SAD ਲੀਗਲ ਵਿੰਗ ਦੇ ਪ੍ਰਧਾਨ ਦਾ ਬਿਆਨ- ''ਲਿਖੀ-ਲਿਖਾਈ ਸਕ੍ਰਿਪਟ ਬੋਲ ਕੇ ਬੁਟੇਰਲਾ ਨੇ ਕੀਤੀ ਸਿਆਸੀ ਖ਼ੁਦਕੁਸ਼ੀ''
Wednesday, May 08, 2024 - 01:12 AM (IST)
ਚੰਡੀਗੜ੍ਹ (ਨਵਿੰਦਰ) : ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਵਿੰਗ ਦੇ ਪ੍ਰਧਾਨ ਤੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਚੰਡੀਗੜ੍ਹ ’ਚ ਅਕਾਲੀ ਦਲ ਇਕਜੁੱਟ ਹੋਣ ਦਾ ਦਾਅਵਾ ਕਰਦਿਆਂ ਪਾਰਟੀ ਦੀ ਟਿਕਟ ਵਾਪਸ ਕਰ ਕੇ ਅਸਤੀਫ਼ਾ ਦੇਣ ਵਾਲੇ ਹਰਦੀਪ ਸਿੰਘ ਬੁਟੇਰਲਾ ’ਤੇ ਨਿਸ਼ਾਨਾ ਸਾਧਿਆ ਹੈ।
ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਬੁਟੇਰਲਾ ਨੇ ਪਾਰਟੀ ਦੀ ਟਿਕਟ ਵਾਪਸ ਕਰ ਕੇ ਚੰਡੀਗੜ੍ਹ ਦੇ ਲੋਕਾਂ ਨੂੰ ਮਾਯੂਸ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਬੋਲੀ ਹਰਦੀਪ ਸਿੰਘ ਬੁਟੇਰਲਾ ਨੇ ਮੀਡੀਆ ’ਚ ਬੋਲੀ ਹੈ, ਉਹ ਸਿਰਫ਼ ਉਨ੍ਹਾਂ ਕੋਲ ਇੱਕ ਲਿਖੀ-ਲਿਖਾਈ ਸਕ੍ਰਿਪਟ ਸੀ। ਜਿਸ ਤਰ੍ਹਾਂ ਦਾ ਪੂਰੇ ਦੇਸ਼ ’ਚ ਸਰਕਾਰਾਂ ਤੋੜਨ ਤੇ ਖੇਤਰੀ ਪਾਰਟੀਆਂ ਨੂੰ ਤੋੜਨ ਦਾ ਮਾਹੌਲ ਪਿਛਲੇ ਦਿਨਾਂ ’ਚ ਸਿਰਜਿਆ ਗਿਆ ਹੈ, ਉਸੇ ਤਰਜ਼ ’ਤੇ ਚੰਡੀਗੜ੍ਹ ’ਚ ਵੀ ਲੋਕਤੰਤਰ ਦੇ ਕਤਲ ਦਾ ਤਾਂਡਵ ਦੇਖਿਆ ਗਿਆ ਹੈ।
ਇਹ ਵੀ ਪੜ੍ਹੋ- ਫਰਜ਼ੀ ਬੈਂਕ ਮੁਲਾਜ਼ਮ ਬਣ ਕੇ ਕਰਦੇ ਸੀ ਲੋਕਾਂ ਨਾਲ ਠੱਗੀ, ਪੁਲਸ ਨੇ ਇੰਝ ਕੀਤੇ ਕਾਬੂ
ਉਨ੍ਹਾਂ ਕਿਹਾ ਕਿ ਪਾਰਟੀ ਨੂੰ ਕੋਈ ਲੰਬਾ ਚੌੜਾ ਫ਼ਰਕ ਨਹੀਂ ਪੈਂਦਾ ਸਗੋਂ ਇਹ ਤਾਂ ਹਰਦੀਪ ਸਿੰਘ ਬੁਟੇਰਲਾ ਨੇ ਆਪਣੀ ਸਿਆਸੀ ਖ਼ੁਦਕੁਸ਼ੀ ਕੀਤੀ ਕਿਉਂਕਿ ਪਾਰਟੀ ਤੋਂ ਵੱਡਾ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੁੰਦਾ। ਬੁਟਰੇਲਾ ਅੱਜ ਜੋ ਵੀ ਹਨ, ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਹਨ ਕਿਉਂਕਿ ਪਾਰਟੀ ਨੇ ਲਗਾਤਾਰ ਪਰਿਵਾਰ ’ਤੇ ਭਰੋਸਾ ਕੀਤਾ ਤੇ ਪਰਿਵਾਰ ਦੇ ਤਿੰਨ ਮੈਂਬਰ ਪੰਜ ਵਾਰ ਦੇ ਕੌਂਸਲਰ ਬਣੇ, ਜਿਸ ਤੋਂ ਬਾਅਦ ਪਾਰਟੀ ਪ੍ਰਧਾਨ ਨੇ ਸਿੱਧਾ ਉਨ੍ਹਾਂ ਨੂੰ ਐੱਮ.ਪੀ. ਦੀ ਟਿਕਟ ਦਿੱਤੀ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗਏ ਹਨ, ਉਹ ਸਿਰਫ਼ ਚਾਰ ਵਿਅਕਤੀਆਂ ਦੀ ਇੱਕ ਨਿੱਜੀ ਟੀਮ ਸੀ। ਇਸ ਮੌਕੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਹ ਗੱਲ ਕਹਿਣੀ ਕਿ ਪਾਰਟੀ ਨੇ ਮੇਰਾ ਸਾਥ ਨਹੀਂ ਦਿੱਤਾ, ਗ਼ਲਤ ਹੈ। ਜਿਹੜੀ ਪਾਰਟੀ ਨੇ ਤੁਹਾਨੂੰ ਇੱਕ ਵਰਕਰ ਤੋਂ ਐੱਮ.ਪੀ. ਦੀ ਟਿਕਟ ਦਿੱਤੀ, ਉਹ ਪਾਰਟੀ ਤੁਹਾਡਾ ਹੋਰ ਕੀ ਸਾਥ ਦੇਵੇ ? ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਹਰ ਤਰ੍ਹਾਂ ਦੀ ਮਦਦ ਬੁਟੇਰਲਾ ਨੂੰ ਦਿੱਤੀ ਜਾ ਰਹੀ ਸੀ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਲਗਾਤਾਰ ਉਨ੍ਹਾਂ ਦੇ ਨਾਲ ਖੜ੍ਹੇ ਸਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨਿਟ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਇੱਕਜੁੱਟ ਹੋ ਕੇ ਖੜ੍ਹਾ ਹੈ।
ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਵੱਡਾ ਝਟਕਾ, ਲੋਕ ਸਭਾ ਉਮੀਦਵਾਰ ਨੇ ਚੋਣ ਲੜਨ ਤੋਂ ਕੀਤਾ ਇਨਕਾਰ, ਟਿਕਟ ਵੀ ਕੀਤੀ ਵਾਪਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e