ਤੇ ਗ਼ਰੀਬ ਬ੍ਰਾਹਮਣ ਦੀ ਪਤਨੀ ਨੂੰ ਜ਼ਾਲਮ ਦੇ ਪੰਜੇ 'ਚੋਂ ਛੁਡਾ ਲਿਆ ਅਤੇ ਜਾਬਰ ਖ਼ਾਂ ਨੂੰ ਢੁਕਵੀਂ ਸਜ਼ਾ ਦਿੱਤੀ। 

ਆਨੰਦਪੁਰ ਸਾਹਿਬ 'ਚ ਹੋਏ ਮੁਗ਼ਲਾਂ ਤੇ ਪਹਾੜੀਆਂ ਦੇ ਹਮਲਿਆਂ ਦਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਦਲੇਰਾਨਾ ਤੇ ਸੂਝਪੂਰਬਕ ਢੰਗ ਨਾਲ ਸਾਹਮਣਾ ਕੀਤਾ। ਆਨੰਦਪੁਰ ਸਾਹਿਬ ਦੀ ਛੇਕੜਲੀ ਲੜਾਈ ਸਮੇਂ ਪਹਾੜੀ ਰਾਜਿਆਂ ਤੇ ਮੁਗ਼ਲਾਂ ਦੀਆਂ ਫ਼ੌਜਾਂ ਨੇ ਆਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮਾਂ ਘੇਰਾ ਪਾਈ ਰੱਖਿਆ। ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸੰਬਰ 1704 ਨੂੰ ਆਨੰਦਪੁਰ ਸਾਹਿਬ ਤੋਂ ਜਾਣ ਦਾ ਫ਼ੈਸਲਾ ਲਿਆ। ਗੁਰੂ ਪਰਿਵਾਰ ਤੇ ਖ਼ਾਲਸਾ ਫ਼ੌਜ ਅਜੇ ਸਰਸਾ ਨਦੀ ਨੇੜੇ ਪਹੁੰਚੇ ਹੀ ਸਨ ਕਿ ਦੁਸ਼ਮਣ ਦੀ ਫ਼ੌਜ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਕਮਾਂਡ ਹੇਠ ਕੁਝ ਸ਼ੇਰਦਿਲ ਸਿੰਘਾਂ ਨੇ ਦੁਸ਼ਮਣ ਦੇ ਟਿੱਡੀ ਦਲ ਨੂੰ ਉਸ ਸਮੇਂ ਤੱਕ ਰੋਕੀ ਰੱਖਿਆ ਜਿੰਨੀ ਦੇਰ ਤੱਕ ਗੁਰੂ ਪਿਤਾ ਅਤੇ ਉਨ੍ਹਾਂ ਦੇ ਸਹਿਯੋਗੀ ਸਰਸਾ ਨਦੀ 'ਚ ਨਾ ਠਿੱਲ੍ਹ ਪਏ। ਪਿੱਛੋਂ ਉਹ ਆਪਣੇ ਸਾਥੀਆਂ ਸਮੇਤ ਆਪ ਵੀ ਨਦੀ ਪਾਰ ਕਰ ਗਏ। ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਤੇ ਖ਼ਾਲਸਾਈ ਫ਼ੌਜ ਦੇ ਕੁਝ ਕੁ ਗਿਣਤੀ (40) ਸਿੰਘਾਂ ਨੇ ਚਮਕੌਰ ਸਾਹਿਬ 'ਚ ਇਕ ਗੜ੍ਹੀਨੁਮਾ ਕੱਚੀ ਹਵੇਲੀ 'ਚ ਸ਼ਰਨ ਲੈ ਲਈ। ਗੁਰੂ ਸਾਹਿਬ ਨੇ ਇੱਥੋਂ ਹੀ ਦੁਸ਼ਮਣ ਦੀ ਫ਼ੌਜ ਨਾਲ ਲੋਹਾ ਲੈਣ ਦਾ ਮਨ ਬਣਾ ਲਿਆ। ਪੰਜ-ਪੰਜ ਸਿੰਘਾਂ ਦੇ ਜਥੇ ਵਾਰੋ-ਵਾਰੀ ਦੁਸ਼ਮਣਾਂ ਨਾਲ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ।

ਸਿੰਘਾਂ ਨੂੰ ਜੂਝਦਿਆਂ ਦੇਖ ਕੇ ਬਾਬਾ ਅਜੀਤ ਸਿੰਘ ਦਾ ਖ਼ੂਨ ਵੀ ਉਬਾਲੇ ਖਾਣ ਲੱਗਿਆ। ਜਦੋਂ ਉਨ੍ਹਾਂ ਨੇ ਗੁਰੂ ਪਿਤਾ ਜੀ ਕੋਲੋਂ ਮੈਦਾਨ-ਏ-ਜੰਗ 'ਚ ਜਾਣ ਦੀ ਆਗਿਆ ਮੰਗੀ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ। ਉਨ੍ਹਾਂ ਇੰਨੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਜੰਗ ਵੱਲ ਤੋਰਿਆ, ਜਿੰਨੇ ਚਾਅ ਨਾਲ ਜੰਝ ਚਾੜ੍ਹੀਦੀ ਹੈ। ਉਨ੍ਹਾਂ ਦੇ ਸੀਸ 'ਤੇ ਹੀਰਿਆਂ ਨਾਲ ਜੜੀ ਸੁੰਦਰ ਕਲਗੀ ਝਲਕਾਂ ਮਾਰ ਰਹੀ ਸੀ। ਜਦੋਂ ਉਹ ਬਾਹਰ ਨਿਕਲੇ ਤਾਂ ਮੁਗ਼ਲਾਂ ਦੀਆਂ ਫ਼ੌਜਾਂ ਨੂੰ ਲੱਗਾ ਜਿਵੇਂ ਦਸ਼ਮ ਪਿਤਾ ਜੀ ਆਪ ਗੜੀ 'ਚੋਂ ਬਾਹਰ ਆ ਗਏ ਹੋਣ। ਉਸ ਸਮੇਂ ਜਿਧਰ ਕਿਸੇ ਨੂੰ ਰਾਹ ਮਿਲਿਆ ਉਧਰ ਹੀ ਡਰਦਾ ਹੋਇਆ ਦੌੜ ਗਿਆ। ਵੱਡੀ ਗਿਣਤੀ 'ਚ ਵੈਰੀਆਂ ਨੂੰ ਸਦਾ ਦੀ ਨੀਂਦ ਬਖ਼ਸ਼ ਕੇ ਬਾਬਾ ਅਜੀਤ ਸਿੰਘ ਜੀ ਆਪ ਵੀ ਸ਼ਹਾਦਤ ਪ੍ਰਾਪਤ ਕਰ ਗਏ।


rajwinder kaur

Content Editor

Related News