ਜਲੰਧਰ: ਸਚਿਨ ਜੈਨ ਕਤਲ ਮਾਮਲੇ 'ਚ ਸਾਹਮਣੇ ਆਈ CCTV ਫੁਟੇਜ, ਹੋਏ ਕਈ ਅਹਿਮ ਖੁਲਾਸੇ

Saturday, Jul 24, 2021 - 02:07 PM (IST)

ਜਲੰਧਰ: ਸਚਿਨ ਜੈਨ ਕਤਲ ਮਾਮਲੇ 'ਚ ਸਾਹਮਣੇ ਆਈ CCTV ਫੁਟੇਜ, ਹੋਏ ਕਈ ਅਹਿਮ ਖੁਲਾਸੇ

ਜਲੰਧਰ (ਵਰੁਣ)– ਜੈਨ ਕਰਿਆਨਾ ਸਟੋਰ ਨੂੰ ਨਿਸ਼ਾਨਾ ਬਣਾਉਣ ਦੇ ਪਿੱਛੇ ਸੜਕ ਦਾ ਰਾਤ ਸਮੇਂ ਸੁੰਨਾ ਹੋਣਾ ਹੀ ਸਾਹਮਣੇ ਆਇਆ ਹੈ। ਜਿਸ ਜਗ੍ਹਾ ’ਤੇ ਸਚਿਨ ਜੈਨ ਦੀ ਦੁਕਾਨ ਹੈ, ਉਸ ਦੇ ਆਲੇ-ਦੁਆਲੇ ਵਧੇਰੇ ਦੁਕਾਨਾਂ ਬਿਲਡਿੰਗ ਮੈਟੀਰੀਅਲ ਦੀਆਂ ਹਨ, ਜਿਹੜੀਆਂ ਸ਼ਾਮੀਂ 7.30 ਤੋਂ ਲੈ ਕੇ 8 ਵਜੇ ਤੱਕ ਬੰਦ ਹੋ ਜਾਂਦੀਆਂ ਹਨ। ਇਕੱਲਾ ਜੈਨ ਕਰਿਆਨਾ ਸਟੋਰ ਹੀ ਰਾਤੀਂ 9 ਵਜੇ ਜਾਂ ਫਿਰ ਗਾਹਕ ਹੋਣ ’ਤੇ 9.30 ਵਜੇ ਤੱਕ ਬੰਦ ਹੁੰਦਾ ਸੀ। ਸਚਿਨ ਜੈਨ ਦੀ ਮੌਤ ਤੋਂ ਬਾਅਦ ਇਕ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਲੁਟੇਰਿਆਂ ਨੇ ਵਾਰਦਾਤ ਕਰਨ ਤੋਂ ਪਹਿਲਾਂ ਮੌਕੇ ’ਤੇ ਹੀ ਪਲਾਨਿੰਗ ਕੀਤੀ ਸੀ।

19 ਜੁਲਾਈ ਦੀ ਰਾਤ 9 ਵੱਜ ਕੇ 1 ਮਿੰਟ ’ਤੇ ਜਦੋਂ ਸਚਿਨ ਆਪਣੀ ਦੁਕਾਨ ਵਿਚ ਸੀ ਤਾਂ ਉਸ ਦੀ ਨੇੜਲੀ ਸੀਮੈਂਟ ਵਾਲੀ ਦੁਕਾਨ ਦੇ ਬਾਹਰ ਮਾਸਕ ਪਹਿਨੀ 2 ਲੁਟੇਰੇ ਪਹਿਲਾਂ ਹੀ ਖੜ੍ਹੇ ਸਨ। ਕੁਝ ਸਕਿੰਟਾਂ ਬਾਅਦ ਉਨ੍ਹਾਂ ਨੂੰ ਸਾਹਮਣਿਓਂ ਆਏ ਤੀਜੇ ਲੁਟੇਰੇ ਨੇ ਇਸ਼ਾਰਾ ਕੀਤਾ, ਜਿਸ ਤੋਂ ਬਾਅਦ ਤਿੰਨੋਂ ਲੁਟੇਰੇ ਇਕਦਮ ਦੁਕਾਨ ਵਿਚ ਦਾਖ਼ਲ ਹੋ ਗਏ। 2 ਲੁਟੇਰੇ ਮੋਟਰਸਾਈਕਲ ’ਤੇ ਕੁਝ ਦੂਰੀ ’ਤੇ ਖੜ੍ਹੇ ਸਨ। ਉਸ ਸਮੇਂ ਸਚਿਨ ਦੁਕਾਨ ਦੇ ਅੰਦਰ ਸਾਮਾਨ ਇਕੱਠਾ ਕਰ ਰਿਹਾ ਸੀ। ਜਿਉਂ ਹੀ ਸਚਿਨ ਨੂੰ ਲੁਟੇਰਿਆਂ ਦੇ ਮਨਸੂਬੇ ਦਾ ਪਤਾ ਲੱਗਾ ਤਾਂ ਉਸ ਨੇ ਤਿੰਨਾਂ ਲੁਟੇਰਿਆਂ ਨੂੰ ਇਕੱਠਾ ਦੁਕਾਨ ਵਿਚੋਂ ਬਾਹਰ ਵੱਲ ਧੱਕਾ ਮਾਰਿਆ। 

ਇਹ ਵੀ ਪੜ੍ਹੋ: ਸਿੱਧੂ ਦੀ ਪ੍ਰਧਾਨਗੀ ਤੋਂ ਬਾਅਦ ਹਰੀਸ਼ ਰਾਵਤ ਹੁਣ ਜਾਣਗੇ ਉਤਰਾਖੰਡ, ਪੰਜਾਬ ’ਚ ਬਣੇਗਾ ਨਵਾਂ ਮੁਖੀ

PunjabKesari

ਇਸੇ ਦੌਰਾਨ ਇਕ ਲੁਟੇਰੇ ਨੇ ਫਾਇਰ ਕਰ ਦਿੱਤਾ, ਜਿਹੜਾ ਸਚਿਨ ਦੇ ਢਿੱਡ ਵਿਚ ਲੱਗਾ। ਲੁਟੇਰਿਆਂ ਨੂੰ ਧੱਕਦਾ ਹੋਇਆ ਵੀ ਸਚਿਨ ਰੌਲਾ ਪਾਉਂਦਾ ਰਿਹਾ ਅਤੇ ਗੋਲੀ ਲੱਗਣ ਦੇ ਬਾਵਜੂਦ ਉਸ ਨੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਬਾਅਦ ਵਿਚ ਦੁਕਾਨ ਦੇ ਬਾਹਰ ਆ ਕੇ ਸੜਕ ’ਚ ਡਿੱਗ ਗਿਆ। ਦੁਕਾਨ ਦੇ ਅੰਦਰ ਦਾਖ਼ਲ ਹੋਣ ਅਤੇ ਗੋਲੀ ਚਲਾ ਕੇ ਭੱਜਣ ਵਿਚ ਲੁਟੇਰਿਆਂ ਨੂੰ ਸਿਰਫ਼ 7 ਸਕਿੰਟ ਲੱਗੇ। ਗੋਲੀ ਮਾਰਨ ਤੋਂ ਬਾਅਦ ਵੱਡਾ ਪ੍ਰੀਤ ਅਤੇ ਸਾਹਿਲ ਇਕ ਮੋਟਰਸਾਈਕਲ ’ਤੇ ਫਰਾਰ ਹੋ ਗਏ ਅਤੇ ਬਾਕੀ ਦੇ ਲੁਟੇਰੇ ਦੂਜੇ ਮੋਟਰਸਾਈਕਲ ’ਤੇ। ਜਿਸ ਜਗ੍ਹਾ ਸਚਿਨ ਦੀ ਦੁਕਾਨ ਹੈ, ਉਸ ਤੋਂ ਕੁਝ ਹੀ ਦੂਰੀ ’ਤੇ ਲਗਭਗ ਡੇਢ ਮਹੀਨਾ ਪਹਿਲਾਂ ਵੀ ਗੋਲੀ ਚੱਲੀ ਸੀ। ਇਮੀਗ੍ਰੇਸ਼ਨ ਦੇ ਦਫਤਰ ਦੀ ਤੀਜੀ ਮੰਜ਼ਿਲ ਦੀ ਖਿੜਕੀ ’ਤੇ ਗੋਲੀ ਵੱਜੀ ਸੀ, ਹਾਲਾਂਕਿ ਪੁਲਸ ਨੇ ਇਸ ਮਾਮਲੇ ਵਿਚ ਗੋਲੀ ਚਲਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਆਲੇ-ਦੁਆਲੇ ਦੇ ਲੋਕਾਂ ਦੀ ਮੰਨੀਏ ਤਾਂ ਉਕਤ ਸੜਕ ’ਤੇ ਅਕਸਰ ਲੁੱਟ-ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ।

8 ਵਜੇ ਤੋਂ ਬਾਅਦ ਸੁੰਨੀ ਹੋ ਜਾਂਦੀ ਹੈ ਸੜਕ
ਜੈਨ ਕਰਿਆਨਾ ਸਟੋਰ ਅਤੇ ਆਲੇ-ਦੁਆਲੇ ਦੇ ਦੁਕਾਨਦਾਰਾਂ ਦੀ ਮੰਨੀਏ ਤਾਂ ਉਕਤ ਸੜਕ 8 ਵਜੇ ਤੋਂ ਬਾਅਦ ਸੁੰਨੀ ਹੋ ਜਾਂਦੀ ਹੈ। ਟੁੱਟੀਆਂ ਸੜਕਾਂ ਅਤੇ ਰਾਤ ਦੇ ਘੁੱਪ ਹਨੇਰੇ ਕਾਰਨ ਉਥੇ ਆਵਾਜਾਈ ਬਹੁਤ ਘੱਟ ਹੁੰਦੀ ਹੈ। ਇਕੱਲਾ ਸਚਿਨ ਦਾ ਕਰਿਆਨਾ ਸਟੋਰ ਹੀ ਖੁੱਲ੍ਹਾ ਰਹਿੰਦਾ ਸੀ ਕਿਉਂਕਿ ਨੇੜੇ ਰਿਹਾਇਸ਼ੀ ਇਲਾਕਾ ਹੋਣ ਕਾਰਨ ਕਰਿਆਨਾ ਸਟੋਰ ਵਿਚ 9 ਵਜੇ ਤੱਕ ਵੀ ਆਲੇ-ਦੁਆਲੇ ਦੇ ਲੋਕ ਸਾਮਾਨ ਖਰੀਦਣ ਆਉਂਦੇ-ਰਹਿੰਦੇ ਸਨ। ਜਿਸ ਸਮੇਂ ਲੁਟੇਰੇ ਸਚਿਨ ਦੀ ਦੁਕਾਨ ਵਿਚ ਦਾਖਲ ਹੋਏ, ਉਦੋਂ ਵੀ ਸਾਰੀਆਂ ਦੁਕਾਨਾਂ ਬੰਦ ਹੀ ਸਨ। ਸਾਹਿਲ ਨੂੰ ਛੱਡ ਕੇ ਸਾਰੇ ਮੁਲਜ਼ਮ ਕ੍ਰਿਮੀਨਲ, ਉਨ੍ਹਾਂ ’ਤੇ ਕੇਸ ਦਰਜ ਹਨ, ਫਿਰ ਵੀ ਖੁੱਲ੍ਹੇਆਮ ਘੁੰਮ ਰਹੇ ਹਨ।

ਇਹ ਵੀ ਪੜ੍ਹੋ: ਮੋਗਾ ਬੱਸ ਹਾਦਸੇ ਦੇ ਪੀੜਤ ਦਾ ਨਵਜੋਤ ਸਿੰਘ ਸਿੱਧੂ ਨੇ ਡੀ. ਐੱਮ. ਸੀ. ਪਹੁੰਚ ਜਾਣਿਆ ਹਾਲ

PunjabKesari

ਅਪਰਾਧੀਆਂ ਦਾ ਸਾਫਟ ਟਾਰਗੈੱਟ ਬਣਦਾ ਜਾ ਰਿਹੈ ਨਾਰਥ ਹਲਕਾ, ਇਹ ਹੋਈਆਂ ਵਾਰਦਾਤਾਂ
5 ਜੂਨ : ਆਨੰਦ ਨਗਰ ਵਾਸੀ ਦੂਰਦਰਸ਼ਨ ਦੇ ਸਾਬਕਾ ਕਰਮਚਾਰੀ ਨੂੰ ਸ਼ੱਕੀ ਹਾਲਾਤ ਵਿਚ ਗੋਲੀ ਲੱਗੀ। ਅਜੇ ਤੱਕ ਮਾਮਲਾ ਅਨਟਰੇਸ ਹੈ।
7 ਜੂਨ : ਸੰਤੋਖਪੁਰਾ ਵਿਚ ਦਿਨ-ਦਿਹਾੜੇ ਇਲੈਕਟ੍ਰਾਨਿਕਸ ਦੀ ਦੁਕਾਨ ਵਿਚੋਂ ਨਕਦੀ ਚੋਰੀ।
7 ਜੂਨ : ਕਰੋਲ ਬਾਗ ਵਿਚ ਮਹਿਲਾ ਕਾਂਗਰਸੀ ਆਗੂ ਦੇ ਘਰ ’ਤੇ ਹਮਲਾ ਕਰ ਕੇ ਭੰਨ-ਤੋੜ।
1 ਜੁਲਾਈ : ਪਠਾਨਕੋਟ ਰੋਡ ’ਤੇ ਇਕ ਗੱਡੀ ਦਾ ਸ਼ੀਸ਼ਾ ਤੋੜ ਕੇ 4 ਲੱਖ ਰੁਪਏ ਕੀਤੇ ਚੋਰੀ। ਇਸ ਮਾਮਲੇ ਵਿਚ ਪੁਲਸ ਨੇ ਸ਼ਿਕਾਇਤ ਨਾ ਆਉਣ ਦਾ ਤਰਕ ਦਿੱਤਾ ਸੀ।
7 ਜੁਲਾਈ : ਨਿਊ ਰਵਿਦਾਸ ਨਗਰ ਵਿਚ ਇਕ ਹੀ ਔਰਤ ਦੇ ਘਰ ਵਿਚੋਂ ਗਹਿਣੇ ਅਤੇ ਨਕਦੀ ਚੋਰੀ।
14 ਜੁਲਾਈ : ਰਾਮ ਨਗਰ ਵਿਚ ਦਿਨ-ਦਿਹਾੜੇ ਸਾਬਕਾ ਬੈਂਕ ਮੈਨੇਜਰ ਦੇ ਘਰ ਵਿਚੋਂ ਸੋਨੇ ਦੇ ਗਹਿਣੇ ਅਤੇ ਇਕ ਲੱਖ ਰੁਪਏ ਦੀ ਨਕਦੀ ਚੋਰੀ।
15 ਜੁਲਾਈ : ਰੇਰੂ ਪਿੰਡ ਵਿਚ ਵਿਆਹ ਸਮਾਰੋਹ ਤੋਂ ਇਕ ਦਿਨ ਪਹਿਲਾਂ ਜਾਗੋ ’ਤੇ ਹਮਲਾ
17 ਜੁਲਾਈ : ਪਠਾਨਕੋਟ ਰੋਡ ’ਤੇ ਨਿਰਮਾਣ ਅਧੀਨ ਇਮਾਰਤ ਵਿਚ ਮਜ਼ਦੂਰ ਦੀ ਬੇਰਹਿਮੀ ਨਾਲ ਹੱਤਿਆ। ਇਹ ਮਾਮਲਾ ਪੁਲਸ ਨੇ ਅਗਲੇ ਹੀ ਦਿਨ ਟਰੇਸ ਕਰ ਲਿਆ ਸੀ।
18 ਜੁਲਾਈ : ਕਾਲੀਆ ਕਾਲੋਨੀ ਵਿਚ ਇਕ ਹਫਤੇ ਤੋਂ ਲਗਾਤਾਰ ਇਲਾਕੇ ਵਿਚ ਦਾਖਲ ਹੋ ਰਹੇ ਚੋਰਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਖੁਦ ਹੀ ਅਲਰਟ ਹੋਣ ਲਈ ਸੋਸਾਇਟੀ ਦੇ ਲੋਕਾਂ ਨੂੰ ਕਿਹਾ।
18 ਜੁਲਾਈ : ਗੁੱਜਾਪੀਰ ਰੋਡ ’ਤੇ ਇਕ ਮਜ਼ਦੂਰ ਅਤੇ ਪੈਦਲ ਜਾ ਰਹੀ ਲੜਕੀ ਕੋਲੋਂ ਦਿਨ-ਦਿਹਾੜੇ ਮੋਬਾਇਲ ਝਪਟੇ।
18 ਜੁਲਾਈ : ਦਿਨ-ਦਿਹਾੜੇ ਲੰਮਾ ਪਿੰਡ ਚੌਕ ਵਿਚ ਇਕ ਐਕਟਿਵਾ ਸਵਾਰ ਔਰਤ ਦਾ ਪਰਸ ਝਪਟਿਆ।
22 ਜੁਲਾਈ : ਸ਼ਿਵ ਨਗਰ ਵਿਚ ਮਾਮੂਲੀ ਝਗੜੇ ਕਾਰਨ ਕੁਝ ਨੌਜਵਾਨਾਂ ਨੇ ਘਰ ’ਤੇ ਹਮਲਾ ਕੀਤਾ ਅਤੇ ਭੰਨ-ਤੋੜ ਵੀ ਕੀਤੀ।

ਇਹ ਵੀ ਪੜ੍ਹੋ: ਸਚਿਨ ਜੈਨ ਦੇ ਕਤਲ ਮਾਮਲੇ 'ਚ ਸਾਹਮਣੇ ਆਇਆ ਛੋਟਾ ਭਰਾ, ਹਸਪਤਾਲਾਂ ਦੀਆਂ ਪਰਤਾਂ ਖੋਲ੍ਹਦਿਆਂ ਬਿਆਨ ਕੀਤਾ ਦਰਦ

‘ਸਚਿਨ ਦਾ ਇਲਾਜ ਨਾ ਕਰਨ ਵਾਲੇ ਨਿੱਜੀ ਹਸਪਤਾਲਾਂ ਦੇ ਲਾਇਸੈਂਸ ਰੱਦ ਕਰੇ ਪ੍ਰਸ਼ਾਸਨ’
ਸਚਿਨ ਜੈਨ ਦਾ ਇਲਾਜ ਨਾ ਕਰਨ ਵਾਲੇ ਨਿੱਜੀ ਹਸਪਤਾਲਾਂ ਦੀ ਗੈਰ-ਜ਼ਿੰਮੇਵਾਰਾਨਾ ਕਾਰਗੁਜ਼ਾਰੀ ਖ਼ਿਲਾਫ਼ ਅੱਜ ਭਾਜਪਾ ਦੇ ਸਕੱਤਰ ਅਤੇ ਸਵਾਮੀ ਵਿਵੇਕਾਨੰਦ ਸਮ੍ਰਿਤੀ ਮੰਚ ਦੇ ਮੁਖੀ ਵਰੁਣ ਕੰਬੋਜ ਹਨੀ ਨੇ ਸਹਿਯੋਗੀ ਸੰਸਥਾਵਾਂ ਦੇ ਨਾਲ ਏ. ਡੀ. ਸੀ. ਰਣਦੀਪ ਸਿੰਘ ਗਿੱਲ ਨੂੰ ਸ਼ਿਕਾਇਤ ਦਿੱਤੀ। ਭਾਜਪਾ ਆਗੂ ਹਨੀ ਕੰਬੋਜ ਨੇ ਏ. ਡੀ. ਸੀ. ਗਿੱਲ ਨੂੰ ਮਾਮਲੇ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਪ੍ਰਸਿੱਧ ਪ੍ਰਾਈਵੇਟ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਣਦੇਖੀ ਕਾਰਨ ਹੀ ਜ਼ਖ਼ਮੀ ਸਚਿਨ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਰੋਂਦਿਆਂ ਛੱਡ ਕੇ ਦੁਨੀਆ ਤੋਂ ਰੁਖ਼ਸਤ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਮੈਨੇਜਮੈਂਟ ਆਪਣਾ ਧਰਮ ਨਿਭਾਉਣ ਨੂੰ ਤਰਜੀਹ ਦਿੰਦੇ ਤਾਂ ਸ਼ਾਇਦ ਸਮੇਂ ’ਤੇ ਮਿਲਦੀ ਮੈਡੀਕਲ ਸਹਾਇਤਾ ਸਦਕਾ ਸਚਿਨ ਬਚ ਜਾਂਦਾ। ਕੰਬੋਜ ਨੇ ਏ. ਡੀ. ਸੀ. ਗਿੱਲ ਨੂੰ ਲੋਕਹਿੱਤ ਵਿਚ ਇਸ ਮਾਮਲੇ ’ਤੇ ਹਸਪਤਾਲਾਂ ਦੀਆਂ ਮੈਨੇਜਮੈਂਟਾਂ ’ਤੇ ਤੁਰੰਤ ਐੱਫ. ਆਈ. ਆਰ. ਦਰਜ ਕਰ ਕੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੁਨੀਲ ਕਪੂਰ, ਸੰਜੇ ਕਪੂਰ, ਸੋਨੂੰ ਸਹਿਗਲ, ਭਰਤ ਸਿੱਕਾ ਆਦਿ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਟਾਂਡਾ ਦੀ ਵਿਆਹੁਤਾ ਦਾ ਕੈਨੇਡਾ 'ਚ ਕਤਲ ਕਰਨ ਵਾਲੇ ਪਤੀ ਨੇ ਨਦੀ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News