ਸਚਿਨ ਪਾਇਲਟ ਦੇ ਆਉਣ ਨਾਲ ਪੰਜਾਬ ਕਾਂਗਰਸ ’ਚ ਨਵੀਂ ਉਮੀਦ ਜਾਗੀ : ਚਰਨਜੀਤ ਚੰਨੀ
Wednesday, Sep 09, 2026 - 04:56 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਵਜੋਂ ਸਚਿਨ ਪਾਇਲਟ ਦੀ ਨਿਯੁਕਤੀ ਤੋਂ ਬਾਅਦ ਪੰਜਾਬ ਕਾਂਗਰਸ ਦੀ ਸਿਆਸਤ 'ਚ ਸਰਗਰਮੀ ਤੇਜ਼ ਹੋ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਲਗਾਤਾਰ ਦਿੱਲੀ ਪਹੁੰਚ ਕੇ ਨਵੇਂ ਇੰਚਾਰਜ ਨਾਲ ਮੁਲਾਕਾਤਾਂ ਕਰ ਰਹੇ ਹਨ। ਇਸੇ ਕੜੀ ਤਹਿਤ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਪੰਜਾਬ ਕਾਂਗਰਸ ਦੇ ਕਈ ਆਗੂਆਂ ਦੀਆਂ ਸਚਿਨ ਪਾਇਲਟ ਨਾਲ ਮੁਲਾਕਾਤਾਂ ਹੋਈਆਂ ਹਨ। ਗੁਰਦਾਸਪੁਰ ਤੋਂ ਕਾਂਗਰਸ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਸਚਿਨ ਪਾਇਲਟ ਨੂੰ ਮਿਲਣ ਦਿੱਲੀ ਪਹੁੰਚੇ। ਸਾਹਮਣੇ ਆਈ ਤਸਵੀਰ 'ਚ ਪਾਹੜਾ ਸਚਿਨ ਪਾਇਲਟ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਨਜ਼ਰ ਆ ਰਹੇ ਹਨ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਨਵੇਂ ਇੰਚਾਰਜ ਨਾਲ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਨੂੰ ਪਾਰਟੀ ਅੰਦਰ ਨਵੇਂ ਸਿਆਸੀ ਦੌਰ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਸਚਿਨ ਪਾਇਲਟ ਦੀ ਨਿਯੁਕਤੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਵੱਡੇ ਚਿਹਰਿਆਂ ਦਾ ਦਿੱਲੀ ਪਹੁੰਚਣਾ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਹਾਈਕਮਾਨ ਪੰਜਾਬ ਇਕਾਈ ਨੂੰ ਮਜ਼ਬੂਤ ਅਤੇ ਇਕਜੁੱਟ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ। ਇਸ ਤੋਂ ਪਹਿਲਾਂ ਵੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕੁਲਬੀਰ ਸਿੰਘ ਜ਼ੀਰਾ ਸਮੇਤ ਕਈ ਆਗੂ ਦਿੱਲੀ ਪਹੁੰਚ ਕੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਰੀ-ਚੈਕਿੰਗ ਲਈ ਜਾਰੀ ਕੀਤਾ ਨਵਾਂ ਸ਼ਡਿਊਲ
ਸਚਿਨ ਪਾਇਲਟ ਨਾਲ ਹੋਈ ਮੁਲਾਕਾਤ ਸਬੰਧੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪਾਇਲਟ ਦੇ ਆਉਣ ਨਾਲ ਪੰਜਾਬ ਕਾਂਗਰਸ ਦੇ ਵਰਕਰਾਂ 'ਚ ਨਵੀਂ ਉਮੀਦ ਜਾਗੀ ਹੈ। ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਇੱਕ ਚੰਗੇ ਆਗੂ ਹਨ ਅਤੇ ਉਨ੍ਹਾਂ 'ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਹੈ। ਚੰਨੀ ਮੁਤਾਬਕ ਨਵੇਂ ਇੰਚਾਰਜ ਦੀ ਨਿਯੁਕਤੀ ਨਾਲ ਪਾਰਟੀ ਵਰਕਰਾਂ 'ਚ ਜੋਸ਼ ਅਤੇ ਊਰਜਾ ਪੈਦਾ ਹੋਈ ਹੈ। ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕ ਸਚਿਨ ਪਾਇਲਟ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਇਲਟ ਦੇ ਆਉਣ ਨਾਲ ਪੰਜਾਬ ਕਾਂਗਰਸ 'ਚ ਇੱਕ ਨਵੀਂ ਉਮੀਦ ਪੈਦਾ ਹੋਈ ਹੈ ਅਤੇ ਆਉਣ ਵਾਲੇ ਸਮੇਂ 'ਚ ਪਾਰਟੀ ਨੂੰ ਇਸ ਦਾ ਸਿਆਸੀ ਲਾਭ ਮਿਲ ਸਕਦਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਚਿਨ ਪਾਇਲਟ ਪੰਜਾਬ ਕਾਂਗਰਸ ਲਈ ਇੱਕ ਵਧੀਆ ਸਿਸਟਮ ਅਤੇ ਮਜ਼ਬੂਤ ਲੀਡਰਸ਼ਿਪ ਤਿਆਰ ਕਰਨ ਵਿੱਚ ਭੂਮਿਕਾ ਨਿਭਾਉਣਗੇ। ਚੰਨੀ ਨੇ ਕਿਹਾ ਕਿ ਕਾਂਗਰਸ ਦਾ ਟੀਚਾ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਨੂੰ ਇੱਕ ਚੰਗੀ ਸਰਕਾਰ ਦੇਣ ਦੇ ਯੋਗ ਬਣਨਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਪਵੇਗਾ। ਉਨ੍ਹਾਂ ਮੁਤਾਬਕ ਸਿਰਫ਼ ਕਿਸੇ ਇੱਕ ਆਗੂ ਦੀ ਨਿਯੁਕਤੀ ਨਾਲ ਨਹੀਂ, ਸਗੋਂ ਪੂਰੀ ਲੀਡਰਸ਼ਿਪ ਅਤੇ ਵਰਕਰਾਂ ਦੀ ਇਕਜੁੱਟਤਾ ਨਾਲ ਹੀ ਕਾਂਗਰਸ ਪੰਜਾਬ 'ਚ ਮਜ਼ਬੂਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਬਿਜਲੀ ਦੇ ਲੰਬੇ ਕੱਟਾਂ ਤੋਂ ਮਿਲੀ ਰਾਹਤ, ਪਾਵਰਕਾਮ ਨੇ ਬਦਲੇ ਕਈ ਟਰਾਂਸਫਾਰਮਰ ਤੇ ਗਰਿੱਡ
ਪੀ. ਸੀ. ਸੀ. ਪ੍ਰਧਾਨ ਬਦਲਣ ਦਾ ਫ਼ੈਸਲਾ ਹਾਈਕਮਾਨ ਦਾ
ਪੰਜਾਬ ਕਾਂਗਰਸ ਪ੍ਰਧਾਨ ਨੂੰ ਲੈ ਕੇ ਚੱਲ ਰਹੀ ਚਰਚਾ ਬਾਰੇ ਪੁੱਛੇ ਜਾਣ ’ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਹ ਫ਼ੈਸਲਾ ਪਾਰਟੀ ਹਾਈਕਮਾਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਕਿਸ ਨੂੰ ਪ੍ਰਧਾਨ ਬਣਾਉਣਾ ਹੈ, ਕਿਸ ਨੂੰ ਇੰਚਾਰਜ ਰੱਖਣਾ ਹੈ, ਕਿਸ ਨੂੰ ਬਦਲਣਾ ਹੈ ਜਾਂ ਕਿਸੇ ਅਹੁਦੇ ’ਤੇ ਕਾਇਮ ਰੱਖਣਾ ਹੈ-ਇਹ ਸਾਰੇ ਫੈਸਲੇ ਪਾਰਟੀ ਹਾਈਕਮਾਨ ਵੱਲੋਂ ਕੀਤੇ ਜਾਂਦੇ ਹਨ। ਚੰਨੀ ਨੇ ਕਿਹਾ ਕਿ ਪੀ. ਸੀ. ਸੀ. ਪ੍ਰਧਾਨ ਜਾਂ ਇੰਚਾਰਜ ਨੂੰ ਲੈ ਕੇ ਚੱਲ ਰਹੀ ਚਰਚਾ ਪਾਰਟੀ ਦੇ ਹਿੱਤ ਵਿੱਚ ਨਹੀਂ ਹੈ। ਕਾਂਗਰਸ ਹਾਈਕਮਾਨ ਜੋ ਵੀ ਫ਼ੈਸਲਾ ਕਰੇਗੀ, ਪੰਜਾਬ ਦੇ ਆਗੂ ਉਸ ਨੂੰ ਮੰਨਣਗੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਹੁਣ ਅੰਦਰੂਨੀ ਮਸਲਿਆਂ ਦੀ ਬਜਾਏ ਪੰਜਾਬ ਦੇ ਲੋਕਾਂ ਦੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
‘ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੇ ਹਨ ਪਾਇਲਟ’
ਸਚਿਨ ਪਾਇਲਟ ਦੀ ਕਾਰਜਸ਼ੈਲੀ ਬਾਰੇ ਚੰਨੀ ਨੇ ਕਿਹਾ ਕਿ ਉਹ ਇੱਕ ਚੰਗੇ ਆਗੂ ਹਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਮੇਤ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਜੋ ਵੀ ਦਿਸ਼ਾ-ਨਿਰਦੇਸ਼ ਮਿਲਣਗੇ, ਪੰਜਾਬ ਕਾਂਗਰਸ ਦੇ ਆਗੂ ਉਨ੍ਹਾਂ ’ਤੇ ਅਮਲ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਪਾਰਟੀ ਨੂੰ ਮਜ਼ਬੂਤ ਕਰਨਾ ਅਤੇ ਵਰਕਰਾਂ ਵਿੱਚ ਭਰੋਸਾ ਪੈਦਾ ਕਰਨਾ ਹੈ। ਸਚਿਨ ਪਾਇਲਟ ਦੇ ਆਉਣ ਨਾਲ ਜੇਕਰ ਪਾਰਟੀ ਦੇ ਵੱਖ-ਵੱਖ ਧੜਿਆਂ ਅਤੇ ਆਗੂਆਂ ਨੂੰ ਇੱਕ ਮੰਚ ’ਤੇ ਲਿਆਉਣ ਦੀ ਕੋਸ਼ਿਸ਼ ਸਫਲ ਹੁੰਦੀ ਹੈ ਤਾਂ ਕਾਂਗਰਸ ਲਈ ਆਉਣ ਵਾਲੀਆਂ ਚੋਣਾਂ ਵਿੱਚ ਇਹ ਇੱਕ ਵੱਡਾ ਫ਼ਾਇਦਾ ਹੋ ਸਕਦਾ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਦਾ ਲਗਾਤਾਰ ਦਿੱਲੀ ਪਹੁੰਚਣਾ ਸਿਆਸੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹੁਣ ਨਜ਼ਰ ਇਸ ਗੱਲ ’ਤੇ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਚਿਨ ਪਾਇਲਟ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਕਿਸ ਤਰ੍ਹਾਂ ਸੰਭਾਲਦੇ ਹਨ ਅਤੇ ਵੱਖ-ਵੱਖ ਧੜਿਆਂ ਨੂੰ ਇਕੱਠਾ ਕਰਕੇ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਿਸ ਤਰ੍ਹਾਂ ਤਿਆਰ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
