ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਸਾਹਮਣੇ ਪੇਸ਼ ਹੋਏ ਸਾਬਕਾ ਆਈ. ਜੀ. ਰਣਬੀਰ ਸਿੰਘ ਖੱਟੜਾ
Tuesday, Jul 23, 2024 - 05:32 PM (IST)
ਪਟਿਆਲਾ : ਬਰਗਾੜੀ ਬੇਅਦਬੀ ਮਾਮਲੇ 'ਚ ਜਾਂਚ ਕਰ ਚੁੱਕੀ ਐੱਸ. ਆਈ. ਟੀ ਦੇ ਸੇਵਾ ਮੁਕਤ ਆਈ. ਜੀ. ਰਣਬੀਰ ਸਿੰਘ ਖਟੜਾ ਅੱਜ ਸਿੱਟ ਸਾਹਮਣੇ ਪੇਸ਼ ਹੋਏ ਹਨ। ਮਾਮਲਾ ਬਰਗਾੜੀ ਬੇਅਦਬੀ ਕਾਂਡ ਨਾਲ ਜੁੜਿਆ ਹੈ। ਸਾਲ 2015 'ਚ ਬੁਰਜ ਜਵਾਰਕੇ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਸੀ। ਇਸ ਮਾਮਲੇ ਉਸ ਸਮੇਂ 'ਚ ਜਾਂਚ ਲਈ 5 ਮੈਂਬਰੀ ਸਿੱਟ ਬਣਾਈ ਗਈ ਸੀ ਅਤੇ ਸਿੱਟ ਦੇ ਮੁਖੀ ਰਣਬੀਰ ਸਿੰਘ ਖੱਟੜਾ ਸਨ। ਜਾਂਚ ਤੋਂ ਬਾਅਦ ਸਿੱਟ ਵੱਲੋਂ ਬਰਗਾੜੀ ਕਾਂਡ ਦੇ ਦੋਸ਼ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਦੀ ਨਾਭਾ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਗਿਆ ਸੀ ਪਰ 2019 'ਚ ਨਾਭਾ ਜੇਲ੍ਹ 'ਚ ਮਹਿੰਦਰਪਾਲ ਬਿੱਟੂ ਦਾ ਕਤਲ ਹੋ ਗਿਆ ਸੀ।
ਇਹ ਵੀ ਪੜ੍ਹੋ : ਮਾਝੇ-ਦੁਆਬੇ ਲਈ CM ਮਾਨ ਨੇ ਕੀਤਾ ਵੱਡਾ ਐਲਾਨ, ਪੋਸਟ ਪਾ ਕੇ ਦਿੱਤੀ ਜਾਣਕਾਰੀ
ਬਿੱਟੂ ਦੀ ਪਤਨੀ ਵੱਲੋ ਹਾਈਕੋਰਟ ਵਿਚ ਜਾਂਚ ਲਈ ਅਪੀਲ ਦਾਇਰ ਕੀਤੀ ਗਈ ਸੀ ਪਰ ਹੁਣ ਇਸ ਮਾਮਲੇ ਵਿਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਹਿੰਦਰ ਪਾਲ ਸਿੰਘ ਬਿੱਟੂ ਦੀ ਪਤਨੀ ਵੱਲੋਂ ਦਾਇਰ ਕੀਤੀ ਪਟੀਸ਼ਨ 'ਤੇ ਫੈਸਲਾ ਸੁਣਾਉਂਦਿਆਂ ਨਵੀਂ ਸਿੱਟ ਜਾਂਚ ਲਈ ਬਣਾ ਦਿੱਤੀ। ਬਿੱਟੂ ਦੀ ਮੌਤ ਦੇ ਮਾਮਲੇ 'ਚ ਨਵੀਂ ਬਣੀ ਸਿੱਟ 'ਚ ਏ. ਡੀ. ਜੀ. ਪੀ. ਏ. ਐੱਸ. ਰਾਏ, ਡੀ. ਐੱਸ. ਪੀ ਨਾਭਾ, ਐੱਸ. ਐੱਚ. ਓ ਸ਼ਾਮਲ ਹੈ। ਹੁਣ ਨਵੀਂ ਸਿੱਟ ਵੱਲੋਂ ਪੁਰਾਣੀ ਸਿੱਟ ਦੇ ਮੁੱਖੀ ਰਣਬੀਰ ਸਿੰਘ ਖੱਟੜਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।