ਅਕਾਲੀ ਉਮੀਦਵਾਰ ਦੇ 'ਆਪ' 'ਚ ਸ਼ਾਮਲ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਬਿਆਨ (ਵੀਡੀਓ)

07/02/2024 3:17:14 PM

ਜਲੰਧਰ (ਵੈੱਬ ਡੈਸਕ): ਜਲੰਧਰ ਵੈਸਟ ਵਿਧਾਨ ਸਭਾ ਹਲਕੇ 'ਚ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲਾਂ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।  ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਜੀਤ ਕੌਰ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ ਹੈ। ਇਸ ਮਗਰੋਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਨਵਾਂ ਕਾਨੂੰਨ: ਵਿਦੇਸ਼ੀ ਧਰਤੀ 'ਤੇ ਭਾਰਤੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੀ ਅੱਤਵਾਦੀ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਬਾਗੀ ਧੜੇ ਦਾ ਮਤਲਬ ਹੀ ਜਲੰਧਰ ਦੀ ਜ਼ਿਮਨੀ ਚੋਣ ਵਿਚ ਅਜਿਹੀ ਸਥਿਤੀ ਪੈਦਾ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਾਸੋਹੀਣੀ ਸਥਿਤੀ ਬਣਾਉਣਾ ਸੀ। ਇਹ ਚੀਜ਼ ਹੁਣ ਸਭ ਦੇ ਸਾਹਮਣੇ ਆ ਗਈ ਹੈ। ਉਨ੍ਹਾਂ ਬਾਗੀ ਧੜੇ ਨੂੰ ਕਿਹਾ ਕਿ ਤੁਹਾਡੀ ਤਾਂ ਮਨਸ਼ਾ ਠੀਕ ਨਹੀਂ ਸੀ, ਪਰ ਸਾਡੇ ਨਾਲ ਜੁੜੇ ਇਕ ਚੰਗੇ ਪਰਿਵਾਰ ਦੀ ਹਾਸੋਹੀਣੀ ਸਥਿਤੀ ਪੈਦਾ ਕਰ ਕੇ ਇਹ ਹਾਲਾਤ ਬਣਾ ਦਿੱਤੇ ਕਿ ਉਹ ਆਮ ਆਦਮੀ ਪਾਰਟੀ ਵਿਚ ਚਲੇ ਗਏ। ਉਨ੍ਹਾਂ ਕਿਹਾ ਕਿ ਬਾਗੀ ਧੜਾ ਹੁਣ ਵੀ ਉਨ੍ਹਾਂ ਦੇ ਨਾਲ ਖੜ੍ਹੇ। ਉਨ੍ਹਾਂ ਦਾ ਮਤਬਲ ਸਿਰਫ ਸੁਰਜੀਤ ਕੌਰ ਦਾ ਤਮਾਸ਼ਾ ਬਣਾਉਣਾ ਸੀ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਰੇਲਵੇ ਸਟੇਸ਼ਨ ਤੋਂ 7 ਮਹੀਨਿਆਂ ਦੀ ਬੱਚੀ ਚੋਰੀ ਹੋਣ ਦੇ ਮਾਮਲੇ 'ਚ ਨਵਾਂ ਮੋੜ

ਡਾ. ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਰੀ ਸਥਿਤੀ ਸਮਝ ਕੇ ਜਥੇਬੰਦੀ ਦੀ ਰਾਏ ਦੇ ਨਾਲ ਕੰਮ ਕਰ ਰਿਹਾ ਸੀ ਤੇ ਬੜਾ ਵਧੀਆ ਫ਼ੈਸਲਾ ਕੀਤਾ ਸੀ ਕਿ ਇਹ ਹਲਕਾ ਲਗਾਤਾਰ ਭਾਜਪਾ ਕੋਲ ਰਹਿਣ ਕਾਰਨ ਉੱਥੇ ਸਾਡੀ ਜਥੇਬੰਦੀ ਨਹੀਂ ਸੀ ਤੇ ਇਸ ਲਈ ਇਸ ਇਸ ਚੋਣ ਵਿਚ ਬਹੁਜਨ ਸਮਾਜ ਪਾਰਟੀ ਦੀ ਹਮਾਇਤ ਕਰਨਾ ਚਾਹੁੰਦੇ ਸੀ। ਅਸੀਂ ਆਉਣ ਵਾਲੇ 2 ਸਾਲ ਡਟ ਕੇ ਕੰਮ ਕਰ ਕੇ ਤਕੜੇ ਹੋ ਕੇ ਇੱਥੇ ਚੋਣਾਂ ਲੜਣੀਆਂ ਚਾਹੁੰਦੇ ਸੀ। ਪਰ ਇਨ੍ਹਾਂ ਲੋਕਾਂ ਨੇ ਪਾਰਟੀ ਦਾ ਜਲੂਸ ਕੱਢਣ ਲਈ ਇਹ ਸਭ ਕੀਤਾ। ਪਾਰਟੀ ਨਾਲ ਜੁੜੇ ਇਕ ਪੁਰਾਣੇ ਪਰਿਵਾਰ ਨਾਲ ਇਸ ਤਰ੍ਹਾਂ ਦਾ ਕੋਝਾ ਮਜ਼ਾਕ ਕਰਨਾ ਬਹੁਤ ਮਾੜੀ ਗੱਲ ਸੀ, ਜਿਹੜੀ ਸਾਡੇ ਸਾਥੀਆਂ ਨੇ ਕੀਤੀ ਹੈ। ਇਸ ਦਾ ਨਤੀਜਾ ਅੱਜ ਸਾਰਿਆਂ ਦੇ ਸਾਹਮਣੇ ਹੈ। 

ਜ਼ਿਕਰਯੋਗ ਹੈ ਕਿ ਅਕਾਲੀ ਦਲ ਵੱਲੋਂ ਪਹਿਲਾਂ ਜਲੰਧਰ ਵੈਸਟ ਜ਼ਿਮਨੀ ਚੋਣ ਨਾ ਲੜਣ ਦੀਆਂ ਚਰਚਾਵਾਂ ਸਨ। ਫ਼ਿਰ ਪਾਰਟੀ ਵੱਲੋਂ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਕੇ ਉੱਥੋਂ ਉਮੀਦਵਾਰ ਲੱਭਣ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮਗਰੋਂ ਪਾਰਟੀ ਨੇ ਸੁਰਜੀਤ ਕੌਰ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਪਰ ਇਸ ਤੋਂ ਕੁਝ ਦਿਨ ਬਾਅਦ ਬੀਬੀ ਜਗੀਰ ਕੌਰ (ਜੋ ਇਸ ਚਾਰ ਮੈਂਬਰੀ ਕਮੇਟੀ ਦਾ ਵੀ ਹਿੱਸਾ ਸਨ) ਸਮੇਤ ਕਈ ਲੀਡਰਾਂ ਵੱਲੋਂ ਪਾਰਟੀ ਖ਼ਿਲਾਫ਼ ਬਗਾਵਤ ਕਰ ਦਿੱਤੀ ਗਈ ਤੇ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਦੀ ਮੰਗ ਰੱਖੀ ਗਈ। ਇਸ ਵਿਚਾਲੇ ਅਕਾਲੀ ਦਲ ਨੇ ਸੁਰਜੀਤ ਕੌਰ ਤੋਂ ਪਾਸਾ ਵੱਟ ਲਿਆ ਤੇ ਬਸਪਾ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀ, ਪਰ ਉਦੋਂ ਤਕ ਚੋਣ ਕਮਿਸ਼ਨ ਵੱਲੋਂ ਸੁਰਜੀਤ ਕੌਰ ਨੂੰ ਚੋਣ ਨਿਸ਼ਾਨ ਤੱਕੜੀ ਅਲਾਟ ਕਰ ਦਿੱਤਾ ਗਿਆ ਸੀ। ਫ਼ਿਰ ਵੀ ਅਕਾਲੀ ਦਲ ਵੱਲੋਂ ਬਸਪਾ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਸਭ ਮਗਰੋਂ ਹੁਣ ਚੋਣਾਂ ਤੋਂ ਕੁਝ ਦਿਨ ਪਹਿਲਾਂ ਸੁਰਜੀਤ ਕੌਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News